ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਨੀਂਹ-ਪੱਥਰ 5 ਮਾਰਚ 1892 ਨੂੰ ਰੱਖਿਆ ਗਿਆ। ਇਹ ਨੀਂਹ-ਪੱਥਰ ਅੱਜ ਵੀ ਕੈਂਪਸ ਵਿਚ ਮੌਜੂਦ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰ ਵੇਖਿਆ ਜਾ ਸਕਦਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸ਼ੁਰੂਆਤ ਮਿਡਲ ਸਕੂਲ ਦੇ ਰੂਪ ਵਿਚ 22 ਅਕਤੂਬਰ 1892 ਐਤਵਾਰ ਨੂੰ ਇਕ ਧਾਰਮਿਕ ਸਮਾਰੋਹ ਨਾਲ ਹੋਈ ਸੀ।

ਕਿਤਾਬਾਂ ਵਿਚ ਦਰਜ ਇਤਿਹਾਸ ਭਾਵੇਂ ਪਹਿਲੀ ਨਜ਼ਰੇ ਵਰਕਿਆਂ ਉੱਤੇ ਉੱਕਰੀਆਂ ਤਰੀਕਾਂ, ਨਾਵਾਂ ਤੇ ਥਾਵਾਂ ਦਾ ਨਿਰਜੀਵ ਦਸਤਾਵੇਜ਼ ਲੱਗਦਾ ਹੈ ਪਰ ਇਤਿਹਾਸ ਦੇ ਸੁਨਹਿਰੀ ਪੰਨੇ ਜਦੋਂ ਪ੍ਰਤੱਖ ਰੂਪ ’ਚ ਨੰਗੀਆਂ ਅੱਖਾਂ ਦੇ ਸਾਹਮਣੇ ਖੜ੍ਹੇ ਆਪਣੀ ਗਵਾਹੀ ਆਪ ਭਰਦੇ ਹਨ ਤਾਂ ਉਨ੍ਹਾਂ ਵਿਚ ਧਕੜਣ ਆਪ-ਮੁਹਾਰੇ ਸੁਣਾਈ ਦੇਣ ਲੱਗਦੀ ਹੈ।
ਖ਼ਾਲਸਾ ਕਾਲਜ ਅੰਮ੍ਰਿਸਤਰ ਪੰਜਾਬ ਦੀ ਉਸੇ ਜਿਉਂਦੀ-ਜਾਗਦੀ ਵਿਰਾਸਤ ਦਾ ਰੋਸ਼ਨ ਮੀਨਾਰ ਹੈ। ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਕਾਲਜ ਦੀ ਸ਼ਾਨਾਂਮੱਤੀ ਇਮਾਰਤ ਅਤੇ ਇਸ ਦੇ ਅੰਦਰ ਸਵਾ-ਸਦੀ ਤੋਂ ਵੱਧ ਤੋਂ ਚੱਲਦੀਆਂ ਆ ਰਹੀਆਂ ਕਦਰਾਂ-ਕੀਮਤਾਂ ਦੀ ਗੁੜ੍ਹਤੀ ਇਸ ਦੇ ਸਜੀਵ ਇਤਿਹਾਸ ਹੋਣ ਦੀ ਗਵਾਹੀ ਭਰਦੀਆਂ ਹਨ।
ਅੱਜ ਜਦੋਂ ਅਸੀਂ ਖ਼ਾਲਸਾ ਕਾਲਜ ਦੀ ਵਿਸ਼ਾਲ ਵਿਰਾਸਤੀ ਇਮਾਰਤ ਨੂੰ ਦੇਖਦੇ ਹਾਂ ਤਾਂ ਅਸੀਂ ਇਸ ਦੇ ਇਤਿਹਾਸ ਨੂੰ ਸਿਰਫ਼ ਭਵਨ ਉਸਾਰੀ ਤੱਕ ਸੀਮਤ ਕਰ ਦਿੰਦੇ ਹਾਂ। ਦਰਅਸਲ, 22 ਫਰਵਰੀ 1890-ਖ਼ਾਲਸਾ ਕਾਲਜ ਸਥਾਪਨਾ ਕਮੇਟੀ ਦੀ ਸਥਾਪਨਾ ਤੋਂ ਲੈ ਕੇ 5 ਮਾਰਚ 1892 ਨੂੰ ਨੀਂਹ ਪੱਥਰ ਰੱਖਣ ਤੱਕ, ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਤਸੱਵੁਰ ਤੋਂ ਤਾਮੀਰ ਹੋਣ ਤੱਕ ਦਾ ਇਤਿਹਾਸ ਆਪਣੇ-ਆਪ ਵਿਚ ਪੰਜਾਬ ਦੀ ਧਰਤੀ ਉੱਤੇ ਇਕ ਨਵੇਂ ਇਤਿਹਾਸ ਦੇ ਪਰਤ-ਦਰ-ਪਰਤ ਉਸਰਨ ਦੀ ਗਾਥਾ ਹੈ।
ਇਸ ਘਟਨਾ ਤੋਂ ਤਾਂ ਸਾਰੇ ਭਲੀ-ਭਾਂਤ ਵਾਕਿਫ਼ ਹਨ ਕਿ ਜਦੋਂ ਚਾਰ ਬੱਚਿਆਂ (ਆਇਆ ਸਿੰਘ, ਸਾਧੂ ਸਿੰਘ, ਅਤਰ ਸਿੰਘ, ਸੰਤੋਖ ਸਿੰਘ) ਨੇ ਈਸਾਈ ਮਿਸ਼ਨਰੀ ਸਕੂਲ ਦੇ ਪ੍ਰਭਾਵ ਅਧੀਨ ਧਰਮ ਪਰਿਵਰਤਨ ਕੀਤਾ ਤਾਂ ਇਸ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ।
ਉਸੇ ਸਕੂਲ ਦੇ ਵਿਦਿਆਰਥੀ ਭਾਈ ਵੀਰ ਨੇ ਪ੍ਰੇਰਿਤ ਕਰਕੇ ਉਨ੍ਹਾਂ ਚਾਰਾਂ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ। ਇਸ ਘਟਨਾ ਤੋਂ ਬਾਅਦ ਹੀ 30 ਜੁਲਾਈ 1875 ਨੂੰ ਸਿੰਘ ਸਭਾ ਲਹਿਰ ਦੀ ਸਥਾਪਨਾ ਹੋਈ ਤੇ ਆਧੁਨਿਕ ਸਿੱਖਿਆ ਦੀ ਤਰਜ਼ ’ਤੇ ਖ਼ਾਲਸਾ ਵਿੱਦਿਆਕ ਅਦਾਰਿਆਂ ਦੀ ਸ਼ੁਰੂਆਤ ਦਾ ਮੁੱਢ ਬੱਝਾ। ਸਿੱਖ ਰਾਜ ਦੇ ਅੰਤ ਅਤੇ ਅੰਗਰੇਜ਼ੀ ਰਾਜ ਦੀ ਆਮਦ ਤੋਂ ਬਾਅਦ ਇਹ ਉਹ ਮੋੜ ਸੀ ਜਿੱਥੇ ਨਵੀਂ ਭੂਗੋਲਿਕ-ਸਿਆਸਤ ਦੇ ਮਾਹੌਲ ਵਿਚ ਕੌਮ ਨੇ ਆਪਣੀ ਹੋਂਦ ਤੇ ਹੋਣੀ ਦਾ ਖ਼ਾਕਾ ਘੜਨਾ ਸੀ।
ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਨੀਂਹ-ਪੱਥਰ 5 ਮਾਰਚ 1892 ਨੂੰ ਰੱਖਿਆ ਗਿਆ। ਇਹ ਨੀਂਹ-ਪੱਥਰ ਅੱਜ ਵੀ ਕੈਂਪਸ ਵਿਚ ਮੌਜੂਦ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰ ਵੇਖਿਆ ਜਾ ਸਕਦਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸ਼ੁਰੂਆਤ ਮਿਡਲ ਸਕੂਲ ਦੇ ਰੂਪ ਵਿਚ 22 ਅਕਤੂਬਰ 1892 ਐਤਵਾਰ ਨੂੰ ਇਕ ਧਾਰਮਿਕ ਸਮਾਰੋਹ ਨਾਲ ਹੋਈ ਸੀ। ਤੇਈ ਅਕਤੂਬਰ 1893 ਨੂੰ ਦਾਖ਼ਲਾ ਸ਼ੁਰੂ ਹੋਇਆ ਤਾਂ ਦਾਖ਼ਲਾ ਲੈਣ ਵਾਲਾ ਪਹਿਲਾ ਵਿਦਿਆਰਥੀ ਬੇਦੀ ਈਸ਼ਰ ਸਿੰਘ ਸ਼ਾਹੂਕਾਰ ਦਾ ਸਾਢੇ ਅੱਠ ਸਾਲ ਦਾ ਬੇਟਾ ਕਰਤਾਰ ਸਿੰਘ ਪਹਿਲਾ ਵਿਦਿਆਰਥੀ ਸੀ।
ਪਹਿਲੇ ਦਿਨ ਨੌਂ ਵਿਦਿਆਰਥੀਆਂ ਨੇ ਦਾਖ਼ਲੇ ਲਏ ਸਨ। ਜ਼ਿਲ੍ਹਾ ਗੁਰਦਾਸਪੁਰ ਦੇ ਬਹਿਰਾਮਪੁਰ ਵਾਸੀ ਮਜ਼ਦੂਰ ਹੀਰਾ ਲਾਲ ਦਾ ਬੇਟਾ ਮਿਹਰ ਚੰਦ ਪਹਿਲੇ ਬੈਚ ਵਿਚ ਦਾਖ਼ਲ ਹੋਣ ਵਾਲਾ ਪਹਿਲਾ ਗ਼ੈਰ-ਸਿੱਖ ਵਿਦਿਆਰਥੀ ਸੀ। ਅੰਮ੍ਰਿਤਸਰ ਵਿਚ ਰਹਿੰਦੇ ਕਸ਼ਮੀਰੀ ਵਲੀ ਮੁਹੰਮਦ ਦਾ 7 ਸਾਲਾਂ ਦਾ ਬੇਟਾ ਅਬਦੁੱਲਾ 2 ਨਵੰਬਰ 1893 ਨੂੰ 40ਵੇਂ ਨੰਬਰ ’ਤੇ ਦਾਖ਼ਲ ਹੋਣ ਵਾਲਾ ਪਹਿਲਾ ਮੁਸਲਮਾਨ ਵਿਅਕਤੀ ਸੀ। ਭਾਈ ਮੋਹਨ ਸਿੰਘ ਸਕੂਲ ਦੇ ਪਹਿਲੇ ਹੈੱਡ-ਮਾਸਟਰ ਸਨ। ਆਪਣੀ ਸ਼ੁਰੂਆਤ ਦੇ ਪਹਿਲੇ ਦਿਨ ਤੋਂ ਲੈ ਕੇ 134 ਸਾਲਾਂ ਬਾਅਦ ਤੱਕ, ਅੱਜ ਵੀ ਕਾਲਜ ਸਭ ਨੂੰ ਨਾਲ ਲੈ ਕੇ ਉੱਚੀਆਂ ਮੰਜ਼ਿਲਾਂ ਸਰ ਕਰਦਾ ਜਾ ਰਿਹਾ ਹੈ।
ਇਹ ਨਹੀਂ ਹੈ ਕਿ ਇਹ ਵਿੱਦਿਅਕ ਅਦਾਰਾ ਸਿਰਫ਼ ਆਪਣੇ ਇਤਿਹਾਸ ਕਰਕੇ ਜਾਣਿਆ ਜਾਂਦਾ ਹੈ। ਕਾਲਜ ਦੀ ਸਰਪ੍ਰਸਤ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਤੇ ਕਾਲਜ ਦਾ ਸਮੁੱਚਾ ਪ੍ਰਬੰਧਕੀ ਤੇ ਵਿੱਦਿਅਕ ਅਮਲਾ ਵਰਤਮਾਨ ਵਿਚ ਲਗਾਤਾਰ ਆਪਣੇ ਇਤਿਹਾਸ ਦੀ ਸ਼ਾਨ ਨੂੰ ਕਾਇਮ ਰੱਖਦਾ ਹੋਇਆ ਆਪਣੇ ਸਮੇਂ ਦਾ ਨਵਾਂ ਇਤਿਹਾਸ ਸਿਰਜ ਰਿਹਾ ਹੈ। ਅੱਜ ਕਾਲਜ ’ਚ ਦਾਖ਼ਲਿਆਂ ਦੀ ਗਿਣਤੀ 10 ਹਜ਼ਾਰ ਵਿਦਿਆਰਥੀਆ ਦਾ ਅੰਕੜਾ ਪਾਰ ਚੁੱਕੀ ਹੈ।
ਕਾਲਜ ਦੇ ਮੈਦਾਨਾਂ ’ਚ ਅਭਿਆਸ ਕਰ ਰਹੀਆਂ 38 ਖੇਡ ਟੀਮਾਂ ਨੇ ਦੇਸ਼-ਦੁਨੀਆ ਦੇ ਖੇਡ ਮੁਕਾਬਲਿਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਸਾਲ 2023-24 ਵਿਚ ਕਾਲਜ ਦੇ ਖਿਡਾਰੀ ਕੌਮਾਂਤਰੀ ਮੁਕਾਬਲਿਆਂ ਲਈ 12 ਦੇਸ਼ਾਂ ਵਿਚ ਖੇਡਣ ਗਏ। ਇਸ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਦਿਆਂ 02 ਸੋਨ, 05 ਚਾਂਦੀ ਅਤੇ 04 ਕਾਂਸੀ ਦੇ ਤਗਮੇ ਜਿੱਤੇ। ਕਾਲਜ ਦੇ 122 ਖਿਡਾਰੀਆਂ ਨੇ ਕੌਮੀ ਅਤੇ ਸਰਬ-ਭਾਰਤੀ ਯੂਨੀਵਰਸਿਟੀ ਮੁਕਾਬਲਿਆਂ ਵਿਚ ਆਪੋ-ਆਪਣੀ ਖੇਡ ਦਾ ਲੋਹਾ ਮਨਵਾ ਕੇ 36 ਸੋਨੇ, 27 ਚਾਂਦੀ ਅਤੇ 21 ਕਾਂਸੀ ਦੇ ਮੈਡਲ ਜਿੱਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਟੂਰਨਾਮੈਂਟ ਵਿਚ 43 ਵੱਖ-ਵੱਖ ਖੇਡਾਂ ਵਿਚ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਕਾਲਜ ਨੇ 22 ਯੂਨੀਵਰਸਿਟੀ ਚੈਂਪੀਅਨਸ਼ਿਪਾਂ ਜਿੱਤੀਆਂ, 12 ਰਨਰਅੱਪ ਅਤੇ 3 ਸੈਕਿੰਡ ਰਨਰਅੱਪ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ।
ਸੈਸ਼ਨ 2023-24 ਦੌਰਾਨ ਕਾਲਜ ਨੇ ਸੱਭਿਆਚਾਰਕ ਗਤੀਵਿਧੀਆ ਵਿਚ ਯੂਨੀਵਰਸਿਟੀ ਦੇ ਜ਼ੋਨਲ ਮੁਕਾਬਲਿਆਂ ਵਿਚ 36 ਤੇ ਇੰਟਰ-ਜ਼ੋਨਲ ਮੁਕਾਬਲਿਆਂ ਵਿਚ 31 ਪੁਜ਼ੀਸਨਾਂ ਹਾਸਲ ਕੀਤੀਆਂ। ਕਾਲਜ ਨੇ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਵਿਚ ਓਵਰਆਲ ਚੈਂਪੀਅਨਸ਼ਿਪ ਜਿੱਤੀ। ਪੰਜਾਬ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਦੌਰਾਨ ਕਾਲਜ ਨੇ 27 ਈਵੈਂਟਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਅਤੇ ਕਾਲਜ ਦੀਆਂ ਵੱਖ-ਵੱਖ ਟੀਮਾਂ ਸ਼ਬਦ ਗਾਇਨ, ਲੋਕ ਸਾਜ਼, ਲੋਕ ਗੀਤ ਅਤੇ ਝੁੰਮਰ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਛੀਨਾ ਦੀ ਸਰਪ੍ਰਸਤੀ ਅਤੇ ਸਾਲ ਪਹਿਲਾਂ ਨਿਯੁਕਤ ਹੋਏ ਪ੍ਰਿੰਸੀਪਲ ਡਾ. ਆਤਮ ਰੰਧਾਵਾ ਦੀ ਦੂਰ-ਦਰਸ਼ੀ ਦ੍ਰਿਸ਼ਟੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਸਹਿਚਾਰ ਭਰਪੂਰ ਅੰਦਾਜ਼ ਨਾਲ ਕਾਲਜ ਵਿੱਦਿਅਕ ਮਾਨਤਾਵਾਂ ਦੇ ਦਰਜਿਆਂ ਵਿਚ ਲਗਾਤਾਰ ਨਵੇਂ ਦਿਸਹੱਦੇ ਛੂਹ ਰਿਹਾ ਹੈ।
ਪੰਜ ਸਾਲਾਂ ਬਾਅਦ ਹੋਣ ਵਾਲੀ ਪਤੜਾਲ ਤੋਂ ਬਾਅਦ ਕਾਲਜ ਨੂੰ ਨੈਕ ਵੱਲੋਂ ਏ ਪਲੱਸ ਗ੍ਰੇਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਕਾਲਜ ਦੇ ਖੇਤੀਬਾੜੀ ਵਿਭਾਗ ਨੂੰ ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਨਵੀਂ ਦਿੱਲੀ ਅਤੇ ਖੇਤੀ ਸਿੱਖਿਆ ਦੀ ਪੰਜਾਬ ਸੂਬਾ ਕੌਂਸਲ (ਪੀਐੱਸਸੀਏਈ) ਵੱਲੋਂ ਪ੍ਰਸ਼ੰਸਾਮਈ ਸ਼ਬਦਾਂ ਵਿਚ ਮਾਨਤਾ ਮਿਲੀ। ਕਾਲਜ ਐੱਨਈਆਰਐੱਫ ਵਿਚ 101-150 ਵਾਲੇ ਦਰਜੇ ਵਿਚ ਸ਼ਾਮਲ ਹੋ ਗਿਆ ਹੈ। ਜਦੋਂ ਅਸੀਂ ਖ਼ਾਲਸਾ ਕਾਲਜ ਦੇ 134ਵੇਂ ਸਥਾਪਨਾ ਦਿਵਸ ਉੱਤੇ ਇਸ ਦੇ ਇਤਿਹਾਸ ਤੋਂ ਵਰਤਮਾਨ ਵਿਚ ਬਣ ਰਹੇ ਇਤਿਹਾਸ ਤੱਕ ਦਾ ਸਫ਼ਰ ਕਰ ਰਹੇ ਹਾਂ ਤਾਂ ਉਨ੍ਹਾਂ ਹਸਤੀਆਂ ਨੂੰ ਯਾਦ ਕਰਨਾ ਬਣਦਾ ਹੈ ਜਿਨ੍ਹਾਂ ਦਾ ਪਸੀਨਾ ਇਸ ਦੀ ਮਿੱਟੀ ਨੂੰ ਸਿੰਜਦਾ ਰਿਹਾ ਹੈ। ਜੋ ਕੁਝ ਨਾਂ ਚੇਤੇ ਆਉਂਦੇ ਹਨ, ਉਨ੍ਹਾਂ ਵਿਚ ਮਸੂਦ ਮਿਨਹਾਸ ਦਾ ਨਾਂ ਵੀ ਹੈ ਜੋ 1932 ਵਿਚ ਲਾਸ ਏਂਜਲਸ ’ਚ ਹਾਕੀ ਖੇਡਣ ਗਿਆ।
ਬਲਬੀਰ ਸਿੰਘ ਕੁਲਾਰ ਨੇ ਓਲੰਪਿਕਸ ਵਿਚ 3 ਵਾਰ ਸੋਨੇ ਦੇ ਤਗਮੇ ਜਿੱਤੇ ਅਤੇ ਪਦਮਸ੍ਰੀ ਦਾ ਸਨਮਾਨ ਹਾਸਲ ਕੀਤਾ। ਅਰਸ਼ਦੀਪ ਸਿੰਘ ਭਾਰਤੀ ਫ਼ੌਜ ਵਿਚ ਮੇਜਰ ਬਣਿਆ। ਬਹਾਦੁਰ ਸਿੰਘ ਨੇ ਕੋਚ ਬਣ ਕੇ ਭਾਰਤ ਦੀਆਂ ਕਈ ਪੀੜ੍ਹੀਆਂ ਦੀ ਐਥਲੈਟਿਕਸ ਟੀਮਾਂ ਨੂੰ ਖੇਡਾਂ ਦੇ ਗੁਰ ਸਿਖਾਏ, ਪਦਮਸ੍ਰੀ ਤੋਂ ਲੈ ਕੇ ਖੇਡਾਂ ਦਾ ਮਾਣਮੱਤਾ ਸਨਮਾਨ ਦ੍ਰੋਣਾਚਾਰੀਆ ਐਵਾਰਡ ਹਾਸਲ ਕੀਤਾ।
ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕਰਨ ਵਾਲਾ ਪਹਿਲਾ ਸਿੱਖ ਖੱਬੂ ਸਪਿੰਨਰ ਬਿਸ਼ਨ ਸਿੰਘ ਬੇਦੀ ਵੀ ਯਾਦ ਆਉਂਦਾ ਹੈ। ਭਲਵਾਨ ਕਰਤਾਰ ਸਿੰਘ ਓਲੰਪਿਕ ਖੇਡਿਆ ਅਤੇ ਪੰਜਾਬ ਪੁਲਿਸ ਦਾ ਆਈਜੀ ਰਿਹਾ। ਪ੍ਰਵੀਨ ਕੁਮਾਰ ਨੇ ਦੋ ਵਾਰ ਓਲੰਪਿਕਸ ਵਿਚ ਨਾਂ ਚਮਕਾਇਆ। ਬਾਵਾ ਬਲਵੰਤ ਵਰਗੇ ਮਾਣਮੱਤੇ ਸਾਹਿਤਕਾਰ ਇਸ ਕਾਲਜ ਦਾ ਹਿੱਸੇ ਰਹੇ। ਪੰਜਾਬੀ ਸਾਹਿਤ ਤੇ ਆਲੋਚਨਾ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਇਸ ਕਾਲਜ ਦੇ ਪੰਜਾਬੀ ਅਧਿਐਨ ਸਕੂਲ ਦੇ ਪਹਿਲੇ ਮੁਖੀ ਰਹੇ। ਅੱਜ ਉਹੀ ਪੰਜਾਬੀ ਵਿਭਾਗ ਅੰਮ੍ਰਿਤਸਰ ਸਾਹਿਤ ਉਸਤਵ ਤੇ ਪੁਸਤਕ ਮੇਲੇ ਦੇ ਰੂਪ ’ਚ ਉਨ੍ਹਾਂ ਵੱਲੋਂ ਆਰੰਭੀ ਸਾਹਿਤਕ ਵਿਰਾਸਤ ਨੂੰ ਵਡੇਰੀਆਂ ਮੰਜ਼ਿਲਾਂ ਸਰ ਕਰਵਾ ਰਿਹਾ ਹੈ।
-ਦੀਪ ਜਗਦੀਪ ਸਿੰਘ
-(ਲੇਖਕ ਜਨਸੰਚਾਰ ਤੇ ਪੱਤਰਕਾਰੀ ਵਿਭਾਗ ਦਾ ਸਾਬਕਾ ਸਹਾਇਕ ਪ੍ਰੋਫੈਸਰ ਹੈ)।
-ਮੋਬਾਈਲ : 87279-87379