ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਗੁਜਰਾਤ ਟਾਈਟਨਸ (GT) ਨੇ ਰਾਜਸਥਾਨ ਰਾਇਲਜ਼ (RR) ਨੂੰ 77 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਰਾਜਸਥਾਨ ਦੇ ਸਟੈਂਡ-ਇਨ-ਕਪਤਾਨ ਯਸ਼ਸਵੀ ਜੈਸਵਾਲ ਨੇ ਇਸ ਵੱਡੀ ਹਾਰ ਤੋਂ ਬਾਅਦ ਆਪਣੀ ਟੀਮ ਦਾ ਬਚਾਅ ਕੀਤਾ ਹੈ।

ਜੈਸਵਾਲ ਨੇ ਮੰਨਿਆ ਕਿ ਗੁਜਰਾਤ ਦੇ ਬੱਲੇਬਾਜ਼ਾਂ ਨੂੰ ਰੋਕਣਾ ਮੁਸ਼ਕਲ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਹੀ ਏਰੀਆ ਵਿੱਚ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਬਹੁਤ ਵਧੀਆ ਬੱਲੇਬਾਜ਼ੀ ਕਰ ਰਹੇ ਸਨ। ਸਾਡਾ ਪੂਰਾ ਧਿਆਨ ਸਿਰਫ਼ ਬਾਊਂਡਰੀਆਂ ਰੋਕਣ 'ਤੇ ਸੀ।
ਦਰਅਸਲ, ਆਰਆਰ ਦੀ ਅਗਵਾਈ ਕਰ ਰਹੇ ਯਸ਼ਸਵੀ ਜੈਸਵਾਲ ਨੇ ਪਾਰੀ ਦੇ ਪਹਿਲੇ ਓਵਰ ਵਿੱਚ 18 ਦੌੜਾਂ ਲੁਟਾਉਣ ਵਾਲੇ ਜੋਫਰਾ ਆਰਚਰ ਦਾ ਬਚਾਅ ਕੀਤਾ ਅਤੇ ਕਿਹਾ ਕਿ ਇਹ ਕ੍ਰਿਕਟ ਦਾ ਹਿੱਸਾ ਹੈ। ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਤੁਸੀਂ ਆਪਣੀ ਯੋਜਨਾ ਦੇ ਮੁਤਾਬਕ ਗੇਂਦਬਾਜ਼ੀ ਨਹੀਂ ਕਰ ਪਾਉਂਦੇ। ਉਨ੍ਹਾਂ ਨੇ ਸਾਡੇ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਜ਼ੋਰਦਾਰ ਵਾਪਸੀ ਕਰਨਗੇ। ਅਸੀਂ ਹੁਣ ਇਹ ਦੇਖਾਂਗੇ ਕਿ ਕਿਹੜੇ ਖੇਤਰਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਇਸ ਮੈਚ ਤੋਂ ਸਬਕ ਲੈ ਕੇ ਅੱਗੇ ਵਧਾਂਗੇ।
ਨਾਂਦਰੇ ਬਰਗਰ ਨੂੰ ਬਾਹਰ ਰੱਖਣ ਦੇ ਸਵਾਲ 'ਤੇ ਜੈਸਵਾਲ ਨੇ ਬੜੀ ਸਾਦਗੀ ਨਾਲ ਜਵਾਬ ਦਿੱਤਾ ਅਤੇ ਕਿਹਾ ਕਿ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਧਿਆਨ ਸਿਰਫ਼ ਇਸ ਗੱਲ 'ਤੇ ਸੀ ਕਿ ਪਾਵਰਪਲੇਅ ਵਿੱਚ ਕਿਹੜਾ ਗੇਂਦਬਾਜ਼ ਬਿਹਤਰ ਓਵਰ ਪਾ ਸਕਦਾ ਹੈ।