ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਸੀਨੀਅਰ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਦਾ ਕਾਰਜਕਾਲ ਕੁਝ ਹੀ ਦਿਨਾਂ ਵਿੱਚ ਖਤਮ ਹੋਣ ਵਾਲਾ ਹੈ। ਅਗਰਕਰ ਦੇ ਰਹਿੰਦਿਆਂ ਭਾਰਤ ਨੇ ਤਿੰਨ ICC ਟਰਾਫੀਆਂ 'ਤੇ ਕਬਜ਼ਾ ਕੀਤਾ ਹੈ। ਅਜਿਹੇ 'ਚ ਉਨ੍ਹਾਂ ਦੇ ਕਾਰਜਕਾਲ ਨੂੰ ਵਧਾਉਣ ਬਾਰੇ ਵੀ ਗੱਲਾਂ ਹੋ ਰਹੀਆਂ ਹਨ। ਇਸ ਮਾਮਲੇ 'ਤੇ ਬੋਰਡ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਆਪਣੀ ਗੱਲ ਰੱਖੀ ਹੈ।

ਸ਼ੁਕਲਾ ਨੇ ਕੀਤਾ ਸਾਫ਼
ਬੀਸੀਸੀਆਈ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਅੰਗਰੇਜ਼ੀ ਅਖ਼ਬਾਰ 'ਟਾਈਮਜ਼ ਆਫ਼ ਇੰਡੀਆ' ਨੂੰ ਦਿੱਤੇ ਇੰਟਰਵਿਊ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਜੀਤ ਅਗਰਕਰ ਨੂੰ 2027 ਵਰਲਡ ਕੱਪ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣਾ ਚਾਹੀਦਾ ਹੈ ਜਾਂ ਨਹੀਂ? ਤਾਂ ਸ਼ੁਕਲਾ ਨੇ ਕਿਹਾ, "ਇਸ ਤਰ੍ਹਾਂ ਦੇ ਫੈਸਲੇ ਬੀਸੀਸੀਆਈ ਪ੍ਰਬੰਧਨ 'ਤੇ ਨਿਰਭਰ ਕਰਦੇ ਹਨ। ਇਹ ਅਜਿਹੇ ਫੈਸਲੇ ਹਨ ਜੋ ਭਾਰਤੀ ਕ੍ਰਿਕਟ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਸਮੇਂ 'ਤੇ ਲਏ ਜਾਂਦੇ ਹਨ। ਜਦੋਂ ਸਮਾਂ ਆਵੇਗਾ ਤਾਂ ਬੋਰਡ ਇਸ 'ਤੇ ਫੈਸਲਾ ਲਵੇਗਾ।"
ਭਾਰਤ ਦੀ ਸਫਲਤਾ ਦੇ ਖੋਲ੍ਹੇ ਰਾਜ਼
ਭਾਰਤ ਨੇ ਹਾਲ ਹੀ ਦੇ ਸਮੇਂ ਵਿੱਚ ਕਾਫੀ ਸਫਲਤਾ ਹਾਸਲ ਕੀਤੀ ਹੈ। ਟੀਮ ਇੰਡੀਆ ਤਿੰਨ ਸਾਲਾਂ ਦੇ ਅੰਦਰ ਤਿੰਨ ਆਈਸੀਸੀ ਟਰਾਫੀਆਂ ਜਿੱਤ ਚੁੱਕੀ ਹੈ ਅਤੇ ਇਸ ਸਮੇਂ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਉਸਦਾ ਕੋਈ ਸਾਨੀ ਨਜ਼ਰ ਨਹੀਂ ਆ ਰਿਹਾ। ਸ਼ੁਕਲਾ ਤੋਂ ਜਦੋਂ ਇਸ ਦੇ ਪਿੱਛੇ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਭਾਰਤੀ ਕ੍ਰਿਕਟ ਦੀ ਸਫਲਤਾ ਇੱਥੇ ਮੌਜੂਦ ਪ੍ਰਤਿਭਾ ਦੀ ਮਜ਼ਬੂਤੀ 'ਤੇ ਟਿਕੀ ਹੋਈ ਹੈ।
ਅੱਜ ਸਾਡੇ ਕੋਲ ਹਰ ਪੁਜੀਸ਼ਨ ਲਈ ਚਾਰ-ਪੰਜ ਇੱਕੋ ਜਿਹੀ ਪ੍ਰਤਿਭਾ ਵਾਲੇ ਵਿਕਲਪ ਮੌਜੂਦ ਹਨ, ਜੋ ਟੀਮ ਦੀ ਗਹਿਰਾਈ ਅਤੇ ਸਿਹਤਮੰਦ ਮੁਕਾਬਲੇ ਨੂੰ ਯਕੀਨੀ ਬਣਾਉਂਦੇ ਹਨ। ਜ਼ਮੀਨੀ ਪੱਧਰ 'ਤੇ ਖਿਡਾਰੀਆਂ ਦੇ ਵਿਕਾਸ ਨੂੰ ਲੈ ਕੇ ਸਾਡਾ ਫੋਕਸ ਕਾਫੀ ਮਜ਼ਬੂਤ ਹੈ।"
ਉਨ੍ਹਾਂ ਅੱਗੇ ਕਿਹਾ, "ਹਾਈ ਪਰਫਾਰਮੈਂਸ ਇਕੋਸਿਸਟਮ ਜਿਸ ਵਿੱਚ ਬੈਂਗਲੁਰੂ ਸਥਿਤ 'ਸੈਂਟਰ ਆਫ ਐਕਸੀਲੈਂਸ' ਵੀ ਸ਼ਾਮਲ ਹੈ, ਉਸ ਨੇ ਨਾ ਸਿਰਫ ਟ੍ਰੇਨਿੰਗ ਬਲਕਿ ਇੰਜਰੀ ਮੈਨੇਜਮੈਂਟ (ਸੱਟਾਂ ਦੇ ਪ੍ਰਬੰਧਨ) ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਆਈਪੀਐਲ ਅਤੇ ਡਬਲਯੂਪੀਐਲ ਵਰਗੇ ਪਲੇਟਫਾਰਮਾਂ ਨੇ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।"