ਆਈਪੀਐਲ 2026 ਦੇ 41ਵੇਂ ਮੈਚ ਵਿੱਚ 243 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਦੇ ਬਾਵਜੂਦ ਮੁੰਬਈ ਇੰਡੀਅਨਜ਼ ਨੂੰ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ 18.4 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ ਅਤੇ 6 ਵਿਕਟਾਂ ਨਾਲ ਇਹ ਮੈਚ ਆਪਣੇ ਨਾਮ ਕੀਤਾ। ਇਸ ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਐਮਆਈ ਦੇ ਕਪਤਾਨ ਹਾਰਦਿਕ ਪੰਡਯਾ ਨੇ ਇਹ ਸਵੀਕਾਰ ਕੀਤਾ ਕਿ ਇਸ ਸੀਜ਼ਨ ਵਿੱਚ ਉਨ੍ਹਾਂ ਦੀ ਟੀਮ ਕੋਲ ਹੁਣ ਜ਼ਿਆਦਾ ਵਿਕਲਪ ਨਹੀਂ ਬਚੇ ਹਨ।

ਦਰਅਸਲ, ਇਹ ਮੁੰਬਈ ਇੰਡੀਅਨਜ਼ ਦੀ ਮੌਜੂਦਾ ਸੀਜ਼ਨ ਦੀ ਛੇਵੀਂ ਹਾਰ ਸੀ, ਜਿਸ ਨੇ ਉਨ੍ਹਾਂ ਨੂੰ ਅੰਕ ਸੂਚੀ ਵਿੱਚ ਸਿਰਫ਼ ਚਾਰ ਅੰਕਾਂ ਦੇ ਨਾਲ 9ਵੇਂ ਸਥਾਨ 'ਤੇ ਧੱਕ ਦਿੱਤਾ ਹੈ।
ਸੀਜ਼ਨ ਦੌਰਾਨ ਟੀਮ ਦੇ ਸੰਘਰਸ਼ ਬਾਰੇ ਗੱਲ ਕਰਦਿਆਂ, ਪੰਡਯਾ ਨੇ MI ਦੇ ਪ੍ਰਸ਼ੰਸਕਾਂ ਨੂੰ ਵੀ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਟੀਮ ਨੇ ਉਨ੍ਹਾਂ ਨੂੰ ਸਮਰਥਨ ਕਰਨ ਦੇ ਉਨੇ ਮੌਕੇ ਨਹੀਂ ਦਿੱਤੇ ਹਨ। ਪ੍ਰਸ਼ੰਸਕਾਂ ਦੀ ਵਫ਼ਾਦਾਰੀ ਨੂੰ ਸਵੀਕਾਰ ਕਰਦੇ ਹੋਏ ਪੰਡਯਾ ਨੇ ਕਿਹਾ ਕਿ ਜਦੋਂ ਪ੍ਰਸ਼ੰਸਕ ਆਪਣੀ ਟੀਮ ਦੀ ਬਜਾਏ ਵਿਰੋਧੀ ਟੀਮ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਹਨ, ਤਾਂ "ਕਦੇ-ਕਦੇ ਇਹ ਦਰਦ ਦਿੰਦਾ ਹੈ।" ਹਾਲਾਂਕਿ, ਉਨ੍ਹਾਂ ਨੇ ਤੁਰੰਤ ਇਹ ਵੀ ਜੋੜਿਆ ਕਿ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦੀ ਵਜ੍ਹਾ ਦੇਣਾ ਟੀਮ ਦੀ ਜ਼ਿੰਮੇਵਾਰੀ ਹੈ।
243 ਦੌੜਾਂ ਦੇ ਸਕੋਰ ਦਾ ਬਚਾਅ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਜਦੋਂ ਪੰਡਯਾ ਨੂੰ ਪੁੱਛਿਆ ਗਿਆ ਕਿ ਉਹ ਆਪਣੀ ਗੇਂਦਬਾਜ਼ੀ ਵਿੱਚ ਕਿਵੇਂ ਸੁਧਾਰ ਕਰਨਗੇ, ਤਾਂ ਉਨ੍ਹਾਂ ਕਿਹਾ:
"ਮੈਨੂੰ ਲੱਗਦਾ ਹੈ ਕਿ ਇਸ ਸੀਜ਼ਨ ਵਿੱਚ ਸਾਡੇ ਕੋਲ ਬਹੁਤ ਵਿਕਲਪ ਨਹੀਂ ਹਨ, ਸਾਨੂੰ ਅਸਲ ਵਿੱਚ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਕੀ ਬਦਲਾਅ ਕਰ ਸਕਦੇ ਹਾਂ। ਮੈਂ ਆਪਣੇ ਗੇਂਦਬਾਜ਼ਾਂ ਨੂੰ ਇਕੱਲੇ ਜ਼ਿੰਮੇਵਾਰ ਨਹੀਂ ਠਹਿਰਾਵਾਂਗਾ। ਮੈਨੂੰ ਲੱਗਦਾ ਹੈ ਕਿ ਇੱਕ ਪੂਰੀ ਯੂਨਿਟ ਦੇ ਰੂਪ ਵਿੱਚ, ਅਸੀਂ ਉਹ ਪ੍ਰਦਰਸ਼ਨ ਨਹੀਂ ਕਰ ਸਕੇ ਜਿਸ ਲਈ ਮੁੰਬਈ ਇੰਡੀਅਨਜ਼ ਜਾਣੀ ਜਾਂਦੀ ਹੈ। ਸਾਨੂੰ ਅਸਲ ਵਿੱਚ ਇਹ ਦੇਖਣ ਦੀ ਲੋੜ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ 'ਤੇ ਕੰਮ ਕਰਨਾ ਹੈ।"
ਹਾਰਦਿਕ ਪੰਡਯਾ ਨੇ ਅੱਗੇ ਕਿਹਾ, "ਕਦੇ-ਕਦੇ ਦੁੱਖ ਹੁੰਦਾ ਹੈ ਜਦੋਂ ਵਿਰੋਧੀ ਟੀਮ ਆਉਂਦੀ ਹੈ ਅਤੇ ਲੋਕ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਪਰ ਸਾਨੂੰ ਸ਼ਾਇਦ ਉਨ੍ਹਾਂ ਨੂੰ (ਆਪਣੇ ਪ੍ਰਸ਼ੰਸਕਾਂ ਨੂੰ) ਹੋਰ ਜ਼ਿਆਦਾ ਮੌਕੇ ਦੇਣ ਦੀ ਲੋੜ ਹੈ।"
ਮੁੰਬਈ ਇੰਡੀਅਨਜ਼ ਦੇ ਕਪਤਾਨ ਨੇ ਕਿਹਾ ਕਿ ਫ੍ਰੈਂਚਾਈਜ਼ੀ ਮਾਲਕਾਂ ਅਤੇ ਸਪੋਰਟ ਸਟਾਫ ਦੇ ਲਗਾਤਾਰ ਸਹਿਯੋਗ ਨਾਲ ਟੀਮ ਇਸ ਸਥਿਤੀ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭ ਲਵੇਗੀ।
ਟ੍ਰੈਵਿਸ ਹੈੱਡ ਨੇ ਮੁੰਬਈ ਇੰਡੀਅਨਜ਼ ਨੂੰ ਇੱਕ ਵੱਡੀ DRS ਗਲਤੀ ਦੀ ਸਜ਼ਾ ਦਿੱਤੀ। ਖੱਬੇ ਹੱਥ ਦੇ ਓਪਨਰ ਹੈੱਡ ਜ਼ਬਰਦਸਤ ਫਾਰਮ ਵਿੱਚ ਨਜ਼ਰ ਆਏ। ਉਨ੍ਹਾਂ ਨੇ ਸਿਰਫ਼ 30 ਗੇਂਦਾਂ 'ਤੇ 76 ਦੌੜਾਂ ਠੋਕ ਦਿੱਤੀਆਂ, ਜਿਸ ਵਿੱਚ 4 ਚੌਕੇ ਅਤੇ 8 ਛੱਕੇ ਸ਼ਾਮਲ ਸਨ। ਹਾਲਾਂਕਿ, SRH ਦੀ ਪਾਰੀ ਦੇ ਤੀਜੇ ਓਵਰ ਵਿੱਚ ਹੀ ਉਹ ਆਊਟ ਹੋ ਸਕਦੇ ਸੀ, ਜੇਕਰ MI ਦੇ ਕਪਤਾਨ ਹਾਰਦਿਕ ਪੰਡਯਾ ਨੇ DRS ਲੈਣ ਦਾ ਫੈਸਲਾ ਕੀਤਾ ਹੁੰਦਾ।
ਟ੍ਰੈਂਟ ਬੋਲਟ ਨੇ ਆਫ ਸਟੰਪ ਤੋਂ ਬਾਹਰ ਗੇਂਦ ਸੁੱਟੀ ਅਤੇ ਹੈੱਡ ਨੇ ਉਸ ਨੂੰ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਬੀਟ ਹੋ ਗਏ। ਰਿਆਨ ਰਿਕੇਲਟਨ ਨੇ ਗੇਂਦ ਨੂੰ ਫੜਿਆ, ਪਰ ਕਿਸੇ ਨੇ ਵੀ ਅਪੀਲ ਜਾਂ ਰਿਵਿਊ ਵਿੱਚ ਦਿਲਚਸਪੀ ਨਹੀਂ ਦਿਖਾਈ, ਜਦਕਿ ਗੇਂਦ ਬੱਲੇ ਦੇ ਬਾਹਰੀ ਕਿਨਾਰੇ ਦੇ ਬਹੁਤ ਨੇੜਿਓਂ ਲੰਘੀ ਸੀ। ਪਰ ਰੀਪਲੇਅ ਵਿੱਚ ਸਾਫ਼ ਦਿਖਾਈ ਦਿੱਤਾ ਕਿ ਗੇਂਦ ਬੱਲੇ ਦੇ ਬਾਹਰੀ ਕਿਨਾਰੇ ਨੂੰ ਛੂਹ ਕੇ ਗਈ ਸੀ। ਜੇਕਰ ਰਿਵਿਊ ਲਿਆ ਜਾਂਦਾ ਤਾਂ ਹੈੱਡ ਦੀ ਵਿਕਟ ਡਿੱਗ ਜਾਣੀ ਸੀ ਅਤੇ ਉਸ ਸਮੇਂ ਸਕੋਰਬੋਰਡ 'ਤੇ 50 ਦੌੜਾਂ ਵੀ ਨਹੀਂ ਬਣੀਆਂ ਸਨ।
SRH ਦੇ ਬੱਲੇਬਾਜ਼ਾਂ ਨੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਦੀ ਰੱਜ ਕੇ ਕੁਟਾਈ ਕੀਤੀ, ਜਿਸ ਵਿੱਚ ਕਿਸੇ ਵੀ ਗੇਂਦਬਾਜ਼ ਨੇ ਪ੍ਰਤੀ ਓਵਰ 10 ਦੌੜਾਂ ਤੋਂ ਘੱਟ ਨਹੀਂ ਦਿੱਤੀਆਂ। ਖ਼ਾਸ ਤੌਰ 'ਤੇ, ਹਮੇਸ਼ਾ ਭਰੋਸੇਮੰਦ ਰਹਿਣ ਵਾਲੇ ਜਸਪ੍ਰੀਤ ਬੁਮਰਾਹ ਨੇ ਚਾਰ ਓਵਰਾਂ ਵਿੱਚ 54 ਦੌੜਾਂ ਖ਼ਰਚ ਕੀਤੀਆਂ, ਜਦਕਿ ਉਨ੍ਹਾਂ ਦੇ ਖਾਤੇ ਵਿੱਚ ਇੱਕ ਵੀ ਵਿਕਟ ਨਹੀਂ ਆਈ।
ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਰਿਆਨ ਰਿਕੇਲਟਨ ਦੀਆਂ 55 ਗੇਂਦਾਂ ਵਿੱਚ ਨਾਬਾਦ 123 ਦੌੜਾਂ ਦੀ ਪਾਰੀ ਸਦਕਾ 20 ਓਵਰਾਂ ਵਿੱਚ 243/5 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਹਾਲਾਂਕਿ, ਸਨਰਾਈਜ਼ਰਜ਼ ਹੈਦਰਾਬਾਦ ਨੇ ਟ੍ਰੈਵਿਸ ਹੈੱਡ (30 ਗੇਂਦਾਂ ਵਿੱਚ 76), ਹੇਨਰਿਕ ਕਲਾਸੇਨ (30 ਗੇਂਦਾਂ ਵਿੱਚ ਨਾਬਾਦ 65), ਅਭਿਸ਼ੇਕ ਸ਼ਰਮਾ (24 ਗੇਂਦਾਂ ਵਿੱਚ 45) ਅਤੇ ਸਲਿਲ ਅਰੋੜਾ (10 ਗੇਂਦਾਂ ਵਿੱਚ ਨਾਬਾਦ 30) ਦੀਆਂ ਪਾਰੀਆਂ ਦੇ ਦਮ 'ਤੇ 8 ਗੇਂਦਾਂ ਬਾਕੀ ਰਹਿੰਦਿਆਂ ਹੀ ਟੀਚਾ ਹਾਸਲ ਕਰ ਲਿਆ।