ਜੇਕਰ ਵੈਭਵ ਨੂੰ ਜੁਲਾਈ 'ਚ ਇੰਗਲੈਂਡ ਵਿਰੁੱਧ ਡੈਬਿਊ ਦਾ ਮੌਕਾ ਮਿਲਦਾ ਹੈ ਤਾਂ ਉਹ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਜਾਣਗੇ। ਮੌਜੂਦਾ ਸਮੇਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ ਜਿਨ੍ਹਾਂ ਨੇ 1989 'ਚ ਪਾਕਿਸਤਾਨ ਵਿਰੁੱਧ ਮਹਿਜ਼ 16 ਸਾਲ 205 ਦਿਨਾਂ ਦੀ ਉਮਰ ਵਿੱਚ ਡੈਬਿਊ ਕੀਤਾ ਸੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਆਈਪੀਐਲ 2026 'ਚ ਰਾਜਸਥਾਨ ਰਾਇਲਜ਼ (RR) ਦੇ ਨੌਜਵਾਨ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਸੀਐਸਕੇ (CSK) ਵਿਰੁੱਧ ਮਹਿਜ਼ 15 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਹੀ ਵੈਭਵ ਨੇ 17 ਗੇਂਦਾਂ 'ਚ 52 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਤੋਂ ਬਾਅਦ ਹੁਣ ਉਨ੍ਹਾਂ ਦੇ ਇੰਟਰਨੈਸ਼ਨਲ ਡੈਬਿਊ (ਅੰਤਰਰਾਸ਼ਟਰੀ ਸ਼ੁਰੂਆਤ) ਦੀ ਮੰਗ ਉੱਠਣ ਲੱਗੀ ਹੈ।
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਦਾ ਮੰਨਣਾ ਹੈ ਕਿ ਭਾਰਤ ਨੂੰ ਜੁਲਾਈ 'ਚ ਹੋਣ ਵਾਲੇ ਇੰਗਲੈਂਡ ਦੇ ਵ੍ਹਾਈਟ ਬਾਲ ਦੇ ਦੌਰੇ ਲਈ ਵੈਭਵ ਨੂੰ ਟੀਮ ਦੇ ਨਾਲ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਭਾਵੇਂ ਉਨ੍ਹਾਂ ਨੂੰ ਤੁਰੰਤ ਪਲੇਇੰਗ-11 'ਚ ਮੌਕਾ ਨਾ ਮਿਲੇ, ਪਰ ਭਾਰਤੀ ਡਰੈਸਿੰਗ ਰੂਮ ਤੇ ਅੰਤਰਰਾਸ਼ਟਰੀ ਮਾਹੌਲ ਵਿੱਚ ਢਲਣ ਦਾ ਮੌਕਾ ਉਨ੍ਹਾਂ ਨੂੰ ਜਲਦ ਮਿਲਣਾ ਚਾਹੀਦਾ ਹੈ।
ਵੌਨ ਨੇ ਕਿਹਾ, "ਮੈਂ ਭਵਿੱਖ ਵੱਲ ਦੇਖ ਰਿਹਾ ਹਾਂ। ਭਾਵੇਂ ਇਹ ਆਈ.ਪੀ.ਐਲ. ਦੀਆਂ ਉਨ੍ਹਾਂ ਦੀਆਂ ਸ਼ੁਰੂਆਤੀ ਪਾਰੀਆਂ ਹਨ, ਪਰ ਜੇਕਰ ਮੈਂ ਭਾਰਤੀ ਕ੍ਰਿਕਟ ਬੋਰਡ (BCCI) ਹੁੰਦਾ, ਤਾਂ ਉਨ੍ਹਾਂ ਨੂੰ ਇੰਗਲੈਂਡ ਦੌਰੇ 'ਤੇ ਜ਼ਰੂਰ ਲੈ ਕੇ ਜਾਂਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਉਨ੍ਹਾਂ ਨੂੰ ਸਿੱਧਾ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੇ, ਪਰ ਉਨ੍ਹਾਂ ਨੂੰ ਟੀਮ ਦੇ ਨਾਲ ਰੱਖ ਕੇ ਉਸ ਮਾਹੌਲ ਦਾ ਤਜ਼ਰਬਾ ਕਰਵਾਉਣਾ ਜ਼ਰੂਰੀ ਹੈ।"
ਜੇਕਰ ਵੈਭਵ ਨੂੰ ਜੁਲਾਈ 'ਚ ਇੰਗਲੈਂਡ ਵਿਰੁੱਧ ਡੈਬਿਊ ਦਾ ਮੌਕਾ ਮਿਲਦਾ ਹੈ ਤਾਂ ਉਹ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਜਾਣਗੇ। ਮੌਜੂਦਾ ਸਮੇਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ ਜਿਨ੍ਹਾਂ ਨੇ 1989 'ਚ ਪਾਕਿਸਤਾਨ ਵਿਰੁੱਧ ਮਹਿਜ਼ 16 ਸਾਲ 205 ਦਿਨਾਂ ਦੀ ਉਮਰ ਵਿੱਚ ਡੈਬਿਊ ਕੀਤਾ ਸੀ। ਅਜਿਹੇ 'ਚ ਵੈਭਵ 'ਮਾਸਟਰ ਬਲਾਸਟਰ' ਦੇ ਇਤਿਹਾਸਕ ਰਿਕਾਰਡ ਨੂੰ ਤੋੜ ਕੇ ਨਵਾਂ ਇਤਿਹਾਸ ਰਚ ਸਕਦੇ ਹਨ।
ਇਕ ਪਾਸੇ ਜਿੱਥੇ ਵੌਨ ਨੇ ਉਨ੍ਹਾਂ ਨੂੰ ਜਲਦ ਤੋਂ ਜਲਦ ਟੀਮ ਇੰਡੀਆ 'ਚ ਮੌਕਾ ਦੇਣ ਦੀ ਮੰਗ ਕੀਤੀ, ਉੱਥੇ ਹੀ ਦਿੱਗਜ ਭਾਰਤੀ ਸਪਿਨਰ ਆਰ. ਅਸ਼ਵਿਨ ਨੇ ਸਬਰ ਰੱਖਣ ਦੀ ਸਲਾਹ ਦਿੱਤੀ। ਆਪਣੇ ਯੂਟਿਊਬ ਚੈਨਲ 'ਤੇ ਅਸ਼ਵਿਨ ਨੇ ਕਿਹਾ ਕਿ ਵੈਭਵ ਅਜੇ ਇਕ ਬੱਚਾ ਹੈ ਅਤੇ ਉਸ ਕੋਲ ਕ੍ਰਿਕਟ 'ਚ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਹੈ।
ਉਨ੍ਹਾਂ ਸਪੱਸ਼ਟ ਕਿਹਾ ਕਿ ਉਸਦੀ ਪ੍ਰਤਿਭਾ ਇੰਨੀ ਬੇਮਿਸਾਲ ਹੈ ਕਿ ਉਹ ਭਾਰਤ ਲਈ ਜ਼ਰੂਰ ਖੇਡੇਗਾ, ਪਰ ਉਸ ਲਈ ਜਲਦਬਾਜ਼ੀ ਦੀ ਲੋੜ ਨਹੀਂ ਹੈ। ਜੇਕਰ ਐਮਐਸ ਧੋਨੀ 44-45 ਦੀ ਉਮਰ ਤੱਕ ਖੇਡ ਰਹੇ ਹਨ ਅਤੇ ਵੈਭਵ 40 ਦੀ ਉਮਰ ਤਕ ਖੇਡਦੇ ਹਨ ਤਾਂ ਉਨ੍ਹਾਂ ਕੋਲ ਢਾਈ ਦਹਾਕਿਆਂ ਦਾ ਕਰੀਅਰ ਬਚਿਆ ਹੈ। ਉਨ੍ਹਾਂ ਨੂੰ ਇਕੱਲਾ ਛੱਡ ਦਿਓ, ਸਹੀ ਸਮਾਂ ਆਉਣ 'ਤੇ ਉਹ ਖ਼ੁਦ ਅੱਗੇ ਵਧਣਗੇ। ਅਸ਼ਵਿਨ ਨੇ ਸਵਾਲ ਕੀਤਾ, "ਅਸੀਂ ਹਰ ਵਾਰ ਇੰਨੀ ਜਲਦੀ ਵਿੱਚ ਕਿਉਂ ਰਹਿੰਦੇ ਹਾਂ?"
ਦੱਸ ਦੇਈਏ ਕਿ ਰਾਜਸਥਾਨ ਰਾਇਲਜ਼ ਦਾ ਅਗਲਾ ਮੈਚ 3 ਅਪ੍ਰੈਲ ਨੂੰ ਪੰਜਾਬ ਕਿੰਗਜ਼ ਨਾਲ ਹੋਣਾ ਹੈ, ਜਿੱਥੇ ਇਕ ਵਾਰ ਫਿਰ ਵੈਭਵ ਆਪਣੀ ਪਾਰੀ ਨਾਲ ਸਭ ਦਾ ਦਿਲ ਜਿੱਤਦੇ ਨਜ਼ਰ ਆ ਸਕਦੇ ਹਨ।