ਇਸ ਸਾਲ ਦੀ ਪ੍ਰਤੀਯੋਗਤਾ ਵਿੱਚ ਮੈਨਟਰਸ਼ਿਪ ਉੱਤੇ ਖਾਸ ਧਿਆਨ ਦਿੱਤਾ ਗਿਆ ਹੈ। ਰਾਜ ਦੇ ਸਾਬਕਾ ਅਤੇ ਰਾਸ਼ਟਰੀ ਖਿਡਾਰੀ ਸਿੱਧਾਰਥ ਕੌਲ, ਗੁਰਕੀਰਤ ਮਾਨ ਅਤੇ ਬਰਿੰਦਰ ਸ੍ਰਾਣ ਟੀਮਾਂ ਨਾਲ ਜੁੜ ਕੇ ਆਪਣਾ ਅਨੁਭਵ ਸਾਂਝਾ ਕਰਨਗੇ। ਉਨ੍ਹਾਂ ਦੀ ਸਹਾਇਤਾ ਲਈ ਅਨੁਭਵੀ ਕੋਚ ਭਾਰਤੀ ਵਿਜ ਅਤੇ ਸੁਨੀਲ ਸੱਗੀ ਵੀ ਮੌਜੂਦ ਹੋਣਗੇ।
ਨਰੇਸ਼ ਕਾਲੀਆ, ਪੰਜਾਬੀ ਜਾਗਰਣ, ਗੁਰਦਾਸਪੁਰ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸਏ) 7 ਸਤੰਬਰ ਤੋਂ ਮੋਹਾਲੀ ਦੇ ਆਈਐੱਸ ਬਿੰਦਰਾ ਸਟੇਡੀਅਮ ਵਿੱਚ ਮਹਾਰਾਜਾ ਰਣਜੀਤ ਸਿੰਘ ਟੀ-20 ਕੱਪ ਦਾ ਆਯੋਜਨ ਕਰ ਰਿਹਾ ਹੈ। ਇਹ ਪ੍ਰਮੁੱਖ ਟੀ-20 ਟੂਰਨਾਮੈਂਟ ਆਉਣ ਵਾਲੇ ਘਰੇਲੂ ਸੀਜ਼ਨ ਤੋਂ ਪਹਿਲਾਂ ਖਿਡਾਰੀਆਂ ਦੀ ਤਿਆਰੀ, ਹੁਨਰ ਵਿਕਾਸ ਅਤੇ ਨਵੇਂ ਟੈਲੈਂਟ ਦੀ ਪਛਾਣ ਲਈ ਬਹੁਤ ਮਹੱਤਵਪੂਰਨ ਮੰਚ ਸਾਬਤ ਹੋਵੇਗਾ।
ਟੂਰਨਾਮੈਂਟ ਵਿੱਚ ਛੇ ਮਜ਼ਬੂਤ ਟੀਮਾਂ ਭਾਗ ਲੈਣਗੀਆਂ, ਜੋ ਲੀਗ ਫਾਰਮੈਟ ਵਿੱਚ ਖੇਡਣਗੀਆਂ। 7 ਤੋਂ 13 ਸਤੰਬਰ ਤੱਕ ਹਰ ਰੋਜ਼ ਦੋ ਮੈਚ ਹੋਣਗੇ। ਟੌਪ ਟੀਮਾਂ 15 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ। ਇਸ ਟੂਰਨਾਮੈਂਟ ਦੀ ਟਾਈਮਿੰਗ ਵੀ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ ਵਿੱਚ ਪੰਜਾਬ ਟੀਮ ਨੇ ਬੁੱਚੀ ਬਾਬੂ ਟ੍ਰੌਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਸ ਸਾਲ ਦੀ ਪ੍ਰਤੀਯੋਗਤਾ ਵਿੱਚ ਮੈਨਟਰਸ਼ਿਪ ਉੱਤੇ ਖਾਸ ਧਿਆਨ ਦਿੱਤਾ ਗਿਆ ਹੈ। ਰਾਜ ਦੇ ਸਾਬਕਾ ਅਤੇ ਰਾਸ਼ਟਰੀ ਖਿਡਾਰੀ ਸਿੱਧਾਰਥ ਕੌਲ, ਗੁਰਕੀਰਤ ਮਾਨ ਅਤੇ ਬਰਿੰਦਰ ਸ੍ਰਾਣ ਟੀਮਾਂ ਨਾਲ ਜੁੜ ਕੇ ਆਪਣਾ ਅਨੁਭਵ ਸਾਂਝਾ ਕਰਨਗੇ। ਉਨ੍ਹਾਂ ਦੀ ਸਹਾਇਤਾ ਲਈ ਅਨੁਭਵੀ ਕੋਚ ਭਾਰਤੀ ਵਿਜ ਅਤੇ ਸੁਨੀਲ ਸੱਗੀ ਵੀ ਮੌਜੂਦ ਹੋਣਗੇ।
ਪੀਸੀਏ ਦੇ ਕਾਰਜਕਾਰੀ ਸਕੱਤਰ ਸਿੱਧਾਂਤ ਸ਼ਰਮਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਟੂਰਨਾਮੈਂਟ,ਜਿਸ ਵਿੱਚ ਆਈਪੀਐੱਲ ਟੀਮਾਂ ਦੇ ਸਕਾਉਟਸ ਦੀਆਂ ਨਜ਼ਰਾਂ ਰਹਿਣਗੀਆਂ ਜਿਸ ਨਾਲ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਇੰਡੀਆਨ ਪ੍ਰੀਮੀਅਰ ਲੀਗ ਅਤੇ ਭਾਰਤੀ ਟੀਮ ਦੀ ਚੋਣ ਲਈ ਰਸਤੇ ਖੁੱਲ੍ਹ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਕ੍ਰਿਕਟ ਟੂਰਨਾਮੈਂਟ ਕਰਵਾਉਣ ਲਈ ਜੋ ਪੀਸੀਏ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸਨ,ਐਸੋਸੀਏਸ਼ਨ ਵੱਲੋਂ ਉਸ ਤੇ ਅਮਲ ਕਰਦੇ ਹੋਏ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਵਿੱਚ ਟੈਲੈਂਟ ਦੇ ਵਿਕਾਸ ਅਤੇ ਉਸਨੂੰ ਉੱਚ ਪੱਧਰ 'ਤੇ ਲਿਆਂਦਾ ਜਾਣ ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਅਨੁਸਾਰ, “ਅਜੇਹੇ ਟੂਰਨਾਮੈਂਟ ਖਿਡਾਰੀਆਂ ਨੂੰ ਸਿਰਫ਼ ਆਪਣਾ ਫਾਰਮ ਸੁਧਾਰਨ ਦਾ ਮੌਕਾ ਨਹੀਂ ਦਿੰਦੇ, ਸਗੋਂ ਪ੍ਰਦਰਸ਼ਨ ਰਾਹੀਂ ਉਭਰਨ ਦਾ ਪਲੇਟਫਾਰਮ ਵੀ ਪ੍ਰਦਾਨ ਕਰਦੇ ਹਨ। ਸਾਨੂੰ ਯਕੀਨ ਹੈ ਕਿ ਇਹ ਕੱਪ ਸਾਡੇ ਨਵੇਂ ਟੈਲੈਂਟ ਲਈ ਖ਼ੂਬਸੂਰਤ ਮੌਕਾ ਸਾਬਤ ਹੋਵੇਗਾ।”
ਇਸ ਮੁਕਾਬਲੇ ਨੂੰ ਕਈ ਆਈਪੀਐੱਲ ਖਿਡਾਰੀਆਂ ਦੀ ਸ਼ਮੂਲੀਅਤ ਨਾਲ ਹੋਰ ਵੀ ਰੁਚਿਕਰ ਬਣਾਇਆ ਗਿਆ ਹੈ, ਜਿਸ ਵਿੱਚ ਨਮਨ ਧੀਰ, ਪ੍ਰਭਸਿਮਰਨ ਸਿੰਘ, ਨਿਹਾਲ ਵਾਢੇਰਾ, ਰਮਨਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਵਰਗੇ ਖਿਡਾਰੀ ਸ਼ਾਮਲ ਹਨ। ਉਨ੍ਹਾਂ ਦੀ ਮੌਜੂਦਗੀ ਮੁਕਾਬਲੇ ਦੇ ਮਿਆਰ ਨੂੰ ਉੱਚਾ ਕਰੇਗੀ ਅਤੇ ਪੰਜਾਬ ਦੇ ਹੋਰ ਖਿਡਾਰੀਆਂ ਨੂੰ ਮੌਕਾ ਮਿਲੇਗਾ ਕਿ ਉਹ ਆਪਣੇ ਆਪ ਨੂੰ ਘਰੇਲੂ ਕ੍ਰਿਕਟ ਦੇ ਮਸ਼ਹੂਰ ਨਾਮਾਂ ਨਾਲ ਖੇਡ ਕੇ ਅਜ਼ਮਾ ਸਕਣ।
ਮਹਾਰਾਜਾ ਰਣਜੀਤ ਸਿੰਘ ਟੀ-20 ਕੱਪ ਚੋਣਕਰਤਿਆਂ ਲਈ ਵੀ ਇੱਕ ਅਹਿਮ ਇਵੈਂਟ ਹੋਵੇਗਾ, ਜਿੱਥੇ ਉਹ ਖਿਡਾਰੀਆਂ ਦੇ ਫਾਰਮ, ਫਿੱਟਨੈੱਸ ਅਤੇ ਆਉਣ ਵਾਲੇ ਬੀਸੀਸੀਆਈ ਘਰੇਲੂ ਸੀਜ਼ਨ ਲਈ ਸੰਭਾਵੀ ਟੀਮ ਕਾਂਬੀਨੇਸ਼ਨਾਂ ਦਾ ਮੁਲਾਂਕਣ ਕਰਨਗੇ।