PBKS vs LSG: ਮੈਨੂੰ 'ਅਸੰਭਵ' ਸ਼ਬਦ ਤੋਂ ਨਫ਼ਰਤ ਹੈ... ਲਗਾਤਾਰ 5ਵੀਂ ਜਿੱਤ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਭਰੀ ਹੁੰਕਾਰ
ਸ਼੍ਰੇਅਸ ਨੇ ਟੀਮ ਦੇ ਨੌਜਵਾਨ ਖਿਡਾਰੀਆਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਟੀਮ ਵਿੱਚ ਇੱਕ ਮਜ਼ੇਦਾਰ ਮਾਹੌਲ ਬਣਿਆ ਹੋਇਆ ਹੈ। ਅਈਅਰ ਨੇ ਕਿਹਾ, "ਮੈਂ ਕੂਪਰ ਅਤੇ ਪ੍ਰਿਆਂਸ਼ ਨਾਲ ਗੱਲ ਕਰ ਰਿਹਾ ਸੀ। ਸਾਡੇ ਵਿਚਕਾਰ ਮਜ਼ਾਕ ਵਿੱਚ ਇੱਕ ਚੈਲੇਂਜ ਚੱਲ ਰਿਹਾ ਹੈ ਕਿ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਕੌਣ ਮਾਰੇਗਾ
Publish Date: Mon, 20 Apr 2026 12:10 PM (IST)
Updated Date: Mon, 20 Apr 2026 12:18 PM (IST)
ਖੇਡ ਡੈਸਕ, ਨਵੀਂ ਦਿੱਲੀ: IPL 2026 ਵਿੱਚ ਪੰਜਾਬ ਕਿੰਗਜ਼ (PBKS) ਦੀ ਚੜ੍ਹਾਈ ਜਾਰੀ ਹੈ। ਐਤਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਪੰਜਾਬ ਨੇ ਲਖਨਊ ਸੁਪਰ ਜਾਇੰਟਸ (LSG) ਨੂੰ 54 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਵਿੱਚ ਆਪਣੀ ਲਗਾਤਾਰ 5ਵੀਂ ਜਿੱਤ ਦਰਜ ਕੀਤੀ। ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿੱਚ ਪੰਜਾਬ ਦੇ ਬੱਲੇਬਾਜ਼ਾਂ ਨੇ ਅਜਿਹੀ ਤਬਾਹੀ ਮਚਾਈ ਕਿ ਸਕੋਰ ਬੋਰਡ 'ਤੇ 254 ਦੌੜਾਂ ਟੰਗ ਦਿੱਤੀਆਂ, ਜੋ ਇਸ ਸੀਜ਼ਨ ਦਾ ਸਭ ਤੋਂ ਵੱਡਾ ਸਕੋਰ ਹੈ।
"ਮੇਰੇ ਲਈ ਜਿੱਤ ਹੀ ਸਭ ਕੁਝ ਹੈ"
ਮੈਚ ਤੋਂ ਬਾਅਦ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਆਪਣੇ ਇਰਾਦੇ ਸਾਫ਼ ਕਰ ਦਿੱਤੇ। ਜੀਓ ਹੌਟਸਟਾਰ ਦੇ ਸ਼ੋਅ 'Believe' ਵਿੱਚ ਗੱਲਬਾਤ ਕਰਦਿਆਂ ਅਈਅਰ ਨੇ ਕਿਹਾ, "ਮੈਨੂੰ 'ਅਸੰਭਵ' ਸ਼ਬਦ ਸੁਣਨਾ ਬਿਲਕੁਲ ਪਸੰਦ ਨਹੀਂ ਹੈ। ਜਦੋਂ ਤੁਸੀਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਦੇ ਹੋ, ਤਾਂ ਤੁਹਾਡਾ ਮਾਈਂਡਸੈੱਟ ਸਪੱਸ਼ਟ ਹੁੰਦਾ ਹੈ ਅਤੇ ਤੁਸੀਂ ਸਹੀ ਫੈਸਲੇ ਲੈ ਸਕਦੇ ਹੋ। ਮੇਰੇ ਲਈ ਆਖਰੀ ਗੇਂਦ ਸੁੱਟੇ ਜਾਣ ਤੱਕ ਮੈਚ ਖਤਮ ਨਹੀਂ ਹੁੰਦਾ ਅਤੇ ਜਿੱਤ ਹੀ ਮੇਰੇ ਲਈ ਸਭ ਕੁਝ ਹੈ।"
ਛੱਕਿਆਂ ਦਾ ਚੈਲੇਂਜ ਤੇ ਨੌਜਵਾਨਾਂ ਦੀ ਤਾਰੀਫ਼
ਸ਼੍ਰੇਅਸ ਨੇ ਟੀਮ ਦੇ ਨੌਜਵਾਨ ਖਿਡਾਰੀਆਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਟੀਮ ਵਿੱਚ ਇੱਕ ਮਜ਼ੇਦਾਰ ਮਾਹੌਲ ਬਣਿਆ ਹੋਇਆ ਹੈ। ਅਈਅਰ ਨੇ ਕਿਹਾ, "ਮੈਂ ਕੂਪਰ ਅਤੇ ਪ੍ਰਿਆਂਸ਼ ਨਾਲ ਗੱਲ ਕਰ ਰਿਹਾ ਸੀ। ਸਾਡੇ ਵਿਚਕਾਰ ਮਜ਼ਾਕ ਵਿੱਚ ਇੱਕ ਚੈਲੇਂਜ ਚੱਲ ਰਿਹਾ ਹੈ ਕਿ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਕੌਣ ਮਾਰੇਗਾ। ਜਿੱਤਣ ਵਾਲੇ ਨੂੰ ਇਨਾਮ ਵਜੋਂ ਮੇਰਾ ਬੈਟ ਮਿਲੇਗਾ।" ਉਨ੍ਹਾਂ ਕਿਹਾ ਕਿ ਉਹ ਖਿਡਾਰੀਆਂ ਨੂੰ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਦਿੰਦੇ ਹਨ।
ਗੇਂਦਬਾਜ਼ਾਂ ਨੇ ਦਿਖਾਇਆ ਦਮ
254 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਦੀ ਟੀਮ 200 ਦੌੜਾਂ 'ਤੇ ਹੀ ਸਿਮਟ ਗਈ। ਕਪਤਾਨ ਨੇ ਆਪਣੇ ਗੇਂਦਬਾਜ਼ਾਂ ਬਾਰੇ ਕਿਹਾ ਕਿ ਟੀਮ ਵਿੱਚ ਜ਼ਿਆਦਾਤਰ ਅੰਤਰਰਾਸ਼ਟਰੀ ਪੱਧਰ ਦੇ ਗੇਂਦਬਾਜ਼ ਹਨ, ਜਿਨ੍ਹਾਂ ਨੂੰ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਪੈਂਦੀ। ਕੋਚ ਰਿਕੀ ਪੋਂਟਿੰਗ ਅਤੇ ਸ਼੍ਰੇਅਸ ਦੀ ਰਣਨੀਤੀ ਮੈਦਾਨ 'ਤੇ ਪੂਰੀ ਤਰ੍ਹਾਂ ਕਾਰਗਰ ਸਾਬਤ ਹੋ ਰਹੀ ਹੈ।
ਇਸ ਜਿੱਤ ਨਾਲ ਪੰਜਾਬ ਕਿੰਗਜ਼ ਹੁਣ ਪੁਆਇੰਟ ਟੇਬਲ ਵਿੱਚ ਬਹੁਤ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਈ ਹੈ ਅਤੇ ਕਪਤਾਨ ਅਈਅਰ ਦੀ 'ਵਿਨਿੰਗ ਮੈਂਟੈਲਿਟੀ' ਨੇ ਵਿਰੋਧੀ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।