ਮੈਦਾਨ 'ਤੇ ਨਹੀਂ ਦਿਖਣਗੇ ਪਾਕਿਸਤਾਨ ਦੇ ਸਭ ਤੋਂ ਵੱਡੇ ਫੈਨ 'ਚਾਚਾ ਕ੍ਰਿਕਟ', PAK vs AUS ਸੀਰੀਜ਼ ਤੋਂ ਬਾਅਦ ਲੈਣਗੇ ਰਿਟਾਇਰਮੈਂਟ
1999 ਦੇ ਵਰਲਡ ਕੱਪ ਤੋਂ ਲੈ ਕੇ ਦੁਨੀਆ ਦੇ ਲਗਪਗ ਹਰ ਵੱਡੇ ਕ੍ਰਿਕਟ ਮੈਦਾਨ ਤੱਕ, ਚਾਚਾ ਕ੍ਰਿਕਟ ਪਾਕਿਸਤਾਨ ਦਾ ਝੰਡਾ ਲੈ ਕੇ ਮੌਜੂਦ ਰਹੇ। ਉਨ੍ਹਾਂ ਦਾ ਸੁਪਨਾ 500 ਮੈਚਾਂ ਵਿੱਚ ਟੀਮ ਦਾ ਸਮਰਥਨ ਕਰਨ ਦਾ ਸੀ, ਜੋ ਹੁਣ ਪੂਰਾ ਹੋ ਚੁੱਕਾ ਹੈ। ਹੁਣ ਉਹ ਸਿਆਲਕੋਟ ਵਿੱਚ ਇੱਕ ਰੈਸਟੋਰੈਂਟ ਅਤੇ ਕ੍ਰਿਕਟ ਮਿਊਜ਼ੀਅਮ ਖੋਲ੍ਹਣਾ ਚਾਹੁੰਦੇ ਹਨ
Publish Date: Sat, 30 May 2026 01:04 PM (IST)
Updated Date: Sat, 30 May 2026 01:09 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨੀ ਕ੍ਰਿਕਟ ਦੇ ਸਭ ਤੋਂ ਵੱਡੇ ਸਮਰਥਕਾਂ ਵਿੱਚ ਗਿਣੇ ਜਾਣ ਵਾਲੇ 'ਚਾਚਾ ਕ੍ਰਿਕਟ' ਹੁਣ ਸਟੇਡੀਅਮਾਂ ਨੂੰ ਅਲਵਿਦਾ ਕਹਿਣ ਜਾ ਰਹੇ ਹਨ। 77 ਸਾਲਾ ਅਬਦੁਲ ਜਲੀਲ ਅਗਲੇ ਹਫ਼ਤੇ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਕਾਰ ਖੇਡੀ ਜਾਣ ਵਾਲੀ ਵਨਡੇ (ODI) ਸੀਰੀਜ਼ ਤੋਂ ਬਾਅਦ ਦੇਸ਼ ਵਿੱਚ ਮੈਚਾਂ ਦੌਰਾਨ ਟੀਮ ਨੂੰ ਚੀਅਰ ਕਰਨਾ ਛੱਡ ਦੇਣਗੇ।
ਹਰੇ ਰੰਗ ਦਾ ਕੁੜਤਾ, ਟੋਪੀ ਅਤੇ ਹੱਥ ਵਿੱਚ ਪਾਕਿਸਤਾਨ ਦਾ ਝੰਡਾ ਲਏ 'ਚਾਚਾ ਕ੍ਰਿਕਟ' ਪਿਛਲੇ ਕਈ ਦਹਾਕਿਆਂ ਤੋਂ ਟੀਮ ਦੀ ਪਛਾਣ ਬਣੇ ਹੋਏ ਹਨ। ਉਨ੍ਹਾਂ ਨੇ ਨਾ ਸਿਰਫ਼ ਜਿੱਤ ਦੇ ਜਸ਼ਨ ਦੇਖੇ ਹਨ, ਸਗੋਂ ਹਾਰ ਦੇ ਦਰਦ ਨੂੰ ਵੀ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ।
ਕ੍ਰਿਕਟ ਨਾਲ ਉਨ੍ਹਾਂ ਦਾ ਰਿਸ਼ਤਾ 1968-69 ਵਿੱਚ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਲਾਹੌਰ ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਦੇਖਿਆ ਸੀ। ਇਸ ਤੋਂ ਬਾਅਦ ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਇੰਨਾ ਵਧ ਗਿਆ ਕਿ ਨੌਕਰੀ ਲਈ ਯੂ.ਏ.ਈ. (UAE) ਵਿੱਚ ਰਹਿਣ ਦੇ ਬਾਵਜੂਦ ਉਹ ਪਾਕਿਸਤਾਨ ਦੇ ਮੈਚ ਦੇਖਣ ਲਈ ਲੰਬੇ ਸਫ਼ਰ ਤੈਅ ਕਰਿਆ ਕਰਦੇ ਸਨ।
ਉਨ੍ਹਾਂ ਦੀ ਪ੍ਰਸਿੱਧੀ ਲਗਾਤਾਰ ਵਧਦੀ ਗਈ ਅਤੇ 1996 ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਉਨ੍ਹਾਂ ਨੂੰ ਟੀਮ ਦਾ ਅਧਿਕਾਰਤ ਸ਼ੁਭੰਕਰ ਐਲਾਨ ਦਿੱਤਾ। ਦੋ ਸਾਲ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਾਕਿਸਤਾਨ ਕ੍ਰਿਕਟ ਦੇ ਲੇਖੇ ਲਾ ਦਿੱਤਾ।
ਹਰ ਜਗ੍ਹਾ ਪਹੁੰਚੇ 'ਚਾਚਾ ਕ੍ਰਿਕਟ'
1999 ਦੇ ਵਰਲਡ ਕੱਪ ਤੋਂ ਲੈ ਕੇ ਦੁਨੀਆ ਦੇ ਲਗਪਗ ਹਰ ਵੱਡੇ ਕ੍ਰਿਕਟ ਮੈਦਾਨ ਤੱਕ, ਚਾਚਾ ਕ੍ਰਿਕਟ ਪਾਕਿਸਤਾਨ ਦਾ ਝੰਡਾ ਲੈ ਕੇ ਮੌਜੂਦ ਰਹੇ। ਉਨ੍ਹਾਂ ਦਾ ਸੁਪਨਾ 500 ਮੈਚਾਂ ਵਿੱਚ ਟੀਮ ਦਾ ਸਮਰਥਨ ਕਰਨ ਦਾ ਸੀ, ਜੋ ਹੁਣ ਪੂਰਾ ਹੋ ਚੁੱਕਾ ਹੈ। ਹੁਣ ਉਹ ਸਿਆਲਕੋਟ ਵਿੱਚ ਇੱਕ ਰੈਸਟੋਰੈਂਟ ਅਤੇ ਕ੍ਰਿਕਟ ਮਿਊਜ਼ੀਅਮ ਖੋਲ੍ਹਣਾ ਚਾਹੁੰਦੇ ਹਨ, ਜਿੱਥੇ ਸਾਲਾਂ ਤੋਂ ਇਕੱਠੀਆਂ ਕੀਤੀਆਂ ਕ੍ਰਿਕਟ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਿਆ ਜਾਵੇਗਾ।
ਦੇਖੇ ਕਈ ਇਤਿਹਾਸਕ ਪਲ
ਚਾਚਾ ਕ੍ਰਿਕਟ ਨੇ ਪਾਕਿਸਤਾਨ ਕ੍ਰਿਕਟ ਦੇ ਕਈ ਇਤਿਹਾਸਕ ਪਲ ਦੇਖੇ ਹਨ। 1986 ਵਿੱਚ ਜਾਵੇਦ ਮਿਆਂਦਾਦ ਵੱਲੋਂ ਆਖਰੀ ਗੇਂਦ 'ਤੇ ਲਗਾਇਆ ਗਿਆ ਛੱਕਾ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਵਿੱਚ ਤਾਜ਼ਾ ਹੈ। ਉੱਥੇ ਹੀ 2011 ਦੇ ਵਰਲਡ ਕੱਪ ਵਿੱਚ ਮੋਹਾਲੀ ਦੀ ਹਾਰ ਅਤੇ 2024 ਦੇ ਟੀ-20 ਵਰਲਡ ਕੱਪ ਵਿੱਚ ਭਾਰਤ ਖ਼ਿਲਾਫ਼ ਮਿਲੀ ਸ਼ਿਕਸਤ ਉਨ੍ਹਾਂ ਨੂੰ ਅੱਜ ਵੀ ਪਰੇਸ਼ਾਨ ਕਰਦੀ ਹੈ।
ਹਾਲਾਂਕਿ, ਪਿਛਲੇ ਕੁਝ ਸਾਲਾਂ ਵਿੱਚ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਪਰ ਚਾਚਾ ਕ੍ਰਿਕਟ ਦਾ ਨਜ਼ਰੀਆ ਨਹੀਂ ਬਦਲਿਆ। ਉਨ੍ਹਾਂ ਦਾ ਕਹਿਣਾ ਹੈ, "ਕਭੀ ਖੁਸ਼ੀ, ਕਭੀ ਗ਼ਮ... ਕਭੀ ਤੁਮ, ਕਭੀ ਹਮ। ਖੇਡ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ।"
ਇਹੀ ਸੋਚ ਉਨ੍ਹਾਂ ਨੂੰ ਇੱਕ ਆਮ ਪ੍ਰਸ਼ੰਸਕ ਤੋਂ ਕਿਤੇ ਉੱਪਰ ਉਠਾਉਂਦੀ ਹੈ। ਚਾਚਾ ਕ੍ਰਿਕਟ ਹੁਣ ਸਿਰਫ਼ ਇੱਕ ਫੈਨ ਨਹੀਂ, ਬਲਕਿ ਪਾਕਿਸਤਾਨ ਕ੍ਰਿਕਟ ਦੇ ਇਤਿਹਾਸ ਦਾ ਇੱਕ ਜਿਊਂਦਾ-ਜਾਗਦਾ ਹਿੱਸਾ ਹਨ।