ਆਈਪੀਐਲ 2026 ਦੇ 44ਵੇਂ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੇ ਮੁੰਬਈ ਇੰਡੀਅਨਜ਼ (MI) ਨੂੰ ਇੱਕਤਰਫ਼ਾ ਅੰਦਾਜ਼ ਵਿੱਚ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਸੀਐਸਕੇ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਕਪਤਾਨੀ ਪਾਰੀ ਖੇਡੀ ਅਤੇ ਨੌਜਵਾਨ ਸਨਸਨੀ ਕਾਰਤਿਕ ਸ਼ਰਮਾ ਦੇ ਪਹਿਲੇ ਆਈਪੀਐਲ ਅਰਧ ਸੈਂਕੜੇ ਦੇ ਦਮ 'ਤੇ ਚੇਨਈ ਨੇ ਮੁੰਬਈ ਦੇ 'ਵਿਜੇ ਰਥ' ਨੂੰ ਰੋਕ ਦਿੱਤਾ।

ਦੋਵਾਂ ਵਿਚਾਲੇ ਹੋਈ ਸਾਂਝੇਦਾਰੀ 'ਤੇ ਮੁੰਬਈ ਦੇ ਗੇਂਦਬਾਜ਼ ਕਦੇ ਵੀ ਦਬਾਅ ਨਹੀਂ ਬਣਾ ਸਕੇ। ਚੇਨਈ ਨੇ ਮਹਿਜ਼ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਮੈਚ ਜਿੱਤਣ ਤੋਂ ਬਾਅਦ ਸੀ.ਐਸ.ਕੇ. ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ 'ਪਲੇਅਰ ਆਫ ਦ ਮੈਚ' ਦਾ ਐਵਾਰਡ ਜਿੱਤਣ ਤੋਂ ਬਾਅਦ ਆਪਣੀ ਰਣਨੀਤੀ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ:
“ਮੁੰਬਈ ਨੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਪਾਵਰਪਲੇ ਤੋਂ ਬਾਅਦ ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਸਾਨੂੰ ਲੱਗਿਆ ਕਿ ਟੀਚਾ 20-30 ਦੌੜਾਂ ਘੱਟ ਹੈ। ਮੇਰਾ ਕੰਮ ਬੱਸ ਅੰਤ ਤੱਕ ਟਿਕੇ ਰਹਿਣਾ ਸੀ।"
ਗਾਇਕਵਾੜ ਨੇ ਖਾਸ ਤੌਰ 'ਤੇ ਨੌਜਵਾਨ ਗੇਂਦਬਾਜ਼ ਕੰਬੋਜ ਅਤੇ ਸਪਿਨਰ ਨੂਰ ਦੀ ਤਾਰੀਫ਼ ਕੀਤੀ। ਰੁਤੂਰਾਜ ਨੇ ਕਿਹਾ, "ਜ਼ਾਹਿਰ ਹੈ ਕਿ ਚੰਗਾ ਲੱਗ ਰਿਹਾ ਹੈ। ਦੇਖੋ, ਉਹ ਇੱਕ ਅਜਿਹਾ ਖਿਡਾਰੀ ਹੈ ਜੋ ਚੀਜ਼ਾਂ ਨੂੰ ਬਹੁਤ ਸਰਲ ਰੱਖਦਾ ਹੈ, ਆਪਣੀ ਪ੍ਰਕਿਰਿਆ 'ਤੇ ਡਟਿਆ ਰਹਿੰਦਾ ਹੈ ਅਤੇ ਸਮਝਦਾ ਹੈ ਕਿ ਪਿੱਚ ਕਿਵੇਂ ਖੇਡ ਰਹੀ ਹੈ। ਉਸਦਾ ਦਿਮਾਗ ਬਿਲਕੁਲ ਇੱਕ ਬੱਲੇਬਾਜ਼ ਦੀ ਤਰ੍ਹਾਂ ਚੱਲਦਾ ਹੈ। ਮੈਨੂੰ ਲੱਗਦਾ ਹੈ ਕਿ ਇਹੀ ਚੀਜ਼ ਉਸਨੂੰ ਸਭ ਤੋਂ ਵੱਖਰੀ ਬਣਾਉਂਦੀ ਹੈ।"
ਉਨ੍ਹਾਂ ਅੱਗੇ ਕਿਹਾ, "ਨੂਰ ਇੱਕ ਅਜਿਹਾ ਖਿਡਾਰੀ ਹੈ ਜਿਸਨੂੰ ਬੱਸ ਥੋੜ੍ਹੀ ਲੈਅ ਦੀ ਲੋੜ ਸੀ ਅਤੇ ਅਜਿਹੀ ਵਿਕਟ ਦੀ ਤਲਾਸ਼ ਸੀ ਜਿੱਥੇ ਉਹ ਆਪਣਾ ਅਸਰ ਦਿਖਾ ਸਕੇ। ਤੀਜੇ ਮੈਚ ਤੋਂ ਮੈਨੂੰ ਲੱਗਦਾ ਹੈ ਕਿ ਉਸਨੇ ਕੁਝ ਬਦਲਾਅ ਕੀਤੇ ਹਨ ਅਤੇ ਕਾਫੀ ਵਧੀਆ ਨਤੀਜਾ ਆਇਆ ਹੈ। ਸਾਡੇ ਲਈ ਅੱਗੇ ਵਾਸਤੇ ਇਹ ਬਹੁਤ ਵਧੀਆ ਸੰਕੇਤ ਹੈ।"
ਪਲੇਇੰਗ ਇਲੈਵਨ ਵਿੱਚ ਅਕੀਲ ਹੁਸੈਨ ਦੀ ਗੈਰ-ਮੌਜੂਦਗੀ ਨੇ ਕਈ ਸਵਾਲ ਖੜ੍ਹੇ ਕੀਤੇ ਸਨ, ਪਰ ਕਪਤਾਨ ਨੇ ਸਾਫ਼ ਕਰ ਦਿੱਤਾ ਕਿ ਇਹ ਪੂਰੀ ਤਰ੍ਹਾਂ ਇੱਕ ਰਣਨੀਤਕ ਫੈਸਲਾ ਸੀ।
ਉਨ੍ਹਾਂ ਕਿਹਾ ਕਿ ਟੀਮ ਨੂੰ ਨੰਬਰ 8 'ਤੇ ਅਜਿਹੇ ਖਿਡਾਰੀ ਦੀ ਲੋੜ ਸੀ ਜੋ ਬੱਲੇਬਾਜ਼ੀ ਵਿੱਚ ਡੂੰਘਾਈ ਦੇ ਸਕੇ। ਇਸੇ ਸੋਚ ਤਹਿਤ ਨੌਜਵਾਨ ਖਿਡਾਰੀਆਂ ਵੀਰ ਅਤੇ ਘੋਸ਼ ਨੂੰ ਮੌਕਾ ਦਿੱਤਾ ਗਿਆ, ਜਿਨ੍ਹਾਂ ਨੇ ਅਭਿਆਸ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ।
ਕਾਰਤਿਕ ਸ਼ਰਮਾ ਦੀ ਪਾਰੀ ਬਾਰੇ ਸੀਐਸਕੇ ਦੇ ਕਪਤਾਨ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ‘ਹਿੱਟਰ’ ਕਹਿਣਾ ਗਲਤ ਹੋਵੇਗਾ। ਉਨ੍ਹਾਂ ਕਿਹਾ:
"ਉਹ ਸਿਰਫ਼ ਵੱਡੇ ਸ਼ਾਟ ਨਹੀਂ ਲਗਾਉਂਦੇ, ਸਗੋਂ ਸਹੀ ਗੇਂਦਬਾਜ਼ ਨੂੰ ਚੁਣ ਕੇ ਹਮਲਾ ਕਰਦੇ ਹਨ। ਸਪਿਨ ਅਤੇ ਪੇਸ, ਦੋਵਾਂ ਦੇ ਖ਼ਿਲਾਫ਼ ਉਨ੍ਹਾਂ ਦਾ ਕੰਟਰੋਲ ਸ਼ਾਨਦਾਰ ਹੈ। ਜਿਵੇਂ 'ਮਿਸਟਰ ਕ੍ਰਿਕਟ' ਨੇ ਉਸ ਦਿਨ ਕਿਹਾ ਸੀ ਕਿ ਉਹ ਅਜਿਹਾ ਖਿਡਾਰੀ ਹੈ ਜੋ ਜੇਕਰ ਇੱਕ ਵਾਰ ਲੈਅ ਵਿੱਚ ਆ ਗਿਆ, ਤਾਂ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਹੋਰ ਵੀ ਬਹੁਤ ਕੁਝ ਦੇਵੇਗਾ।"
— ਸੀਐਸਕੇ ਦੇ ਕਪਤਾਨ
ਜਿੱਤ ਤੋਂ ਬਾਅਦ ਗਾਇਕਵਾੜ ਭਾਵੁਕ ਵੀ ਨਜ਼ਰ ਆਏ। ਉਨ੍ਹਾਂ ਨੇ ਆਪਣੀ ਪਤਨੀ, ਟੀਮ ਮੈਨੇਜਮੈਂਟ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ, "ਸਾਡੇ ਤੋਂ ਗਲਤੀਆਂ ਹੋਣਗੀਆਂ, ਪਰ ਅਸੀਂ ਹਰ ਵਾਰ ਵਾਪਸੀ ਕਰਾਂਗੇ। ਇਹ ਟੀਮ ਇਸ ਜਰਸੀ ਲਈ ਸਭ ਕੁਝ ਦੇਣ ਨੂੰ ਤਿਆਰ ਹੈ।"
ਦੱਸ ਦੇਈਏ ਕਿ ਇਸ ਜਿੱਤ ਦੇ ਨਾਲ ਚੇਨਈ ਸੁਪਰ ਕਿੰਗਜ਼ ਨੇ ਨਾ ਸਿਰਫ਼ ਦੋ ਅਹਿਮ ਅੰਕ ਹਾਸਲ ਕੀਤੇ ਹਨ, ਸਗੋਂ ਇਹ ਵੀ ਦਿਖਾ ਦਿੱਤਾ ਹੈ ਕਿ ਚੇਪੌਕ ਵਿੱਚ ਉਨ੍ਹਾਂ ਨੂੰ ਹਰਾਉਣਾ ਅਜੇ ਵੀ ਸੌਖਾ ਨਹੀਂ ਹੈ।