ਮੁੰਬਈ ਇੰਡੀਅਨਜ਼ ਦੀ ਆਈਪੀਐਲ 2026 ਵਿੱਚ ਲਗਾਤਾਰ ਪੰਜਵੀਂ ਹਾਰ ਲਈ ਕਪਤਾਨ ਹਾਰਦਿਕ ਪੰਡਿਆ ਨੇ ਆਪਣੇ ਬੱਲੇਬਾਜ਼ਾਂ ਦੀ ਰੱਜ ਕੇ ਖਿਚਾਈ ਕੀਤੀ ਹੈ। ਪੰਡਿਆ ਨੇ ਕਿਹਾ ਕਿ ਪਾਵਰਪਲੇ ਵਿੱਚ ਜਲਦੀ ਵਿਕਟਾਂ ਗਵਾਉਣ ਤੋਂ ਬਾਅਦ ਅਸੀਂ ਮੁਕਾਬਲਾ ਨਹੀਂ ਕਰ ਸਕੇ।

ਹਾਰਦਿਕ ਪੰਡਿਆ ਨੇ ਕੀ ਕਿਹਾ
ਮੁੰਬਈ ਦੀ ਮੌਜੂਦਾ ਆਈਪੀਐਲ ਵਿੱਚ ਇਹ ਲਗਾਤਾਰ ਪੰਜਵੀਂ ਹਾਰ ਸੀ। ਇਸ ਤੋਂ ਖਿਝੇ ਹੋਏ ਹਾਰਦਿਕ ਪੰਡਿਆ ਨੇ ਮੈਚ ਤੋਂ ਬਾਅਦ ਕਿਹਾ, 'ਪਾਵਰਪਲੇਅ ਵਿੱਚ ਜਲਦੀ ਵਿਕਟਾਂ ਗੁਆ ਦੇਣ ਨਾਲ ਮੁਕਾਬਲਾ ਹਮੇਸ਼ਾ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਇਸ ਤੋਂ ਬਾਅਦ ਸੰਭਲ ਨਹੀਂ ਸਕੇ। ਸਾਨੂੰ ਬਿਹਤਰ ਬੱਲੇਬਾਜ਼ੀ ਕਰਨੀ ਚਾਹੀਦੀ ਸੀ।'
ਪੰਡਿਆ ਨੇ ਅੱਗੇ ਕਿਹਾ, 'CSK ਦੇ ਬੱਲੇਬਾਜ਼ਾਂ ਨੇ ਵੀ ਇਸੇ ਪਿੱਚ 'ਤੇ ਬੱਲੇਬਾਜ਼ੀ ਕੀਤੀ। ਸੰਜੂ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਉਨ੍ਹਾਂ ਦੇ ਬਾਕੀ ਬੱਲੇਬਾਜ਼ਾਂ ਨੇ ਵੀ ਅਹਿਮ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਨ ਲਈ ਸਾਡੇ ਵਾਸਤੇ ਇਹ ਜ਼ਰੂਰੀ ਸੀ ਕਿ ਪਾਵਰਪਲੇਅ ਵਧੀਆ ਰਹੇ ਅਤੇ ਲੈਅ ਬਣੀ ਰਹੇ, ਪਰ ਉਹ ਕੰਮ ਨਹੀਂ ਕਰ ਸਕਿਆ। ਅਸੀਂ ਟੀਮ ਵਿੱਚ ਬਦਲਾਅ ਬਾਰੇ ਗੱਲ ਕਰਾਂਗੇ ਅਤੇ ਦੇਖਾਂਗੇ ਕਿ ਅੱਗੇ ਕੀ ਹੁੰਦਾ ਹੈ।'
ਪੁਆਇੰਟਸ ਟੇਬਲ ਦਾ ਹਾਲ
ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਨੂੰ ਵੱਡੇ ਅੰਤਰ ਨਾਲ ਹਰਾ ਕੇ ਮੌਜੂਦਾ ਆਈਪੀਐਲ ਵਿੱਚ ਆਪਣੀ ਤੀਜੀ ਜਿੱਤ ਦਰਜ ਕੀਤੀ ਹੈ। CSK ਹੁਣ 7 ਮੈਚਾਂ ਵਿੱਚ ਤਿੰਨ ਜਿੱਤਾਂ ਦੇ ਨਾਲ ਪੁਆਇੰਟਸ ਟੇਬਲ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਦੂਜੇ ਪਾਸੇ, ਮੁੰਬਈ ਨੂੰ ਲਗਾਤਾਰ ਪੰਜਵੀਂ ਹਾਰ ਦਾ ਖਮਿਆਜ਼ਾ ਭੁਗਤਣਾ ਪਿਆ ਹੈ ਅਤੇ ਉਹ ਅੱਠਵੇਂ ਸਥਾਨ 'ਤੇ ਖਿਸਕ ਗਈ ਹੈ।