ਮਥੀਸ਼ਾ ਪਥੀਰਾਨਾ ਦੀ ਸੱਟ ਬਾਰੇ ਸ਼੍ਰੀਲੰਕਾ ਕ੍ਰਿਕਟ ਦੇ ਸਕੱਤਰ ਬੰਦੁਲਾ ਦਿਸਾਨਾਇਕ ਨੇ ਪੁਸ਼ਟੀ ਕੀਤੀ ਹੈ ਕਿ ਪਥੀਰਾਨਾ ਪੂਰੀ ਤਰ੍ਹਾਂ ਫਿੱਟ ਹੋ ਚੁੱਕੇ ਹਨ। ਉਨ੍ਹਾਂ ਨੂੰ IPL ਵਿੱਚ ਖੇਡਣ ਦੀ ਇਜਾਜ਼ਤ ਮਿਲ ਗਈ ਹੈ। ਉਨ੍ਹਾਂ ਕਿਹਾ, "ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਪੂਰੀ ਤਰ੍ਹਾਂ ਫਿੱਟ ਹਨ ਅਤੇ ਉਨ੍ਹਾਂ ਨੂੰ IPL ਵਿੱਚ ਖੇਡਣ ਲਈ NOC ਦੇ ਦਿੱਤੀ ਗਈ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : IPL 2026 ਤੋਂ ਪਹਿਲਾਂ ਸਾਰੀਆਂ ਟੀਮਾਂ ਲਈ ਖਿਡਾਰੀਆਂ ਦੀਆਂ ਸੱਟਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕਈ ਖਿਡਾਰੀ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ, ਜਦਕਿ ਕੁਝ ਖਿਡਾਰੀ ਸ਼ੁਰੂਆਤੀ ਮੁਕਾਬਲਿਆਂ 'ਚ ਨਹੀਂ ਖੇਡ ਸਕਣਗੇ। ਇਸੇ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਕਈ ਖਿਡਾਰੀ ਸੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹਾਲਾਂਕਿ, ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਨਾ ਸੱਟ ਤੋਂ ਉੱਭਰ ਕੇ ਬਿਲਕੁਲ ਫਿੱਟ ਹੋ ਗਏ ਹਨ।
ਕੋਲਕਾਤਾ ਨੂੰ IPL 2026 ਲਈ ਤੇਜ਼ ਗੇਂਦਬਾਜ਼ੀ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਛੱਡਣਾ ਪਿਆ ਤੇ ਫਿਰ ਹਰਸ਼ਿਤ ਰਾਣਾ ਵੀ ਹੁਣ ਤਕ ਫਿੱਟ ਨਹੀਂ ਹੋ ਸਕੇ ਹਨ। ਰਾਣਾ ਪੂਰੇ ਸੀਜ਼ਨ 'ਚ ਨਹੀਂ ਖੇਡ ਸਕਣਗੇ ਤੇ ਟੀਮ ਉਨ੍ਹਾਂ ਦੇ ਬਦਲ (Replacement) ਬਾਰੇ ਵੀ ਵਿਚਾਰ ਕਰ ਰਹੀ ਹੈ। ਅਜਿਹੇ ਵਿਚ ਪਥੀਰਾਨਾ ਦੀ ਸੱਟ ਵੀ ਟੀਮ ਲਈ ਵੱਡੀ ਸਮੱਸਿਆ ਸੀ ਪਰ ਹੁਣ ਉਹ ਫਿੱਟ ਹੋ ਚੁੱਕੇ ਹਨ।
ਮਥੀਸ਼ਾ ਪਥੀਰਾਨਾ ਦੀ ਸੱਟ ਬਾਰੇ ਸ੍ਰੀਲੰਕਾ ਕ੍ਰਿਕਟ ਦੇ ਸਕੱਤਰ ਬੰਦੁਲਾ ਦਿਸਾਨਾਇਕ ਨੇ ਪੁਸ਼ਟੀ ਕੀਤੀ ਹੈ ਕਿ ਪਥੀਰਾਨਾ ਪੂਰੀ ਤਰ੍ਹਾਂ ਫਿੱਟ ਹੋ ਚੁੱਕੇ ਹਨ। ਉਨ੍ਹਾਂ ਨੂੰ IPL 'ਚ ਖੇਡਣ ਦੀ ਇਜਾਜ਼ਤ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਮੈਨੂੰ ਪਤਾ ਹੈ, ਉਹ ਪੂਰੀ ਤਰ੍ਹਾਂ ਫਿੱਟ ਹਨ ਤੇ ਉਨ੍ਹਾਂ ਨੂੰ IPL ਵਿੱਚ ਖੇਡਣ ਲਈ NOC ਦੇ ਦਿੱਤੀ ਗਈ ਹੈ। ਫਿਲਹਾਲ ਮੈਨੂੰ ਬਸ ਇੰਨੀ ਹੀ ਜਾਣਕਾਰੀ ਹੈ।
ਪੀਟੀਆਈ (PTI) ਨਾਲ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪਥੀਰਾਨਾ ਨੇ ਆਪਣੀ ਰਿਹੈਬ ਪ੍ਰਕਿਰਿਆ ਪੂਰੀ ਕਰ ਲਈ ਹੈ। ਹਾਲਾਂਕਿ, ਉਨ੍ਹਾਂ ਦੀ ਫਿਟਨੈੱਸ ਕਿਹੋ ਜਿਹੀ ਹੈ, ਇਸ ਦਾ ਅੰਦਾਜ਼ਾ ਫ੍ਰੈਂਚਾਈਜ਼ੀ ਨੂੰ ਲਗਾਉਣਾ ਹੋਵੇਗਾ। ਮੈਨੂੰ ਇਸ ਤੋਂ ਵੱਧ ਜਾਣਕਾਰੀ ਨਹੀਂ ਹੈ, ਪਰ ਉਹ ਫਿੱਟ ਹਨ ਤੇ IPL ਖੇਡਣ ਲਈ ਤਿਆਰ ਹਨ। ਹਾਲਾਂਕਿ, ਪਥੀਰਾਨਾ ਕਦੋਂ ਤਕ ਟੀਮ ਨਾਲ ਜੁੜਨਗੇ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।
ਕੋਲਕਾਤਾ ਆਪਣੀ ਮੁਹਿੰਮ ਦਾ ਆਗਾਜ਼ ਮੁੰਬਈ ਇੰਡੀਅਨਜ਼ ਖ਼ਿਲਾਫ਼ ਕਰੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। KKR 2024 ਵਿੱਚ ਚੈਂਪੀਅਨ ਬਣੀ ਸੀ, ਪਰ 2025 ਦਾ ਸੀਜ਼ਨ ਉਨ੍ਹਾਂ ਲਈ ਕਾਫ਼ੀ ਸਾਧਾਰਨ ਰਿਹਾ ਸੀ। ਅਜਿਹੇ ਵਿੱਚ ਉਹ ਇਸ ਸੀਜ਼ਨ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਮੁੰਬਈ ਖ਼ਿਲਾਫ਼ ਮੈਚ ਤੋਂ ਪਹਿਲਾਂ ਪਥੀਰਾਨਾ ਟੀਮ ਨਾਲ ਜੁੜਦੇ ਹਨ ਜਾਂ ਨਹੀਂ।