ਯੁਵਰਾਜ ਨੇ ਆਪਣੇ IPL ਕਰੀਅਰ ਦੀ ਸ਼ੁਰੂਆਤ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਤੋਂ ਕੀਤੀ ਸੀ। ਉਹ ਇਸ ਟੀਮ ਦੇ ਕਪਤਾਨ ਸਨ। ਬਤੌਰ ਕਪਤਾਨ ਯੁਵਰਾਜ ਨੇ ਦੱਖਣੀ ਅਫ਼ਰੀਕਾ 'ਚ ਸਾਲ 2009 ਵਿਚ ਖੇਡੇ ਗਏ ਆਈਪੀਐਲ ਵਿੱਚ ਅਜਿਹਾ ਕਮਾਲ ਕੀਤਾ ਸੀ ਜੋ ਅਜੇ ਤੱਕ ਕੋਈ ਵੀ ਗੇਂਦਬਾਜ਼ ਨਹੀਂ ਦੁਹਰਾ ਸਕਿਆ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਯੁਵਰਾਜ ਸਿੰਘ ਦਾ ਨਾਂ ਜਦੋਂ ਜ਼ਿਹਨ 'ਚ ਆਉਂਦਾ ਹੈ ਤਾਂ ਇਕ ਅਜਿਹੇ ਬੱਲੇਬਾਜ਼ ਦੀ ਤਸਵੀਰ ਉੱਭਰਦੀ ਹੈ ਜੋ ਲੰਬੇ-ਲੰਬੇ ਛੱਕੇ ਮਾਰਨ ਲਈ ਜਾਣਿਆ ਜਾਂਦਾ ਹੈ। ਯੁਵਰਾਜ ਦੇ ਨਾਂ ਟੀ-20 ਇੰਟਰਨੈਸ਼ਨਲ 'ਚ ਇਕ ਓਵਰ 'ਚ ਛੇ ਛੱਕੇ ਮਾਰਨ ਦਾ ਰਿਕਾਰਡ ਵੀ ਹੈ, ਪਰ ਯੁਵਰਾਜ ਸਿੰਘ ਸਿਰਫ਼ ਆਪਣੇ ਬੱਲੇ ਨਾਲ ਹੀ ਕਮਾਲ ਨਹੀਂ ਕਰਦੇ ਸਨ, ਬਲਕਿ ਉਹ ਇਕ ਆਲਰਾਊਂਡਰ ਸਨ ਤੇ ਆਪਣੀ ਫਿਰਕੀ (ਸਪਿਨ) ਨਾਲ ਵੀ ਅਹਿਮ ਭੂਮਿਕਾ ਨਿਭਾਉਂਦੇ ਸਨ। ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਯੁਵਰਾਜ ਨੇ ਆਪਣੀ ਗੇਂਦਬਾਜ਼ੀ ਨਾਲ ਅਜਿਹਾ ਰਿਕਾਰਡ ਬਣਾਇਆ ਸੀ ਜੋ ਅੱਜ ਤੱਕ ਨਹੀਂ ਟੁੱਟਿਆ।
ਯੁਵਰਾਜ ਨੇ ਆਪਣੇ ਆਈਪੀਐਲ ਕਰੀਅਰ ਦੀ ਸ਼ੁਰੂਆਤ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਤੋਂ ਕੀਤੀ ਸੀ। ਉਹ ਇਸ ਟੀਮ ਦੇ ਕਪਤਾਨ ਸਨ। ਬਤੌਰ ਕਪਤਾਨ ਯੁਵਰਾਜ ਨੇ ਦੱਖਣੀ ਅਫ਼ਰੀਕਾ 'ਚ ਸਾਲ 2009 ਵਿਚ ਖੇਡੇ ਗਏ ਆਈਪੀਐਲ ਵਿੱਚ ਅਜਿਹਾ ਕਮਾਲ ਕੀਤਾ ਸੀ ਜੋ ਅਜੇ ਤੱਕ ਕੋਈ ਵੀ ਗੇਂਦਬਾਜ਼ ਨਹੀਂ ਦੁਹਰਾ ਸਕਿਆ ਹੈ।
ਯੁਵਰਾਜ ਖੱਬੇ ਹੱਥ ਦੇ ਸਪਿਨਰ ਸਨ ਤੇ ਕਈ ਮੈਚਾਂ 'ਚ ਉਨ੍ਹਾਂ ਨੇ ਟੀਮ ਲਈ ਅਹਿਮ ਵਿਕਟਾਂ ਕੱਢੀਆਂ ਹਨ। ਆਈਪੀਐਲ 'ਚ ਵੀ ਉਨ੍ਹਾਂ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਹੈ। ਯੁਵਰਾਜ ਉਹ ਖਿਡਾਰੀ ਹਨ ਜਿਨ੍ਹਾਂ ਦੇ ਨਾਂ ਆਈਪੀਐਲ 'ਚ ਹੈਟ੍ਰਿਕ ਹੈ, ਉਹ ਵੀ ਇੱਕ ਨਹੀਂ ਸਗੋਂ ਦੋ। ਯੁਵਰਾਜ ਨੇ ਇਕ ਹੀ ਸੀਜ਼ਨ ਵਿਚ ਇਹ ਦੋ ਹੈਟ੍ਰਿਕਾਂ ਲਈਆਂ ਸਨ। ਉਹ ਆਈਪੀਐਲ ਦੇ ਇਕ ਸੀਜ਼ਨ ਵਿਚ ਦੋ ਹੈਟ੍ਰਿਕ ਲੈਣ ਵਾਲੇ ਪਹਿਲੇ ਅਤੇ ਹੁਣ ਤੱਕ ਦੇ ਇਕਲੌਤੇ ਗੇਂਦਬਾਜ਼ ਹਨ। ਦੇਖਣਾ ਹੋਵੇਗਾ ਕਿ ਆਈਪੀਐਲ-2026 'ਚ ਕੋਈ ਗੇਂਦਬਾਜ਼ ਇਹ ਕਮਾਲ ਕਰ ਪਾਉਂਦਾ ਹੈ ਜਾਂ ਨਹੀਂ।
ਯੁਵਰਾਜ ਨੇ ਆਪਣੀ ਪਹਿਲੀ ਹੈਟ੍ਰਿਕ ਡਰਬਨ ਦੇ ਮੈਦਾਨ 'ਤੇ ਰੌਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਲਈ ਸੀ। ਯੁਵਰਾਜ ਨੇ ਇਹ ਹੈਟ੍ਰਿਕ ਦੋ ਓਵਰਾਂ 'ਚ ਪੂਰੀ ਕੀਤੀ ਸੀ। 12ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਉਨ੍ਹਾਂ ਨੇ ਰੌਬਿਨ ਉਥੱਪਾ ਨੂੰ ਆਊਟ ਕੀਤਾ ਅਤੇ ਓਵਰ ਦੀ ਆਖ਼ਰੀ ਗੇਂਦ 'ਤੇ ਜੈਕ ਕੈਲਿਸ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਉਹ 14ਵਾਂ ਓਵਰ ਸੁੱਟਣ ਆਏ ਅਤੇ ਇਸ ਓਵਰ ਦੀ ਪਹਿਲੀ ਹੀ ਗੇਂਦ 'ਤੇ ਉਨ੍ਹਾਂ ਨੇ ਵਿਕਟਕੀਪਰ-ਬੱਲੇਬਾਜ਼ ਮਾਰਕ ਬਾਊਚਰ ਨੂੰ ਐਲਬੀਡਬਲਯੂ (lbw) ਕਰ ਦਿੱਤਾ। ਇਹ ਉਨ੍ਹਾਂ ਦੀ ਪਹਿਲੀ ਹੈਟ੍ਰਿਕ ਸੀ ਜੋ ਉਨ੍ਹਾਂ ਨੇ 1 ਮਈ 2009 ਨੂੰ ਲਈ ਸੀ।
ਇਸ ਤੋਂ ਠੀਕ 17ਵੇਂ ਦਿਨ ਬਾਅਦ ਯੁਵਰਾਜ ਨੇ ਇਕ ਹੋਰ ਹੈਟ੍ਰਿਕ ਲਈ। ਇਸ ਵਾਰ ਉਨ੍ਹਾਂ ਇਹ ਕਮਾਲ ਡੈੱਕਨ ਚਾਰਜਰਜ਼ ਖ਼ਿਲਾਫ਼ ਕੀਤਾ। 17 ਮਈ ਨੂੰ ਜੋਹਾਨਸਬਰਗ 'ਚ ਖੇਡੇ ਗਏ ਮੈਚ ਵਿਚ ਯੁਵਰਾਜ ਨੇ ਇਹ ਹੈਟ੍ਰਿਕ ਵੀ ਦੋ ਓਵਰਾਂ 'ਚ ਲਈ ਸੀ। ਇਸ ਦੇ ਨਾਲ ਇਕ ਹੋਰ ਇਤਫ਼ਾਕ ਸੀ ਕਿ ਯੁਵਰਾਜ ਨੇ ਪਹਿਲੀ ਹੈਟ੍ਰਿਕ ਵਾਂਗ ਇਹ ਹੈਟ੍ਰਿਕ ਵੀ 12ਵੇਂ ਅਤੇ 14ਵੇਂ ਓਵਰ 'ਚ ਹੀ ਲਈ ਸੀ। 12ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਉਨ੍ਹਾਂ ਨੇ ਹਰਸ਼ਲ ਗਿਬਸ ਨੂੰ ਆਊਟ ਕੀਤਾ। ਇਸ ਤੋਂ ਬਾਅਦ 14ਵੇਂ ਓਵਰ ਦੀ ਪਹਿਲੀ ਗੇਂਦ 'ਤੇ ਉਨ੍ਹਾਂ ਨੇ ਐਂਡਰਿਊ ਸਾਇਮੰਡਸ ਨੂੰ ਅਤੇ ਦੂਜੀ ਗੇਂਦ 'ਤੇ ਵੇਣੂਗੋਪਾਲ ਰਾਓ ਨੂੰ ਆਊਟ ਕੀਤਾ।
ਯੁਵਰਾਜ ਤੋਂ ਬਾਅਦ ਕੋਈ ਵੀ ਖਿਡਾਰੀ ਇਹ ਕਾਰਨਾਮਾ ਨਹੀਂ ਕਰ ਸਕਿਆ ਹੈ। ਇਸ ਖੱਬੇ ਹੱਥ ਦੇ ਦਿੱਗਜ ਖਿਡਾਰੀ ਦੇ ਨਾਂ ਆਈਪੀਐਲ ਦੇ 132 ਮੈਚਾਂ ਵਿੱਚ 2750 ਰਨ ਹਨ ਜਿਸ ਵਿੱਚ 13 ਅਰਧ-ਸੈਂਕੜੇ ਸ਼ਾਮਲ ਹਨ। ਉੱਥੇ ਹੀ ਯੁਵਰਾਜ ਨੇ 36 ਵਿਕਟਾਂ ਵੀ ਆਪਣੇ ਨਾਂ ਕੀਤੀਆਂ ਹਨ।