IPL 2026: PBKS ਦੀ ਇਤਿਹਾਸਕ ਜਿੱਤ ਤੋਂ ਬਾਅਦ ਝੂਮ ਉੱਠੀ ਪ੍ਰੀਤੀ ਜ਼ਿੰਟਾ, ਪ੍ਰਿਆਂਸ਼ ਨੂੰ ਮਾਰਿਆ 'ਪੰਚ'; ਰਵੀ ਸ਼ਾਸਤਰੀ ਦਾ ਰਿਐਕਸ਼ਨ ਵਾਇਰਲ
265 ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਬੇਹੱਦ ਤੂਫ਼ਾਨੀ ਰਹੀ। ਪ੍ਰਭਸਿਮਰਨ ਸਿੰਘ ਨੇ ਮਹਿਜ਼ 26 ਗੇਂਦਾਂ ਵਿੱਚ 76 ਦੌੜਾਂ ਠੋਕ ਦਿੱਤੀਆਂ, ਜਦਕਿ ਨੌਜਵਾਨ ਓਪਨਰ ਪ੍ਰਿਆਂਸ਼ ਆਰਿਆ ਨੇ 17 ਗੇਂਦਾਂ ਵਿੱਚ 43 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਦੋਵਾਂ ਨੇ ਸਿਰਫ਼ 6.5 ਓਵਰਾਂ ਵਿੱਚ 126 ਦੌੜਾਂ ਜੋੜ ਕੇ ਦਿੱਲੀ ਦੇ ਗੇਂਦਬਾਜ਼ਾਂ ਦੇ ਹੋਸ਼ ਉਡਾ ਦਿੱਤੇ।
Publish Date: Sun, 26 Apr 2026 03:04 PM (IST)
Updated Date: Sun, 26 Apr 2026 03:11 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ : ਪੰਜਾਬ ਕਿੰਗਜ਼ (PBKS) ਨੇ ਦਿੱਲੀ ਦੇ ਹੋਮ ਗਰਾਊਂਡ ਅਰੁਣ ਜੇਤਲੀ ਸਟੇਡੀਅਮ ਵਿੱਚ ਇਤਿਹਾਸ ਰਚ ਦਿੱਤਾ ਹੈ। ਪੰਜਾਬ ਦੀ ਟੀਮ ਨੇ IPL ਇਤਿਹਾਸ ਦਾ ਸਭ ਤੋਂ ਵੱਡਾ ਰਨ ਚੇਜ਼ (Run Chase) ਮੁਕੰਮਲ ਕੀਤਾ ਹੈ। ਆਪਣੇ ਹੀ 262 ਦੌੜਾਂ ਦੇ ਰਿਕਾਰਡ ਨੂੰ ਤੋੜਦਿਆਂ ਪੰਜਾਬ ਨੇ 265 ਦੌੜਾਂ ਦਾ ਪਹਾੜ ਜਿਹਾ ਟੀਚਾ ਹਾਸਲ ਕਰ ਲਿਆ।
IPL 2026 ਦੇ 35ਵੇਂ ਮੈਚ ਵਿੱਚ ਪੰਜਾਬ ਨੇ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਮਾਤ ਦਿੱਤੀ। ਇਸ ਜਿੱਤ ਨਾਲ ਪੰਜਾਬ ਦੀ ਟੀਮ ਸੀਜ਼ਨ ਵਿੱਚ ਆਪਣੀ ਛੇਵੀਂ ਜਿੱਤ ਦਰਜ ਕਰਕੇ ਅੰਕ ਸੂਚੀ (Points Table) ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ।
ਪ੍ਰਭਸਿਮਰਨ ਤੇ ਪ੍ਰਿਆਂਸ਼ ਦੀ ਹਨੇਰੀ 'ਚ ਉੱਡੀ ਦਿੱਲੀ
265 ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਬੇਹੱਦ ਤੂਫ਼ਾਨੀ ਰਹੀ। ਪ੍ਰਭਸਿਮਰਨ ਸਿੰਘ ਨੇ ਮਹਿਜ਼ 26 ਗੇਂਦਾਂ ਵਿੱਚ 76 ਦੌੜਾਂ ਠੋਕ ਦਿੱਤੀਆਂ, ਜਦਕਿ ਨੌਜਵਾਨ ਓਪਨਰ ਪ੍ਰਿਆਂਸ਼ ਆਰਿਆ ਨੇ 17 ਗੇਂਦਾਂ ਵਿੱਚ 43 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਦੋਵਾਂ ਨੇ ਸਿਰਫ਼ 6.5 ਓਵਰਾਂ ਵਿੱਚ 126 ਦੌੜਾਂ ਜੋੜ ਕੇ ਦਿੱਲੀ ਦੇ ਗੇਂਦਬਾਜ਼ਾਂ ਦੇ ਹੋਸ਼ ਉਡਾ ਦਿੱਤੇ। ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ 36 ਗੇਂਦਾਂ 'ਤੇ ਨਾਬਾਦ 71 ਦੌੜਾਂ ਬਣਾ ਕੇ 7 ਗੇਂਦਾਂ ਪਹਿਲਾਂ ਹੀ ਟੀਮ ਨੂੰ ਜਿੱਤ ਦਿਵਾ ਦਿੱਤੀ।
ਪ੍ਰੀਤੀ ਜ਼ਿੰਟਾ ਨੇ ਪ੍ਰਿਆਂਸ਼ ਨੂੰ ਮਾਰਿਆ 'ਪੰਚ'
ਇਸ ਰਿਕਾਰਡਤੋੜ ਜਿੱਤ ਤੋਂ ਬਾਅਦ ਪੰਜਾਬ ਕਿੰਗਜ਼ ਦੀ ਮਾਲਕਣ ਪ੍ਰੀਤੀ ਜ਼ਿੰਟਾ ਖੁਸ਼ੀ ਨਾਲ ਝੂਮ ਉੱਠੀ। ਉਹ ਸਿੱਧਾ ਮੈਦਾਨ 'ਤੇ ਪਹੁੰਚੀ ਅਤੇ ਖਿਡਾਰੀਆਂ ਨੂੰ ਵਧਾਈ ਦੇਣ ਲੱਗੀ। ਇਸੇ ਦੌਰਾਨ ਪ੍ਰੀਤੀ ਨੇ ਪ੍ਰਿਆਂਸ਼ ਆਰਿਆ ਨਾਲ ਗੱਲਬਾਤ ਕਰਦੇ ਹੋਏ ਮਜ਼ਾਕੀਆ ਅੰਦਾਜ਼ ਵਿੱਚ ਉਨ੍ਹਾਂ ਨੂੰ ਇੱਕ 'ਪੰਚ' ਮਾਰਿਆ।
ਇਸ ਦੌਰਾਨ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਵੀ ਖੁਦ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਆਨ-ਏਅਰ ਹੀ ਕਹਿ ਦਿੱਤਾ, "ਓਹ, ਇਹ ਇੱਕ ਵਧੀਆ ਪੰਚ ਸੀ।" ਸ਼ਾਸਤਰੀ ਦਾ ਇਹ ਰਿਐਕਸ਼ਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਕੇ.ਐਲ. ਰਾਹੁਲ ਦਾ ਰਿਕਾਰਡ ਸੈਂਕੜਾ ਵੀ ਗਿਆ ਬੇਕਾਰ
ਇਸ ਤੋਂ ਪਹਿਲਾਂ ਦਿੱਲੀ ਲਈ ਖੇਡਦੇ ਹੋਏ ਕੇ.ਐਲ. ਰਾਹੁਲ ਨੇ 67 ਗੇਂਦਾਂ 'ਤੇ ਨਾਬਾਦ 152 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜੋ IPL ਇਤਿਹਾਸ ਵਿੱਚ ਕਿਸੇ ਵੀ ਭਾਰਤੀ ਦਾ ਸਭ ਤੋਂ ਵੱਡਾ ਸਕੋਰ ਹੈ। ਨਿਤੀਸ਼ ਰਾਣਾ ਨੇ ਵੀ 91 ਦੌੜਾਂ ਬਣਾਈਆਂ ਅਤੇ ਦਿੱਲੀ ਨੇ 264/2 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਪਰ ਪੰਜਾਬ ਦੇ ਬੱਲੇਬਾਜ਼ਾਂ ਨੇ ਦਿੱਲੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਪੰਜਾਬ ਕਿੰਗਜ਼ ਇਸ ਵੇਲੇ 13 ਅੰਕਾਂ ਨਾਲ IPL 2026 ਦੀ ਅੰਕ ਸੂਚੀ ਵਿੱਚ ਸਿਖਰ 'ਤੇ ਬਰਕਰਾਰ ਹੈ।