ਸੀਜ਼ਨ ਦਾ ਪਹਿਲਾ ਮੈਚ ਹੀ ਦੋ ਬੈਟਿੰਗ ਪਾਵਰਹਾਊਸ ਟੀਮਾਂ ਵਿਚਾਲੇ ਹੈ, ਜਿਨ੍ਹਾਂ ਵਿਚ ਇੱਕ ਤੋਂ ਇੱਕ ਸਟਾਰ ਖਿਡਾਰੀ ਹਨ। ਅਸੀਂ ਤੁਹਾਨੂੰ ਅਜਿਹੇ ਪੰਜ ਖਿਡਾਰੀਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ 'ਤੇ ਇਸ ਮੈਚ ਵਿੱਚ ਸਭ ਤੋਂ ਵੱਧ ਫੋਕਸ ਰਹੇਗਾ। ਕਿਉਂਕਿ ਇਹ ਮੈਚ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਹੈ, ਇਸ ਲਈ ਬੱਲੇਬਾਜ਼ਾਂ ਦਾ ਬੋਲਬਾਲਾ ਤੈਅ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਜਿਸ ਪਲ ਦਾ ਇੰਤਜ਼ਾਰ ਸੀ, ਉਸ ਦੇ ਖਤਮ ਹੋਣ 'ਚ ਹੁਣ ਸਿਰਫ਼ ਇਕ ਦਿਨ ਬਾਕੀ ਹੈ। ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ, ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਆਈਪੀਐੱਲ-2026 ਦੇ ਪਹਿਲੇ ਮੈਚ 'ਚ ਮੌਜੂਦਾ ਚੈਂਪੀਅਨ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੋਵੇਗਾ। ਦੋਵਾਂ ਟੀਮਾਂ ਕੋਲ ਤੂਫ਼ਾਨੀ ਬੱਲੇਬਾਜ਼ ਹਨ, ਇਸ ਲਈ ਇਸ ਮੈਚ ਵਿੱਚ ਦੌੜਾਂ ਦੀ ਬਾਰਿਸ਼ ਹੋਣ ਦੀ ਪੂਰੀ ਉਮੀਦ ਹੈ।
ਸੀਜ਼ਨ ਦਾ ਪਹਿਲਾ ਮੈਚ ਹੀ ਦੋ ਬੈਟਿੰਗ ਪਾਵਰਹਾਊਸ ਟੀਮਾਂ ਵਿਚਾਲੇ ਹੈ ਜਿਨ੍ਹਾਂ ਵਿਚ ਇਕ ਤੋਂ ਇਕ ਸਟਾਰ ਖਿਡਾਰੀ ਹਨ। ਅਸੀਂ ਤੁਹਾਨੂੰ ਅਜਿਹੇ ਪੰਜ ਖਿਡਾਰੀਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ 'ਤੇ ਇਸ ਮੈਚ ਵਿਚ ਸਭ ਤੋਂ ਵੱਧ ਫੋਕਸ ਰਹੇਗਾ। ਕਿਉਂਕਿ ਇਹ ਮੈਚ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਹੈ, ਇਸ ਲਈ ਬੱਲੇਬਾਜ਼ਾਂ ਦਾ ਬੋਲਬਾਲਾ ਤੈਅ ਹੈ।
ਵਿਰਾਟ ਕੋਹਲੀ ਮੈਦਾਨ 'ਤੇ ਹੋਣ, ਉਹ ਵੀ ਚਿੰਨਾਸਵਾਮੀ 'ਚ ਅਤੇ ਉਨ੍ਹਾਂ 'ਤੇ ਫੋਕਸ ਨਾ ਹੋਵੇ—ਅਜਿਹਾ ਹੋ ਹੀ ਨਹੀਂ ਸਕਦਾ। ਵਿਰਾਟ ਚਿੰਨਾਸਵਾਮੀ ਸਟੇਡੀਅਮ ਦੀ ਜਾਨ ਹਨ। ਉਹ ਜਦੋਂ ਵੀ ਇਸ ਮੈਦਾਨ 'ਤੇ ਉਤਰਦੇ ਹਨ, ਪ੍ਰਸ਼ੰਸਕ ਦੀਵਾਨੇ ਹੋ ਜਾਂਦੇ ਹਨ। ਵਿਰਾਟ ਹੁਣ ਸਿਰਫ਼ ਵਨਡੇ ਖੇਡਦੇ ਹਨ, ਇਸ ਲਈ ਉਨ੍ਹਾਂ ਨੂੰ ਟੀ-20 ਫਾਰਮੈਟ 'ਚ ਖੇਡਦੇ ਦੇਖਣ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹੋਣਗੇ। ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹੋਣਗੀਆਂ ਕਿ ਕੋਹਲੀ ਆਪਣੀ ਬੱਲੇਬਾਜ਼ੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਪਾਉਂਦੇ ਹਨ ਜਾਂ ਨਹੀਂ।
ਇੰਗਲੈਂਡ ਦਾ ਨੌਜਵਾਨ ਬੱਲੇਬਾਜ਼ ਜਿਸ ਨੇ ਟੀ-20 ਵਰਲਡ ਕੱਪ 'ਚ ਟੀਮ ਇੰਡੀਆ ਦੇ ਪਸੀਨੇ ਛੁਡਾ ਦਿੱਤੇ ਸਨ। ਜੈਕਬ ਬੈਥਲ ਦਾ ਬੱਲਾ ਭਾਰਤ ਖ਼ਿਲਾਫ਼ ਸੈਮੀਫਾਈਨਲ 'ਚ ਖੂਬ ਚੱਲਿਆ ਸੀ ਜਿਸ ਕਾਰਨ ਟੀਮ ਇੰਡੀਆ 250 ਤੋਂ ਵੱਧ ਦੌੜਾਂ ਬਣਾਉਣ ਦੇ ਬਾਵਜੂਦ ਸਿਰਫ਼ ਸੱਤ ਦੌੜਾਂ ਨਾਲ ਜਿੱਤ ਸਕੀ ਸੀ। ਆਰਸੀਬੀ ਲਈ ਆਈਪੀਐੱਲ 'ਚ ਬੈਥਲ ਉਸੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੁਣਗੇ।
ਵਾਪਸੀ (ਕਮਬੈਕ) ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਈਸ਼ਾਨ ਕਿਸ਼ਨ ਨੇ ਸਾਰੀ ਕਹਾਣੀ ਪਲਟ ਦਿੱਤੀ। ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਉਹ ਟੀ-20 ਵਰਲਡ ਕੱਪ ਟੀਮ 'ਚ ਆਏ ਅਤੇ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਈਸ਼ਾਨ ਸਨਰਾਈਜ਼ਰਜ਼ ਹੈਦਰਾਬਾਦ ਦਾ ਹਿੱਸਾ ਹਨ ਤੇ ਪੈਟ ਕਮਿੰਸ ਦੇ ਜ਼ਖ਼ਮੀ ਹੋਣ ਕਾਰਨ ਉਹ ਟੀਮ ਦੀ ਕਪਤਾਨੀ ਵੀ ਕਰਨਗੇ। ਦੇਖਣਾ ਹੋਵੇਗਾ ਕਿ ਈਸ਼ਾਨ ਕਪਤਾਨੀ ਦੇ ਦਬਾਅ ਵਿੱਚ ਆਪਣੀ ਵਰਲਡ ਕੱਪ ਵਾਲੀ ਫਾਰਮ ਜਾਰੀ ਰੱਖ ਪਾਉਂਦੇ ਹਨ ਜਾਂ ਨਹੀਂ।
ਤੂਫ਼ਾਨੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੋਂ ਟੀ-20 ਵਰਲਡ ਕੱਪ 'ਚ ਕਾਫ਼ੀ ਉਮੀਦਾਂ ਸਨ, ਪਰ ਉਹ ਉਨ੍ਹਾਂ 'ਤੇ ਖਰੇ ਨਹੀਂ ਉਤਰੇ ਸਨ, ਹਾਲਾਂਕਿ ਫਾਈਨਲ 'ਚ ਉਨ੍ਹਾਂ ਨੇ ਅਰਧ ਸੈਂਕੜਾ ਜ਼ਰੂਰ ਜੜਿਆ ਸੀ। ਵਰਲਡ ਕੱਪ ਦੌਰਾਨ ਉਨ੍ਹਾਂ ਦੀ ਕਮਜ਼ੋਰੀ (ਆਫ ਸਪਿਨਰਾਂ ਵਿਰੁੱਧ) ਫੜੀ ਗਈ ਸੀ। ਆਈਪੀਐੱਲ 'ਚ ਦੇਖਣਾ ਹੋਵੇਗਾ ਕਿ ਕੀ ਅਭਿਸ਼ੇਕ ਇਸ ਕਮਜ਼ੋਰੀ ਨੂੰ ਦੂਰ ਕਰ ਪਾਏ ਹਨ।
ਵਿਦਰਭ ਵੱਲੋਂ ਘਰੇਲੂ ਕ੍ਰਿਕਟ ਖੇਡਦੇ ਹੋਏ ਹਰਸ਼ ਦੂਬੇ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਚੁਣਿਆ ਹੈ। ਖੱਬੇ ਹੱਥ ਦੇ ਸਪਿਨਰ ਹਰਸ਼ ਨੂੰ ਪਲੇਇੰਗ-11 ਵਿੱਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਜੇਕਰ ਉਹ ਖੇਡਦੇ ਹਨ, ਤਾਂ ਚੋਣਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਸਭ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੋਣਗੀਆਂ।