BCCI ਦੇ ਨਿਰਦੇਸ਼ 'ਚ ਕਿਹਾ ਗਿਆ ਹੈ, "ਜੇਕਰ ਕੋਈ ਟੀਮ ਅੰਡਰ ਲਾਈਟ ਪ੍ਰੈਕਟਿਸ ਮੈਚ ਖੇਡਣਾ ਚਾਹੁੰਦੀ ਹੈ ਤਾਂ ਮੈਚ ਦੀ ਮਿਆਦ ਸਾਢੇ ਤਿੰਨ ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ।" ਟੀਮਾਂ ਵੱਧ ਤੋਂ ਵੱਧ ਦੋ ਅਭਿਆਸ ਮੈਚ ਖੇਡ ਸਕਦੀਆਂ ਹਨ ਪਰ ਉਨ੍ਹਾਂ ਨੂੰ ਪਹਿਲਾਂ ਬੀਸੀਸੀਆਈ ਨੂੰ ਸੂਚਿਤ ਕਰਨਾ ਹੋਵੇਗਾ। ਇਹ ਮੈਚ ਉਸ ਪਿੱਚ 'ਤੇ ਨਹੀਂ ਖੇਡੇ ਜਾ ਸਕਦੇ ਜਿਸ ਦੀ ਵਰਤੋਂ ਮੁੱਖ ਮੈਚ ਲਈ ਕੀਤੀ ਜਾਵੇਗੀ।

ਸਪੋਰਟਸ ਡੈਸਕ, ਨਵੀਂ ਦਿੱਲੀ : BCCI ਨੇ ਹਾਲ ਹੀ 'ਚ ਇੰਡੀਅਨ ਪ੍ਰੀਮੀਅਰ ਲੀਗ 2026 ਦੇ ਪਹਿਲੇ 16 ਦਿਨਾਂ ਤੇ 20 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਸੀ। ਆਉਣ ਵਾਲੇ ਸਮੇਂ ਵਿੱਚ ਕੁਝ ਸੂਬਿਆਂ 'ਚ ਹੋਣ ਵਾਲੀਆਂ ਚੋਣਾਂ ਅਤੇ ਮਿਡਲ ਈਸਟ 'ਚ ਤਣਾਅ ਕਾਰਨ ਹਵਾਈ ਯਾਤਰਾ ਪ੍ਰਭਾਵਿਤ ਹੋਣ ਕਰਕੇ ਬਾਕੀ ਰਹਿੰਦੇ ਮੁਕਾਬਲਿਆਂ ਦਾ ਸ਼ਡਿਊਲ ਬਾਅਦ 'ਚ ਜਾਰੀ ਕੀਤਾ ਜਾਵੇਗਾ। ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਰੀਆਂ 10 ਫ੍ਰੈਂਚਾਈਜ਼ੀਜ਼ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ।
ਕ੍ਰਿਕਬਜ਼ ਦੀ ਰਿਪੋਰਟ ਅਨੁਸਾਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਰੀਆਂ 10 ਫ੍ਰੈਂਚਾਈਜ਼ੀਜ਼ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਆਈਪੀਐਲ ਦੀ ਕੋਈ ਵੀ ਟੀਮ ਉਸ ਪਿੱਚ 'ਤੇ ਅਭਿਆਸ ਨਹੀਂ ਕਰ ਸਕਦੀ ਜਿਸ ਦੀ ਵਰਤੋਂ ਵਿਰੋਧੀ ਟੀਮ ਨੇ ਆਪਣੇ ਨੈੱਟ ਸੈਸ਼ਨ ਦੌਰਾਨ ਕੀਤੀ ਹੋਵੇ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਜੇਕਰ ਟੀਮਾਂ ਇਕ ਤੋਂ ਬਾਅਦ ਇਕ ਅਭਿਆਸ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਨਵੀਆਂ ਪਿੱਚਾਂ ਅਲਾਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਰਿਪੋਰਟ ਅਨੁਸਾਰ, 'ਹਰੇਕ ਟੀਮ ਨੂੰ ਉਨ੍ਹਾਂ ਦੇ ਨਿਰਧਾਰਤ ਅਭਿਆਸ ਸੈਸ਼ਨ ਲਈ ਨਵੇਂ ਨੈੱਟ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ। ਇਕੱਠੇ ਅਭਿਆਸ ਸੈਸ਼ਨ ਹੋਣ ਦੀ ਸਥਿਤੀ ਵਿੱਚ ਜਾਂ ਜਦੋਂ ਇੱਕ ਟੀਮ ਦੂਜੀ ਟੀਮ ਤੋਂ ਬਾਅਦ ਅਭਿਆਸ ਕਰਦੀ ਹੈ ਤਾਂ ਪਹਿਲੀ ਟੀਮ ਨੂੰ ਦੂਜੀ ਟੀਮ ਦੇ ਨੈੱਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ (ਥ੍ਰੋ-ਡਾਊਨ ਲਈ ਵੀ ਨਹੀਂ)। ਜੇਕਰ ਇਕ ਟੀਮ ਅਭਿਆਸ ਜਲਦੀ ਖ਼ਤਮ ਕਰ ਲੈਂਦੀ ਹੈ ਤਾਂ ਦੂਜੀ ਟੀਮ ਨੂੰ ਉਨ੍ਹਾਂ ਦੀ ਰੇਂਜ-ਹਿੱਟਿੰਗ ਵਿਕਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।'
ਬੀਸੀਸੀਆਈ ਦੇ ਨਿਰਦੇਸ਼ 'ਚ ਕਿਹਾ ਗਿਆ ਹੈ, "ਜੇਕਰ ਕੋਈ ਟੀਮ ਅੰਡਰ ਲਾਈਟ ਪ੍ਰੈਕਟਿਸ ਮੈਚ ਖੇਡਣਾ ਚਾਹੁੰਦੀ ਹੈ ਤਾਂ ਮੈਚ ਦੀ ਮਿਆਦ ਸਾਢੇ ਤਿੰਨ ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ।" ਟੀਮਾਂ ਵੱਧ ਤੋਂ ਵੱਧ ਦੋ ਅਭਿਆਸ ਮੈਚ ਖੇਡ ਸਕਦੀਆਂ ਹਨ ਪਰ ਉਨ੍ਹਾਂ ਨੂੰ ਪਹਿਲਾਂ ਬੀਸੀਸੀਆਈ ਨੂੰ ਸੂਚਿਤ ਕਰਨਾ ਹੋਵੇਗਾ। ਇਹ ਮੈਚ ਉਸ ਪਿੱਚ 'ਤੇ ਨਹੀਂ ਖੇਡੇ ਜਾ ਸਕਦੇ ਜਿਸ ਦੀ ਵਰਤੋਂ ਮੁੱਖ ਮੈਚ ਲਈ ਕੀਤੀ ਜਾਵੇਗੀ।
BCCI ਨੇ ਕਿਹਾ, "ਸੀਜ਼ਨ ਲਈ ਪਿੱਚ ਤਿਆਰ ਕਰਨ ਲਈ ਸੰਬੰਧਿਤ ਫ੍ਰੈਂਚਾਈਜ਼ੀ ਦੇ ਸੀਜ਼ਨ ਦੇ ਪਹਿਲੇ ਘਰੇਲੂ ਮੈਚ ਤੋਂ ਚਾਰ ਦਿਨ ਪਹਿਲਾਂ ਤਕ ਮੁੱਖ ਮੈਦਾਨ 'ਤੇ ਕੋਈ ਅਭਿਆਸ ਸੈਸ਼ਨ ਜਾਂ ਅਭਿਆਸ ਮੈਚ ਨਹੀਂ ਖੇਡਿਆ ਜਾ ਸਕਦਾ। ਇਸ ਮਿਆਦ ਦੌਰਾਨ ਜੇਕਰ ਘਰੇਲੂ ਫ੍ਰੈਂਚਾਈਜ਼ੀ ਬੇਨਤੀ ਕਰਦੀ ਹੈ ਤਾਂ ਰਾਜ ਸੰਘ ਨੂੰ ਫ੍ਰੈਂਚਾਈਜ਼ੀ ਨੂੰ ਬਿਨਾਂ ਕਿਸੇ ਫੀਸ ਦੇ ਇੱਕ ਆਪਸ਼ਨਲ (ਵਿਕਲਪਿਕ) ਅਭਿਆਸ ਮੈਦਾਨ ਉਪਲਬਧ ਕਰਵਾਉਣਾ ਚਾਹੀਦਾ ਹੈ।"
ਦੋਵਾਂ ਟੀਮਾਂ ਨੂੰ ਅਭਿਆਸ ਲਈ ਦੋ ਨੈੱਟ ਅਤੇ ਮੁੱਖ ਮੈਦਾਨ 'ਤੇ ਰੇਂਜ ਹਿੱਟਿੰਗ ਲਈ ਇੱਕ ਨੈੱਟ ਅਲਾਟ ਕੀਤਾ ਜਾਵੇਗਾ। ਪ੍ਰੋਗਰਾਮ ਨੂੰ ਲੈ ਕੇ ਵਿਵਾਦ ਦੀ ਸਥਿਤੀ ਵਿੱਚ ਬੀਸੀਸੀਆਈ ਨੇ ਕਿਹਾ ਕਿ ਉਹ ਮਹਿਮਾਨ ਟੀਮ ਨੂੰ ਪਹਿਲ ਦੇਵੇਗਾ। ਰਿਪੋਰਟ ਮੁਤਾਬਕ, "ਮੇਜ਼ਬਾਨ ਟੀਮ ਨੂੰ ਪਸੰਦੀਦਾ ਸੈਸ਼ਨ ਚੁਣਨ ਦਾ ਪਹਿਲਾ ਅਧਿਕਾਰ ਹੋਣਾ ਚਾਹੀਦਾ ਹੈ, ਫਿਰ ਵੀ ਮਹਿਮਾਨ ਟੀਮ ਦੀ ਬੇਨਤੀ 'ਤੇ ਵਿਚਾਰ ਕੀਤਾ ਜਾਵੇਗਾ, ਖਾਸ ਤੌਰ 'ਤੇ ਜੇਕਰ ਉਸ ਨੇ ਪਿਛਲੇ ਦਿਨ ਕੋਈ ਮੈਚ ਖੇਡਿਆ ਹੋਵੇ ਅਤੇ ਮਹਿਮਾਨ ਟੀਮ ਦੇ ਯਾਤਰਾ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।"