ਫਾਈਨਲ ਮੈਚ 'ਚ ਵੈਭਵ ਦੀ 175 ਦੌੜਾਂ ਦੀ ਪਾਰੀ ਸਦਕਾ ਭਾਰਤ ਨੇ 411 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 311 ਦੌੜਾਂ 'ਤੇ ਢੇਰ ਹੋ ਗਈ। ਟੀਮ ਇੰਡੀਆ ਨੇ ਇਹ ਮੈਚ 100 ਦੌੜਾਂ ਨਾਲ ਜਿੱਤ ਕੇ ਰਿਕਾਰਡ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਂ ਕੀਤੀ।

ਸਪੋਰਟਸ ਡੈਸਕ, ਨਵੀਂ ਦਿੱਲੀ : Vaibhav Suryavanshi News : ਵੈਭਵ ਸੂਰਿਆਵੰਸ਼ੀ... ਜਿਨ੍ਹਾਂ ਦੀ ਉਮਰ ਤਾਂ ਮਹਿਜ਼ 14 ਸਾਲ ਹੈ, ਪਰ ਉਨ੍ਹਾਂ ਨੇ ਵੱਡੇ-ਵੱਡੇ ਕਾਰਨਾਮੇ ਕਰ ਕੇ ਹਰ ਕਿਸੇ ਦੇ ਦਿਲ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਜੂਨੀਅਰ ਪੱਧਰ 'ਤੇ ਵੈਭਵ ਦੀ ਤਾਬੜਤੋੜ ਬੈਟਿੰਗ ਨੇ ਕਾਂਗਰਸ ਐਮਪੀ ਸ਼ਸ਼ੀ ਥਰੂਰ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਹਾਲ ਹੀ 'ਚ ਖੇਡੇ ਗਏ ਅੰਡਰ-19 ਵਿਸ਼ਵ ਕੱਪ 'ਚ ਵੈਭਵ ਐਕਸ਼ਨ 'ਚ ਨਜ਼ਰ ਆਏ ਸਨ, ਜਿੱਥੇ ਫਾਈਨਲ ਮੈਚ 'ਚ ਉਨ੍ਹਾਂ ਨੇ 80 ਗੇਂਦਾਂ 'ਚ 175 ਦੌੜਾਂ ਦੀ ਧੂੰਆਂਧਾਰ ਪਾਰੀ ਖੇਡੀ ਸੀ। ਇਸ ਪਾਰੀ 'ਚ ਉਨ੍ਹਾਂ ਨੇ 15 ਚੌਕਿਆਂ ਤੇ 15 ਛੱਕਿਆਂ ਦੀ ਮਦਦ ਨਾਲ ਕੁੱਲ 150 ਦੌੜਾਂ ਤਾਂ ਸਿਰਫ਼ ਬਾਊਂਡਰੀਆਂ ਰਾਹੀਂ ਹੀ ਬਣਾਈਆਂ ਸਨ। ਉਨ੍ਹਾਂ ਦਾ ਇਹ ਅੰਦਾਜ਼ ਦੇਖ ਕੇ ਸ਼ਸ਼ੀ ਥਰੂਰ ਨੇ ਉਨ੍ਹਾਂ ਦੀ ਤੁਲਨਾ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨਾਲ ਕਰਦੇ ਹੋਏ ਵੱਡੀ ਗੱਲ ਕਹੀ ਹੈ। ਉਹ ਚਾਹੁੰਦੇ ਹਨ ਕਿ ਜਿਵੇਂ ਸਚਿਨ ਤੇਂਦੁਲਕਰ ਨੂੰ ਟੀਮ ਇੰਡੀਆ 'ਚ ਘੱਟ ਉਮਰ 'ਚ ਹੀ ਮੌਕਾ ਮਿਲ ਗਿਆ ਸੀ, ਉਵੇਂ ਹੀ ਵੈਭਵ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ।
ਦਰਅਸਲ, ਸ਼ਸ਼ੀ ਥਰੂਰ ਨੇ ਵੈਭਵ ਸੂਰਿਆਵੰਸ਼ੀ ਦੇ ਇਕ ਇਸ਼ਤਿਹਾਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਐਕਸ (X) 'ਤੇ ਲਿਖਿਆ, "ਵੈਭਵ ਫਾਸਟ ਟ੍ਰੈਕ ਦੇ ਵੱਡੇ ਸਨਮਾਨ ਦੇ ਹੱਕਦਾਰ ਹਨ। ਪਿਛਲੀ ਵਾਰ ਜਦੋਂ ਸਾਡੇ ਕੋਲ 14 ਸਾਲ ਦਾ ਕੋਈ ਜੀਨੀਅਸ ਕ੍ਰੀਜ਼ 'ਤੇ ਸੀ ਤਾਂ ਉਸ ਦਾ ਨਾਂ ਸਚਿਨ ਤੇਂਦੁਲਕਰ ਸੀ ਤੇ ਅਸੀਂ ਉਸ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਵਾਇਆ ਸੀ।"
ਦੱਸ ਦੇਈਏ ਕਿ ਸਚਿਨ ਤੇਂਦੁਲਕਰ ਦਾ ਜਨਮ 1973 'ਚ ਹੋਇਆ ਸੀ ਅਤੇ ਮਹਿਜ਼ 16 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਭਾਰਤੀ ਟੀਮ 'ਚ ਜਗ੍ਹਾ ਮਿਲੀ ਸੀ। 1989 'ਚ ਭਾਰਤ ਦੇ ਪਾਕਿਸਤਾਨ ਦੌਰੇ 'ਤੇ ਸਚਿਨ ਨੂੰ ਮੌਕਾ ਮਿਲਿਆ। ਉਨ੍ਹਾਂ ਦੀ ਸਕੂਲ ਪੱਧਰ 'ਤੇ ਵਿਨੋਦ ਕਾਂਬਲੀ ਨਾਲ ਸਾਂਝੇਦਾਰੀ ਨੇ ਪਹਿਲਾਂ ਹੀ ਸੁਰਖੀਆਂ ਬਟੋਰ ਲਈਆਂ ਸਨ ਤੇ ਲਗਾਤਾਰ ਰਣਜੀ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਉਨ੍ਹਾਂ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ। ਦੂਜੇ ਪਾਸੇ, ਵੈਭਵ ਸੂਰਿਆਵੰਸ਼ੀ ਨੇ ਏਜ-ਗਰੁੱਪ ਕ੍ਰਿਕਟ ਤੋਂ ਆਪਣਾ ਨਾਂ ਬਣਾਇਆ ਤੇ ਫਿਰ ਆਈਪੀਐਲ 'ਚ ਸ਼ਾਨਦਾਰ ਡੈਬਿਊ ਸੀਜ਼ਨ ਦੇ ਨਾਲ ਜ਼ਬਰਦਸਤ ਤਰੀਕੇ ਨਾਲ ਆਪਣੀ ਪਛਾਣ ਬਣਾਈ।
ਅੰਡਰ-19 ਵਿਸ਼ਵ ਕੱਪ 2026 ਦੇ ਫਾਈਨਲ ਮੈਚ ਵਿਚ ਇੰਗਲੈਂਡ ਖਿਲਾਫ਼ ਸੈਂਕੜਾ ਜੜਨ ਤੋਂ ਪਹਿਲਾਂ ਅਫਗਾਨਿਸਤਾਨ ਖਿਲਾਫ਼ ਸੈਮੀਫਾਈਨਲ 'ਚ ਵੀ ਵੈਭਵ ਨੇ ਤਾਬੜਤੋੜ ਅਰਧ-ਸੈਂਕੜੇ ਵਾਲੀ ਪਾਰੀ ਖੇਡੀ ਸੀ। 400 ਤੋਂ ਵੱਧ ਦੌੜਾਂ ਬਣਾ ਕੇ ਵੈਭਵ ਅੰਡਰ-19 ਵਿਸ਼ਵ ਕੱਪ 2026 ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਨ੍ਹਾਂ ਨੂੰ ਇਸ ਪ੍ਰਦਰਸ਼ਨ ਦੇ ਦਮ 'ਤੇ 'ਪਲੇਅਰ ਆਫ ਦ ਸੀਰੀਜ਼' ਨਾਲ ਵੀ ਨਿਵਾਜਿਆ ਗਿਆ। ਫਾਈਨਲ ਮੈਚ 'ਚ ਵੈਭਵ ਦੀ 175 ਦੌੜਾਂ ਦੀ ਪਾਰੀ ਸਦਕਾ ਭਾਰਤ ਨੇ 411 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ 311 ਦੌੜਾਂ 'ਤੇ ਢੇਰ ਹੋ ਗਈ। ਟੀਮ ਇੰਡੀਆ ਨੇ ਇਹ ਮੈਚ 100 ਦੌੜਾਂ ਨਾਲ ਜਿੱਤ ਕੇ ਰਿਕਾਰਡ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਂ ਕੀਤੀ।