ਜੇ ਬੰਗਲਾਦੇਸ਼ 21 ਜਨਵਰੀ ਤੱਕ ਵੀ ਜਿੱਦ 'ਤੇ ਅੜਿਆ ਰਿਹਾ ਤਾਂ ਇਸ ਟੀਮ ਦੀ ਹੋਵੇਗੀ Wild Card' ਐਂਟਰੀ, ਆਈਸੀਸੀ ਲਵੇਗਾ ਐਕਸ਼ਨ
ਆਈਸੀਸੀ ਟੀ-20 ਰੈਂਕਿੰਗ ਵਿੱਚ ਬੰਗਲਾਦੇਸ਼ 9ਵੇਂ ਨੰਬਰ 'ਤੇ ਹੈ। ਉਸ ਤੋਂ ਬਾਅਦ ਅਫਗਾਨਿਸਤਾਨ, ਆਇਰਲੈਂਡ, ਜ਼ਿੰਬਾਬਵੇ ਅਤੇ ਨੀਦਰਲੈਂਡ ਆਉਂਦੇ ਹਨ ਪਰ ਇਹ ਸਾਰੀਆਂ ਟੀਮਾਂ ਪਹਿਲਾਂ ਹੀ ਵਿਸ਼ਵ ਕੱਪ ਦਾ ਹਿੱਸਾ ਹਨ
Publish Date: Mon, 19 Jan 2026 03:53 PM (IST)
Updated Date: Mon, 19 Jan 2026 04:02 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਆਗਾਮੀ T20 ਵਿਸ਼ਵ ਕੱਪ 2026 ਤੋਂ ਪਹਿਲਾਂ ਕ੍ਰਿਕਟ ਦੇ ਮੈਦਾਨ ਵਿੱਚ ਹਲਚਲ ਤੇਜ਼ ਹੋ ਗਈ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਧਦੇ ਵਿਵਾਦ ਕਾਰਨ ਹੁਣ ਬੰਗਲਾਦੇਸ਼ੀ ਟੀਮ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਬੰਗਲਾਦੇਸ਼ ਆਪਣੇ ਮੈਚ ਭਾਰਤ ਤੋਂ ਬਾਹਰ ਸ੍ਰੀਲੰਕਾ ਜਾਂ ਪਾਕਿਸਤਾਨ ਸ਼ਿਫਟ ਕਰਵਾਉਣ 'ਤੇ ਅੜਿਆ ਹੋਇਆ ਹੈ ਪਰ ICC ਨੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਅੰਤਿਮ ਚਿਤਾਵਨੀ ਦੇ ਦਿੱਤੀ ਹੈ।
ਸਕਾਟਲੈਂਡ ਨੂੰ ਮਿਲ ਸਕਦਾ ਹੈ ਸੁਨਹਿਰੀ ਮੌਕਾ
ICC ਨੇ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੂੰ 21 ਜਨਵਰੀ 2026 ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਬੰਗਲਾਦੇਸ਼ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ਆਉਣ ਤੋਂ ਇਨਕਾਰ ਕਰਦਾ ਹੈ ਤਾਂ ICC ਉਸ ਦੀ ਥਾਂ ਸਕਾਟਲੈਂਡ (Scotland) ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕਰ ਸਕਦੀ ਹੈ।
ਆਈਸੀਸੀ ਟੀ-20 ਰੈਂਕਿੰਗ ਵਿੱਚ ਬੰਗਲਾਦੇਸ਼ 9ਵੇਂ ਨੰਬਰ 'ਤੇ ਹੈ। ਉਸ ਤੋਂ ਬਾਅਦ ਅਫਗਾਨਿਸਤਾਨ, ਆਇਰਲੈਂਡ, ਜ਼ਿੰਬਾਬਵੇ ਅਤੇ ਨੀਦਰਲੈਂਡ ਆਉਂਦੇ ਹਨ ਪਰ ਇਹ ਸਾਰੀਆਂ ਟੀਮਾਂ ਪਹਿਲਾਂ ਹੀ ਵਿਸ਼ਵ ਕੱਪ ਦਾ ਹਿੱਸਾ ਹਨ। ਰੈਂਕਿੰਗ ਵਿੱਚ 14ਵੇਂ ਨੰਬਰ 'ਤੇ ਮੌਜੂਦ ਸਕਾਟਲੈਂਡ ਅਜਿਹੀ ਟੀਮ ਹੈ ਜਿਸ ਨੂੰ 'ਵਾਈਲਡ ਕਾਰਡ' ਰਾਹੀਂ ਮੌਕਾ ਦਿੱਤਾ ਜਾ ਸਕਦਾ ਹੈ।
ਕਿਉਂ ਸ਼ੁਰੂ ਹੋਇਆ ਵਿਵਾਦ?
ਇਸ ਵਿਵਾਦ ਦੀ ਮੁੱਖ ਜੜ੍ਹ ਮੁਸਤਫਿਜ਼ੁਰ ਰਹਿਮਾਨ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਦੀ ਟੀਮ ਵਿੱਚੋਂ ਰਿਲੀਜ਼ ਕਰਨਾ ਮੰਨੀ ਜਾ ਰਹੀ ਹੈ। BCCI ਦੇ ਨਿਰਦੇਸ਼ਾਂ ਤੋਂ ਬਾਅਦ ਹੋਈ ਇਸ ਕਾਰਵਾਈ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਨਾਰਾਜ਼ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿੱਚ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।
ICC ਨੇ ਖਾਰਿਜ ਕੀਤੀਆਂ ਮੰਗਾਂ
ਬੰਗਲਾਦੇਸ਼ ਨੇ ਆਪਣੇ ਮੈਚ ਸ੍ਰੀਲੰਕਾ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਬੰਗਲਾਦੇਸ਼ ਨੇ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਦੇ ਅਤੇ ਆਇਰਲੈਂਡ ਦੇ ਗਰੁੱਪ ਆਪਸ ਵਿੱਚ ਬਦਲ ਦਿੱਤੇ ਜਾਣ ਪਰ ਆਇਰਲੈਂਡ ਨੇ ਆਪਣੇ ਸ਼ਡਿਊਲ ਵਿੱਚ ਕਿਸੇ ਵੀ ਬਦਲਾਅ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ICC ਦਾ ਕਹਿਣਾ ਹੈ ਕਿ ਸ਼ਡਿਊਲ ਬਦਲਣ ਨਾਲ ਬ੍ਰੌਡਕਾਸਟਰਾਂ ਅਤੇ ਟਿਕਟ ਪਾਰਟਨਰਾਂ ਨਾਲ ਵੱਡਾ ਵਿਵਾਦ ਹੋ ਸਕਦਾ ਹੈ।