'ਮੈਂ ਟੀਮ 'ਚ ਰਹਿਣ ਦਾ ਹੱਕਦਾਰ ਨਹੀਂ', PSL 'ਚ ਖ਼ਰਾਬ ਫਾਰਮ ਤੋਂ ਬਾਅਦ ਪਾਕਿਸਤਾਨੀ ਸਟਾਰ ਨੇ ਖੁਦ ਦੀ ਕੀਤੀ ਆਲੋਚਨਾ
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਰਿਜ਼ਵਾਨ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, "ਜਦੋਂ ਮੈਂ ਬਿਗ ਬੈਸ਼ ਲੀਗ (BBL) ਖੇਡ ਰਿਹਾ ਸੀ ਅਤੇ ਪਾਕਿਸਤਾਨੀ ਟੀਮ ਦੀ ਚੋਣ ਹੋਈ ਸੀ, ਉਦੋਂ ਵੀ ਮੈਂ ਕਿਹਾ ਸੀ ਕਿ ਮੇਰੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੈਂ ਟੀਮ ਵਿੱਚ ਜਗ੍ਹਾ ਦਾ ਹੱਕਦਾਰ ਨਹੀਂ ਹਾਂ। ਮੈਂ ਉਹੀ ਇਨਸਾਨ ਹਾਂ ਜਿਸ ਬਾਰੇ ਤੁਸੀਂ ਕਦੇ ਕਿਹਾ ਸੀ ਕਿ ਮੈਂ ਛੱਕੇ ਨਹੀਂ ਮਾਰ ਸਕਦਾ।"
Publish Date: Sun, 19 Apr 2026 10:27 AM (IST)
Updated Date: Sun, 19 Apr 2026 10:31 AM (IST)
ਸਪੋਰਟਸ ਡੈਸਕ : ਆਮ ਤੌਰ 'ਤੇ ਹਰ ਖਿਡਾਰੀ ਚਾਹੁੰਦਾ ਹੈ ਕਿ ਚਾਹੇ ਉਸ ਦੀ ਫਾਰਮ ਖ਼ਰਾਬ ਹੀ ਕਿਉਂ ਨਾ ਹੋਵੇ, ਉਹ ਟੀਮ ਦਾ ਹਿੱਸਾ ਬਣਿਆ ਰਹੇ ਪਰ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਿਜ਼ਵਾਨ ਨੇ ਖੁਦ ਕਬੂਲ ਕੀਤਾ ਹੈ ਕਿ ਆਪਣੇ ਮੌਜੂਦਾ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਹ ਟੀਮ ਵਿੱਚ ਰਹਿਣ ਦੇ ਹੱਕਦਾਰ ਨਹੀਂ ਹਨ।
ਪਾਕਿਸਤਾਨ ਸੁਪਰ ਲੀਗ (PSL) 'ਚ ਨਿਰਾਸ਼ਾਜਨਕ ਪ੍ਰਦਰਸ਼ਨ
ਮੁਹੰਮਦ ਰਿਜ਼ਵਾਨ ਇਸ ਸਮੇਂ ਪਾਕਿਸਤਾਨ ਸੁਪਰ ਲੀਗ ਵਿੱਚ ਖੇਡ ਰਹੇ ਹਨ ਪਰ ਉਨ੍ਹਾਂ ਦਾ ਬੱਲਾ ਪੂਰੀ ਤਰ੍ਹਾਂ ਖਾਮੋਸ਼ ਹੈ। ਉਨ੍ਹਾਂ ਦੀ ਟੀਮ ਰਾਵਲਪਿੰਡੀ ਨੂੰ ਲਾਹੌਰ ਕਲੰਦਰਜ਼ ਹੱਥੋਂ 32 ਦੌੜਾਂ ਨਾਲ ਇੱਕ ਹੋਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਵਲਪਿੰਡੀ ਦੀ ਟੀਮ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ (ਆਖਰੀ) ਸਥਾਨ 'ਤੇ ਹੈ।
ਟੀਮ ਨੇ ਹੁਣ ਤੱਕ 7 ਮੈਚ ਖੇਡੇ ਹਨ ਅਤੇ ਸਾਰਿਆਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ।
ਰਿਜ਼ਵਾਨ ਨੇ ਇਸ ਸੀਜ਼ਨ ਦੀਆਂ 6 ਪਾਰੀਆਂ ਵਿੱਚ ਸਿਰਫ਼ 98 ਦੌੜਾਂ ਬਣਾਈਆਂ ਹਨ।
ਰਿਜ਼ਵਾਨ ਨੇ ਦਿਲ ਖੋਲ੍ਹ ਕੇ ਕਹੀ ਗੱਲ
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਰਿਜ਼ਵਾਨ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, "ਜਦੋਂ ਮੈਂ ਬਿਗ ਬੈਸ਼ ਲੀਗ (BBL) ਖੇਡ ਰਿਹਾ ਸੀ ਅਤੇ ਪਾਕਿਸਤਾਨੀ ਟੀਮ ਦੀ ਚੋਣ ਹੋਈ ਸੀ, ਉਦੋਂ ਵੀ ਮੈਂ ਕਿਹਾ ਸੀ ਕਿ ਮੇਰੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੈਂ ਟੀਮ ਵਿੱਚ ਜਗ੍ਹਾ ਦਾ ਹੱਕਦਾਰ ਨਹੀਂ ਹਾਂ। ਮੈਂ ਉਹੀ ਇਨਸਾਨ ਹਾਂ ਜਿਸ ਬਾਰੇ ਤੁਸੀਂ ਕਦੇ ਕਿਹਾ ਸੀ ਕਿ ਮੈਂ ਛੱਕੇ ਨਹੀਂ ਮਾਰ ਸਕਦਾ।"
ਹਾਰਿਸ ਰਊਫ਼ ਹਨ ਇਸ ਗੱਲ ਦੇ ਗਵਾਹ
ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆਂ ਰਿਜ਼ਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਤੇਜ਼ ਗੇਂਦਬਾਜ਼ ਹਾਰਿਸ ਰਊਫ਼ ਨਾਲ ਵੀ ਇਹ ਗੱਲ ਸਾਂਝੀ ਕੀਤੀ ਸੀ। ਉਨ੍ਹਾਂ ਕਿਹਾ, "ਅਸੀਂ ਡਿਨਰ ਕਰ ਰਹੇ ਸੀ ਜਦੋਂ ਮੈਂ ਹਾਰਿਸ ਨੂੰ ਕਿਹਾ ਸੀ ਕਿ ਬੀ.ਬੀ.ਐਲ. ਦੀ ਫਾਰਮ ਮੁਤਾਬਕ ਮੈਨੂੰ ਪਾਕਿਸਤਾਨੀ ਟੀਮ ਵਿੱਚ ਨਹੀਂ ਹੋਣਾ ਚਾਹੀਦਾ। ਤੁਸੀਂ ਹਾਰਿਸ ਤੋਂ ਵੀ ਪੁੱਛ ਸਕਦੇ ਹੋ, ਉਹ ਗਵਾਹ ਹੈ।"
"ਹਿੰਮਤ ਨਹੀਂ ਹਾਰਾਂਗਾ"
ਖ਼ਰਾਬ ਫਾਰਮ ਦੇ ਬਾਵਜੂਦ ਰਿਜ਼ਵਾਨ ਨੇ ਸਾਫ਼ ਕੀਤਾ ਕਿ ਉਹ ਮੈਦਾਨ ਛੱਡ ਕੇ ਭੱਜਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ, "ਬੇਸ਼ੱਕ ਮੇਰਾ ਪ੍ਰਦਰਸ਼ਨ ਮਾੜਾ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਹਿੰਮਤ ਹਾਰ ਕੇ ਬੈਠ ਜਾਵਾਂ ਜਾਂ ਕ੍ਰਿਕਟ ਛੱਡ ਦੇਵਾਂ। ਮੈਂ ਕੋਸ਼ਿਸ਼ ਕਰਾਂਗਾ, ਜੇ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ। ਮੈਂ ਕਈ ਵਾਰ ਕਹਿ ਚੁੱਕਾ ਹਾਂ ਕਿ ਜੇ ਮੇਰਾ ਪ੍ਰਦਰਸ਼ਨ ਠੀਕ ਨਹੀਂ ਹੈ ਤਾਂ ਦੂਜਿਆਂ ਨੂੰ ਮੌਕਾ ਦੇ ਦਿਓ।"