ਗੌਤਮ ਗੰਭੀਰ ਦਾ ਮੌਜੂਦਾ ਕਰਾਰ 2027 ਦੇ ਵਨਡੇ ਵਿਸ਼ਵ ਕੱਪ ਤੱਕ ਹੈ, ਪਰ ਰਿਪੋਰਟਾਂ ਅਨੁਸਾਰ ਇਸ ਨੂੰ 2028 ਦੇ ਟੀ-20 ਵਿਸ਼ਵ ਕੱਪ ਤੱਕ ਵਧਾਇਆ ਜਾ ਸਕਦਾ ਹੈ। ਗੰਭੀਰ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਟੀਮ ਨੂੰ ਅੱਗੇ ਲਿਜਾਣ ਦੇ ਪੱਖ ਵਿੱਚ ਹਨ।

ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮੁਨਾਫ ਪਟੇਲ ਨੇ ਹੈੱਡ ਕੋਚ ਗੌਤਮ ਗੰਭੀਰ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਖਿਡਾਰੀਆਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੰਭੀਰ ਨੂੰ ਬਹੁਤ ਸਾਰੇ ਲੋਕ ਪਸੰਦ ਨਹੀਂ ਕਰਦੇ, ਪਰ ਉਹ ਇੱਕ ਸੱਚੇ ਇਨਸਾਨ ਹਨ।
ਮੁਨਾਫ ਪਟੇਲ ਵੱਲੋਂ ਗੰਭੀਰ ਦਾ ਬਚਾਅ
ਦਰਅਸਲ, ਟਾਈਮਜ਼ ਆਫ ਇੰਡੀਆ ਦੇ ‘ਬਾਂਬੇ ਸਪੋਰਟਸ ਐਕਸਚੇਂਜ’ ਪੋਡਕਾਸਟ ਵਿੱਚ ਗੱਲ ਕਰਦਿਆਂ ਮੁਨਾਫ ਪਟੇਲ ਨੇ ਕਿਹਾ, "ਇਹ ਯਾਦ ਰੱਖਿਓ ਕਿ ਗੌਤਮ ਗੰਭੀਰ ਵਰਗੇ ਹੈੱਡ ਕੋਚ ਨੂੰ ਜੇਕਰ ਹਟਾ ਦਿੱਤਾ ਜਾਂਦਾ ਹੈ ਤਾਂ ਖਿਡਾਰੀਆਂ ਨੂੰ ਹੈਂਡਲ ਕਰਨਾ ਬਹੁਤ ਔਖਾ ਹੋ ਜਾਵੇਗਾ। ਉਹ ਬਹੁਤ ਇਮਾਨਦਾਰ ਇਨਸਾਨ ਹਨ। ਉਹ ਹਮੇਸ਼ਾ ਸੱਚ ਬੋਲਦੇ ਹਨ ਅਤੇ ਕਈ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ।"
ਗੰਭੀਰ ਦੇ ਕੋਚਿੰਗ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ ਤਿੰਨ ਵੱਡੇ ਖਿਤਾਬ ਜਿੱਤੇ ਹਨ— ਚੈਂਪੀਅਨਜ਼ ਟਰਾਫੀ, ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ। ਹਾਲਾਂਕਿ, ਟੈਸਟ ਕ੍ਰਿਕਟ ਵਿੱਚ ਭਾਰਤ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੇ ਅਹੁਦੇ 'ਤੇ ਸਵਾਲ ਉੱਠਣ ਲੱਗੇ।
ਮੁਨਾਫ ਪਟੇਲ, ਜੋ ਕਿ 2011 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ, ਨੇ ਅੱਗੇ ਕਿਹਾ:"ਗੰਭੀਰ ਹੀ ਇੱਕ ਅਜਿਹੇ ਸ਼ਖਸ ਹਨ ਜੋ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਹਨ। ਉਨ੍ਹਾਂ ਤੋਂ ਬਿਨਾਂ ਕੋਈ ਹੋਰ ਕੋਚ ਅਜਿਹਾ ਨਹੀਂ ਕਰ ਸਕੇਗਾ ਕਿਉਂਕਿ ਖਿਡਾਰੀ ਉਨ੍ਹਾਂ ਤੋਂ ਡਰਦੇ ਹਨ। ਗੰਭੀਰ ਕ੍ਰਿਕਟ ਨੂੰ ਪਿਆਰ ਕਰਦੇ ਹਨ, ਪੈਸਿਆਂ ਨੂੰ ਨਹੀਂ। ਤੁਸੀਂ ਉਨ੍ਹਾਂ ਨੂੰ ਕਦੇ ਪੈਸਿਆਂ ਲਈ ਲੜਦੇ ਨਹੀਂ ਦੇਖੋਗੇ। ਉਹ ਸੱਚ ਬੋਲਦੇ ਹਨ ਅਤੇ ਜੋ ਵੀ ਕਹਿੰਦੇ ਹਨ ਮੂੰਹ 'ਤੇ ਕਹਿੰਦੇ ਹਨ, ਉਨ੍ਹਾਂ ਦੇ ਮਨ ਵਿੱਚ ਕੋਈ ਖੋਟ ਨਹੀਂ ਹੈ।"
ਸੁਪਰਸਟਾਰ ਖਿਡਾਰੀਆਂ ਨੂੰ ਮੈਨੇਜ ਕਰਨਾ
ਮੁਨਾਫ ਨੇ ਕਿਹਾ ਕਿ ਗੰਭੀਰ ਕੋਲ ਉਹ ਹਿੰਮਤ ਹੈ ਕਿ ਉਹ ਚਾਹੁਣ ਤਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਸੁਪਰਸਟਾਰ ਖਿਡਾਰੀਆਂ ਨੂੰ ਵੀ ਟੀਮ ਵਿੱਚੋਂ ਬਾਹਰ (ਡਰੌਪ) ਕਰ ਸਕਦੇ ਹਨ। ਉਨ੍ਹਾਂ ਵੱਡੇ ਨਾਵਾਂ ਨੂੰ ਮੈਨੇਜ ਕਰਨਾ ਹੀ ਵੱਡੀ ਗੱਲ ਹੈ। ਗੰਭੀਰ ਦੇਸ਼ ਅਤੇ ਕੋਚਿੰਗ ਲਈ ਕਈਆਂ ਨਾਲ ਦੁਸ਼ਮਣੀ ਮੁੱਲ ਲੈ ਰਹੇ ਹਨ। ਜੇਕਰ ਉਹ ਕੋਚਿੰਗ ਤੋਂ ਹਟਦੇ ਹਨ ਤਾਂ ਚੀਜ਼ਾਂ ਬਿਖਰ ਜਾਣਗੀਆਂ ਕਿਉਂਕਿ ਉਹ ਟੀਮ ਨੂੰ ਕੰਟਰੋਲ ਵਿੱਚ ਰੱਖਦੇ ਹਨ।
2028 ਤੱਕ ਵਧ ਸਕਦਾ ਹੈ ਕਰਾਰ
ਗੌਤਮ ਗੰਭੀਰ ਦਾ ਮੌਜੂਦਾ ਕਰਾਰ 2027 ਦੇ ਵਨਡੇ ਵਿਸ਼ਵ ਕੱਪ ਤੱਕ ਹੈ, ਪਰ ਰਿਪੋਰਟਾਂ ਅਨੁਸਾਰ ਇਸ ਨੂੰ 2028 ਦੇ ਟੀ-20 ਵਿਸ਼ਵ ਕੱਪ ਤੱਕ ਵਧਾਇਆ ਜਾ ਸਕਦਾ ਹੈ। ਗੰਭੀਰ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਟੀਮ ਨੂੰ ਅੱਗੇ ਲਿਜਾਣ ਦੇ ਪੱਖ ਵਿੱਚ ਹਨ।