IPL 2026 ਦੇ ਵਿਚਾਲੇ CSK ਨੂੰ ਲੱਗਿਆ ਵੱਡਾ ਝਟਕਾ : 4.8 ਕਰੋੜ ਦਾ ਪ੍ਰਮੁੱਖ ਤੇਜ਼ ਗੇਂਦਬਾਜ਼ ਲੀਗ ਤੋਂ ਹੋ ਸਕਦਾ ਹੈ ਬਾਹਰ
ਸੀਐਸਕੇ ਦੇ ਪ੍ਰਸ਼ੰਸਕਾਂ ਲਈ ਇੱਕ ਰਾਹਤ ਭਰੀ ਖ਼ਬਰ ਇਹ ਹੈ ਕਿ ਸਾਬਕਾ ਕਪਤਾਨ ਐਮਐਸ ਧੋਨੀ ਜਲਦ ਹੀ ਮੈਦਾਨ 'ਤੇ ਨਜ਼ਰ ਆ ਸਕਦੇ ਹਨ। ਰਿਪੋਰਟਾਂ ਅਨੁਸਾਰ, ਧੋਨੀ 23 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਵਾਨਖੇੜੇ ਸਟੇਡੀਅਮ ਵਿੱਚ ਆਪਣਾ ਪਹਿਲਾ ਮੈਚ ਖੇਡ ਸਕਦੇ ਹਨ।
Publish Date: Thu, 16 Apr 2026 12:50 PM (IST)
Updated Date: Thu, 16 Apr 2026 12:54 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ (CSK) ਲਈ ਆਈਪੀਐਲ 2026 ਦੇ ਸੀਜ਼ਨ ਦੌਰਾਨ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਸੱਜੀ ਲੱਤ ਦੀ ਗੰਭੀਰ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਸਕਦੇ ਹਨ। ਖਲੀਲ, ਜਿਨ੍ਹਾਂ ਨੂੰ ਸੀਐਸਕੇ ਨੇ 4.8 ਕਰੋੜ ਰੁਪਏ ਵਿੱਚ ਖਰੀਦਿਆ ਸੀ, ਨੇ 14 ਅਪ੍ਰੈਲ ਨੂੰ ਕੇਕੇਆਰ (KKR) ਵਿਰੁੱਧ ਖੇਡੇ ਗਏ ਮੈਚ ਦੌਰਾਨ ਦਰਦ ਦੀ ਸ਼ਿਕਾਇਤ ਕੀਤੀ ਸੀ।
ਸੱਟ ਕਾਰਨ 10-12 ਹਫ਼ਤੇ ਲੱਗ ਸਕਦੇ ਹਨ
ਆਈਪੀਐਲ ਦੇ ਸੂਤਰਾਂ ਅਨੁਸਾਰ, ਖਲੀਲ ਅਹਿਮਦ ਦੀ ਸੱਟ 'ਗ੍ਰੇਡ-2' ਦੀ ਹੈ, ਜਿਸ ਨੂੰ ਠੀਕ ਹੋਣ ਵਿੱਚ ਘੱਟੋ-ਘੱਟ 10 ਤੋਂ 12 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਇਸਦਾ ਮਤਲਬ ਹੈ ਕਿ ਉਹ ਪੂਰੇ ਸੀਜ਼ਨ ਤੋਂ ਬਾਹਰ ਹੋ ਸਕਦੇ ਹਨ। ਖਲੀਲ ਨੇ ਹੁਣ ਤੱਕ ਖੇਡੇ ਗਏ 5 ਮੈਚਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਅਤੇ 8.67 ਦੀ ਇਨਕਾਨਮੀ ਰੇਟ ਨਾਲ ਟੀਮ ਦੇ ਦੂਜੇ ਸਭ ਤੋਂ ਕਿਫ਼ਾਇਤੀ ਗੇਂਦਬਾਜ਼ ਰਹੇ ਸਨ।
ਐਮਐਸ ਧੋਨੀ ਦੀ ਵਾਪਸੀ 'ਤੇ ਵੱਡੀ ਅਪਡੇਟ
ਸੀਐਸਕੇ ਦੇ ਪ੍ਰਸ਼ੰਸਕਾਂ ਲਈ ਇੱਕ ਰਾਹਤ ਭਰੀ ਖ਼ਬਰ ਇਹ ਹੈ ਕਿ ਸਾਬਕਾ ਕਪਤਾਨ ਐਮਐਸ ਧੋਨੀ ਜਲਦ ਹੀ ਮੈਦਾਨ 'ਤੇ ਨਜ਼ਰ ਆ ਸਕਦੇ ਹਨ। ਰਿਪੋਰਟਾਂ ਅਨੁਸਾਰ, ਧੋਨੀ 23 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਵਾਨਖੇੜੇ ਸਟੇਡੀਅਮ ਵਿੱਚ ਆਪਣਾ ਪਹਿਲਾ ਮੈਚ ਖੇਡ ਸਕਦੇ ਹਨ। 44 ਸਾਲਾ ਧੋਨੀ ਪਿੰਜਣੀ (Calf) ਦੀ ਸੱਟ ਕਾਰਨ ਸ਼ੁਰੂਆਤੀ ਮੈਚਾਂ ਤੋਂ ਬਾਹਰ ਸਨ ਪਰ ਹੁਣ ਉਹ ਪੂਰੀ ਤਰ੍ਹਾਂ ਫਿੱਟ ਹੋਣ ਦੇ ਕਰੀਬ ਹਨ।
ਕੌਣ ਲਵੇਗਾ ਖਲੀਲ ਅਹਿਮਦ ਦੀ ਜਗ੍ਹਾ
ਜੇਕਰ ਖਲੀਲ ਅਹਿਮਦ ਅਧਿਕਾਰਤ ਤੌਰ 'ਤੇ ਬਾਹਰ ਹੁੰਦੇ ਹਨ, ਤਾਂ ਚੇਨਈ ਸੁਪਰ ਕਿੰਗਜ਼ ਕੋਲ ਦੋ ਮੁੱਖ ਵਿਕਲਪ ਹਨ।
ਰਾਮਕ੍ਰਿਸ਼ਨ ਘੋਸ਼: ਮਹਾਰਾਸ਼ਟਰ ਦਾ ਇਹ ਉਭਰਦਾ ਖਿਡਾਰੀ ਸਭ ਤੋਂ ਅੱਗੇ ਹੈ। ਘੋਸ਼ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ 42 ਰਨ ਦੇ ਕੇ 7 ਵਿਕਟਾਂ ਲੈ ਕੇ ਇਤਿਹਾਸ ਰਚਿਆ ਸੀ ਅਤੇ ਉਹ ਬੱਲੇ ਨਾਲ ਵੀ ਚੰਗਾ ਯੋਗਦਾਨ ਪਾ ਸਕਦੇ ਹਨ।
ਮੁਕੇਸ਼ ਚੌਧਰੀ: ਸੀਐਸਕੇ ਕੋਲ ਪੁਰਾਣੇ ਭਰੋਸੇਮੰਦ ਗੇਂਦਬਾਜ਼ ਮੁਕੇਸ਼ ਚੌਧਰੀ ਦਾ ਵਿਕਲਪ ਵੀ ਮੌਜੂਦ ਹੈ।
ਖਲੀਲ ਦਾ ਬਾਹਰ ਹੋਣਾ ਸੀਐਸਕੇ ਦੀ ਗੇਂਦਬਾਜ਼ੀ ਯੂਨਿਟ ਲਈ ਇੱਕ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਖੱਬੇ ਹੱਥ ਨਾਲ ਚੰਗੀ ਸਵਿੰਗ ਕਰਾਉਣ ਵਿੱਚ ਮਾਹਿਰ ਹਨ।