ਭਾਰਤੀ ਟੀਮ ਨੇ ਇੱਥੇ ਪਿਛਲੇ ਦੋ ਵੱਡੇ ਮੈਚ ਹਾਰੇ ਹਨ। 2023 ’ਚ ਹੋਏ ਫਾਈਨਲ ਤੋਂ ਇਲਾਵਾ ਉਸ ਨੂੰ ਇਸ ਟੀ-20 ਵਿਸ਼ਵ ਕੱਪ ਦੇ ਸੁਪਰ-8 ’ਚ ਦੱਖਣੀ ਅਫਰੀਕਾ ਖ਼ਿਲਾਫ਼ ਹਾਰ ਮਿਲੀ। ਭਾਰਤੀ ਟੀਮ ਇਸ ਵਾਰ ਅਹਿਮਦਾਬਾਦ ਦੇ ਉਸ ਹੋਟਲ ’ਚ ਵੀ ਨਹੀਂ ਰੁਕੀ ਜਿਸ ’ਚ ਉਹ 2023 ’ਚ ਤੇ ਇਸ ਵਾਰ ਸੁਪਰ-8 ਦੇ ਦੌਰਾਨ ਰਹੀ ਸੀ। ਫਾਈਨਲ ਮੁਕਾਬਲਾ ਵੀ ਉਸ ਪਿੱਚ ’ਤੇ ਨਹੀਂ ਖੇਡਿਆ ਜਾਵੇਗਾ ਜਿਸ ’ਤੇ 2023 ਦਾ ਫਾਈਨਲ ਹੋਇਆ ਸੀ।

ਅਭਿਸ਼ੇਕ ਤ੍ਰਿਪਾਠੀ, ਜਾਗਰਣ, ਅਹਿਮਦਾਬਾਦ : 840 ਦਿਨ ਬੀਤ ਚੁੱਕੇ ਹਨ, ਉਸ ਤੋਂ ਬਾਅਦ ਅਸੀਂ ਇਕ ਟੀ-20 ਵਿਸ਼ਵ ਕੱਪ ਤੇ ਇਕ ਚੈਂਪੀਅਨਜ਼ ਟਰਾਫੀ ਜਿੱਤ ਚੁੱਕੇ ਹਾਂ ਪਰ 19 ਨਵੰਬਰ 2023 ਦੀ ਰਾਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ’ਚ ਮਿਲਿਆ ਦਰਦ ਹੁਣ ਤੱਕ ਘੱਟ ਨਹੀਂ ਹੋਇਆ ਹੈ। ਆਸਟ੍ਰੇਲੀਆ ਨੇ ਨਰਿੰਦਰ ਮੋਦੀ ਸਟੇਡੀਅਮ ’ਚ ਭਾਰਤ ਨੂੰ ਵਨ ਡੇ ਵਿਸ਼ਵ ਕੱਪ ਫਾਈਨਲ ’ਚ ਹਰਾ ਕੇ ਅਜਿਹਾ ਜ਼ਖ਼ਮ ਦਿੱਤਾ ਸੀ ਜੋ ਹੁਣ ਤੱਕ ਨਹੀਂ ਭਰ ਸਕਿਆ ਹੈ। ਮੈਦਾਨ ’ਚ ਮੌਜੂਦ 93000 ਦਰਸ਼ਕਾਂ ਦੇ ਨਾਲ 140 ਕਰੋੜ ਭਾਰਤੀਆਂ ਦੇ ਹੰਝੂ ਕੋਈ ਭੁੱਲ ਨਹੀਂ ਸਕਦਾ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਉਦਾਸ ਚਿਹਰਾ ਅੱਜ ਵੀ ਸਭ ਨੂੰ ਯਾਦ ਹੈ। ਹੁਣ ਉਸੇ ਮੈਦਾਨ ’ਤੇ ਸੂਰਿਆਕੁਮਾਰ ਯਾਦਵ ਦੀ ਟੀਮ ਸਾਰੀਆਂ ਮਿੱਥਾਂ ਨੂੰ ਤੋੜਦੇ ਹੋਏ ਨਿਊਜ਼ੀਲੈਂਡ ਖ਼ਿਲਾਫ਼ ਲਗਾਤਾਰ ਦੂਜਾ ਤੇ ਕੁੱਲ ਤੀਜਾ ਟੀ-20 ਵਿਸ਼ਵ ਕੱਪ ਜਿੱਤਣ ਉਤਰੇਗੀ।
ਭਾਰਤੀ ਟੀਮ ਨੇ ਇੱਥੇ ਪਿਛਲੇ ਦੋ ਵੱਡੇ ਮੈਚ ਹਾਰੇ ਹਨ। 2023 ’ਚ ਹੋਏ ਫਾਈਨਲ ਤੋਂ ਇਲਾਵਾ ਉਸ ਨੂੰ ਇਸ ਟੀ-20 ਵਿਸ਼ਵ ਕੱਪ ਦੇ ਸੁਪਰ-8 ’ਚ ਦੱਖਣੀ ਅਫਰੀਕਾ ਖ਼ਿਲਾਫ਼ ਹਾਰ ਮਿਲੀ। ਭਾਰਤੀ ਟੀਮ ਇਸ ਵਾਰ ਅਹਿਮਦਾਬਾਦ ਦੇ ਉਸ ਹੋਟਲ ’ਚ ਵੀ ਨਹੀਂ ਰੁਕੀ ਜਿਸ ’ਚ ਉਹ 2023 ’ਚ ਤੇ ਇਸ ਵਾਰ ਸੁਪਰ-8 ਦੇ ਦੌਰਾਨ ਰਹੀ ਸੀ। ਫਾਈਨਲ ਮੁਕਾਬਲਾ ਵੀ ਉਸ ਪਿੱਚ ’ਤੇ ਨਹੀਂ ਖੇਡਿਆ ਜਾਵੇਗਾ ਜਿਸ ’ਤੇ 2023 ਦਾ ਫਾਈਨਲ ਹੋਇਆ ਸੀ। ਤਦ ਕਾਲੀ ਮਿੱਟੀ ਦੀ ਪਿੱਚ ’ਤੇ ਮੈਚ ਹੋਇਆ ਸੀ। ਇਸ ਵਾਰ ਲਾਲ ਤੇ ਕਾਲੀ ਮਿੱਟੀ ਨੂੰ ਮਿਕਸ ਕਰ ਕੇ ਬਣੀ ਪਿੱਚ ’ਤੇ ਫਾਈਨਲ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੋਈ ਵੀ ਟੀਮ ਲਗਾਤਾਰ ਦੋ ਵਾਰ ਟੀ-20 ਚੈਂਪੀਅਨ ਨਹੀਂ ਬਣੀ ਹੈ ਤੇ ਨਾ ਹੀ ਕਿਸੇ ਟੀਮ ਨੇ ਆਪਣੇ ਘਰ ’ਤੇ ਇਹ ਟਰਾਫੀ ਜਿੱਤੀ ਹੈ। ਇਸ ਦੇ ਬਾਵਜੂਦ ਭਾਰਤੀ ਟੀਮ ਅਹਿਮਦਾਬਾਦ ’ਚ ਇਹ ਇਤਿਹਾਸ ਰਚਨ ਲਈ ਤਿਆਰ ਹੈ ਜਿਸ ਦਾ ਦੁਨੀਆ ਭਰ ਦਾ ਹਰ ਭਾਰਤੀ ਗਵਾਹ ਬਣਨਾ ਚਾਹੁੰਦਾ ਹੈ।
ਨੰਬਰ ਗੇਮ
-02 ਟੀ-20 ਵਿਸ਼ਵ ਕੱਪ ਭਾਰਤ ਨੇ ਜਿੱਤੇ ਹਨ ਜਦਕਿ ਨਿਊਜ਼ੀਲੈਂਡ ਹੁਣ ਤੱਕ ਨਾ ਹੀ ਟੀ-20 ਵਿਸ਼ਵ ਕੱਪ ਜਿੱਤ ਸਕਿਆ ਹੈ ਤੇ ਨਾ ਹੀ ਵਨ ਡੇ ਵਿਸ਼ਵ ਕੱਪ।
-ਭਾਰਤੀ ਟੀਮ ਲਗਾਤਾਰ ਦੋ ਟੀ-20 ਕੱਪ ਜਿੱਤਣ ਵਾਲੀ ਅਤੇ ਘਰ ’ਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਬਣ ਸਕਦੀ ਹੈ
-03 ਟੀ-20 ਵਿਸ਼ਵ ਕੱਪ ਹੁਣ ਤੱਕ ਕਿਸੇ ਟੀਮ ਨੇ ਨਹੀਂ ਜਿੱਤੇ। ਭਾਰਤ, ਇੰਗਲੈਂਡ ਤੇ ਵੈਸਟਇੰਡੀਜ਼ ਨੇ ਸਭ ਤੋਂ ਵੱਧ ਦੋ-ਦੋ ਵਾਰ ਇਹ ਟਰਾਫੀ ਜਿੱਤੀ ਹੈ ਜਦਕਿ ਪਾਕਿਸਤਾਨ, ਸ੍ਰੀਲੰਕਾ ਤੇ ਆਸਟ੍ਰੇਲੀਆ ਇਕ-ਇਕ ਵਾਰ ਚੈਂਪੀਅਨ ਬਣੇ ਹਨ।
-04 ਵਾਰ ਇਸ ਟੂਰਨਾਮੈਂਟ ਦੇ ਫਾਈਨਲ ’ਚ ਪੁੱਜਣ ਵਾਲੀ ਭਾਰਤੀ ਟੀਮ ਇਕੱਲੀ ਹੈ। ਨਿਊਜ਼ੀਲੈਂਡ ਦੂਜੀ ਵਾਰ ਫਾਈਨਲ ’ਚ ਪੁੱਜੀ ਹੈ। 2021 ਦੇ ਫਾਈਨਲ ’ਚ ਆਸਟ੍ਰੇਲੀਆ ਨੇ ਉਸ ਨੂੰ ਹਰਾਇਆ ਸੀ।
-07 ਆਈਸੀਸੀ ਫਾਈਨਲ ’ਚ ਨਿਊਜ਼ੀਲੈਂਡ ਦੀ ਟੀਮ ਪੁੱਜੀ ਹੈ ਜਿਸ ’ਚ ਉਸ ਨੇ 2000 ’ਚ ਚੈਂਪੀਅਨਜ਼ ਟਰਾਫੀ ਤੇ 2021 ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਹੀ ਜਿੱਤਿਆ ਹੈ। ਪਿਛਲੇ ਸਾਲ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਹੀ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕੀਤੀ ਹੈ।