ਅਨੁਰਾਗ ਠਾਕੁਰ BCCI 'ਚ ਸੰਭਾਲ ਸਕਦੇ ਹਨ ਅਹੁਦਾ, ਸੁਪਰੀਮ ਕੋਰਟ ਨੇ ਪਾਬੰਦੀ ਹਟਾਈ
ਜਦੋਂ 2017 ਵਿੱਚ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਸੀ, ਉਦੋਂ ਉਹ ਬੀਸੀਸੀਆਈ ਦੇ ਪ੍ਰਧਾਨ ਸਨ। ਉਸ ਸਮੇਂ ਦੇ ਚੀਫ਼ ਜਸਟਿਸ ਤੀਰਥ ਸਿੰਘ ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਅਨੁਰਾਗ ਠਾਕੁਰ ਨੂੰ ਬੋਰਡ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਹੁਕਮ ਜਾਰੀ ਕੀਤਾ ਸੀ।
Publish Date: Fri, 06 Feb 2026 10:54 AM (IST)
Updated Date: Fri, 06 Feb 2026 11:28 AM (IST)
ਨਵੀਂ ਦਿੱਲੀ, ਪ੍ਰੈਟ੍ਰ: ਸੁਪਰੀਮ ਕੋਰਟ ਨੇ ਵੀਰਵਾਰ ਨੂੰ ਭਾਜਪਾ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿੱਚ ਅਹੁਦਾ ਸੰਭਾਲਣ 'ਤੇ ਲੱਗੀ ਪਾਬੰਦੀ ਨੂੰ ਖ਼ਤਮ ਕਰਦਿਆਂ ਵੱਡੀ ਰਾਹਤ ਦਿੱਤੀ ਹੈ। ਅਨੁਰਾਗ ਹੁਣ ਬੀਸੀਸੀਆਈ ਦੇ ਅਹੁਦੇਦਾਰ ਵਜੋਂ ਕਾਰਜਭਾਰ ਸੰਭਾਲ ਸਕਣਗੇ।
ਸਾਲ 2017 ਵਿੱਚ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਾ ਕਰਨ ਕਾਰਨ ਅਨੁਰਾਗ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਲੋਢਾ ਕਮੇਟੀ ਦੇ ਨਿਯਮਾਂ ਵਿੱਚ ਉਮਰ ਸੀਮਾ ਅਤੇ ਸਰਕਾਰੀ ਅਹੁਦੇ ਵਰਗੀਆਂ ਕਈ ਸਖ਼ਤ ਸ਼ਰਤਾਂ ਸ਼ਾਮਲ ਸਨ। ਮੰਨਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਭਾਰਤੀ ਕ੍ਰਿਕਟ ਦੇ ਪ੍ਰਬੰਧਕੀ ਢਾਂਚੇ ਵਿੱਚ ਇੱਕ ਵੱਡਾ ਮੋੜ ਲਿਆ ਸਕਦਾ ਹੈ।
2017 ਦੇ ਹੁਕਮਾਂ ਵਿੱਚ ਸੋਧ
ਸੁਪਰੀਮ ਕੋਰਟ ਨੇ ਅਨੁਰਾਗ ਠਾਕੁਰ 'ਤੇ ਪਾਬੰਦੀ ਹਟਾਉਂਦੇ ਹੋਏ ਸਾਲ 2017 ਵਿੱਚ ਪਾਸ ਕੀਤੇ ਆਪਣੇ ਹੁਕਮਾਂ ਵਿੱਚ ਸੋਧ ਕਰ ਦਿੱਤੀ ਹੈ। ਹੁਣ ਅਨੁਰਾਗ ਠਾਕੁਰ ਬੀਸੀਸੀਆਈ ਨਾਲ ਸਬੰਧਤ ਕੰਮਾਂ ਅਤੇ ਮੀਟਿੰਗਾਂ ਵਿੱਚ ਸ਼ਾਮਲ ਹੋ ਸਕਣਗੇ। ਪਹਿਲਾਂ ਦੇ ਹੁਕਮਾਂ ਵਿੱਚ ਅਨੁਰਾਗ ਨੂੰ ਬੀਸੀਸੀਆਈ ਦੀਆਂ ਅੰਦਰੂਨੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਨਿਰਦੇਸ਼ ਸੀ।
ਜਦੋਂ 2017 ਵਿੱਚ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਸੀ, ਉਦੋਂ ਉਹ ਬੀਸੀਸੀਆਈ ਦੇ ਪ੍ਰਧਾਨ ਸਨ। ਉਸ ਸਮੇਂ ਦੇ ਚੀਫ਼ ਜਸਟਿਸ ਤੀਰਥ ਸਿੰਘ ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਅਨੁਰਾਗ ਠਾਕੁਰ ਨੂੰ ਬੋਰਡ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਹੁਕਮ ਜਾਰੀ ਕੀਤਾ ਸੀ।
ਅਦਾਲਤ ਦੀ ਟਿੱਪਣੀ
ਹੁਣ ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਉਸ ਹੁਕਮ ਵਿੱਚ ਸੋਧ ਕੀਤੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜਾਏ ਮਾਲਿਆ ਬਾਗਚੀ ਦੀ ਬੈਂਚ ਨੇ ਹੁਣ ਅਨੁਰਾਗ ਠਾਕੁਰ ਨੂੰ ਬੀਸੀਸੀਆਈ ਦੇ ਅੰਦਰੂਨੀ, ਪ੍ਰਬੰਧਕੀ ਅਤੇ ਹੋਰ ਮਾਮਲਿਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਨਵਰੀ 2017 ਵਿੱਚ ਲਗਾਈ ਗਈ ਪਾਬੰਦੀ ਉਮਰ ਭਰ ਦੀ ਅਯੋਗਤਾ ਵਜੋਂ ਨਹੀਂ ਸੀ ਲਗਾਈ ਗਈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਸ ਦਾ ਇਰਾਦਾ ਉਮਰ ਭਰ ਲਈ ਪਾਬੰਦੀ ਲਗਾਉਣ ਦਾ ਨਹੀਂ ਸੀ ਅਤੇ ਨਾ ਹੀ ਇਹ ਉਚਿਤ ਹੈ। ਅਨੁਰਾਗ ਪਹਿਲਾਂ ਹੀ ਬਿਨਾਂ ਸ਼ਰਤ ਮਾਫ਼ੀ ਮੰਗ ਚੁੱਕੇ ਹਨ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ।