ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਤੋਂ ਜਵਾਬ ਮੰਗਿਆ ਕਿ ਉਹ ਭਾਰਤ ਖ਼ਿਲਾਫ਼ ਕਿਉਂ ਨਹੀਂ ਖੇਡ ਰਹੇ। ਨਾਲ ਹੀ ਉਨ੍ਹਾਂ ਨੇ ਇਸ ਦੇ ਨੁਕਸਾਨ ਵੀ ਗਿਣਵਾਏ। ਇਸ ਤੋਂ ਬਾਅਦ ਪੀਸੀਬੀ ਦੇ ਤੇਵਰ ਬਦਲੇ ਅਤੇ ਉਨ੍ਹਾਂ ਨੇ ਆਈਸੀਸੀ ਨਾਲ ਰਸਮੀ ਗੱਲਬਾਤ ਸ਼ੁਰੂ ਕੀਤੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2026 ਦਾ ਭਾਵੇਂ 7 ਫਰਵਰੀ ਨੂੰ ਆਗਾਜ਼ ਹੋ ਗਿਆ ਹੋਵੇ, ਪਰ 15 ਫਰਵਰੀ ਨੂੰ ਭਾਰਤ-ਪਾਕਿਸਤਾਨ ਦਾ ਮੈਚ ਹੋਵੇਗਾ ਜਾਂ ਨਹੀਂ, ਇਸ 'ਤੇ ਅਜੇ ਤਕ ਕੋਈ ਫੈਸਲਾ ਨਹੀਂ ਹੋਇਆ ਹੈ। ਹਾਲਾਂਕਿ, ਇਸ ਮਾਮਲੇ 'ਚ ਇਕ ਨਾਟਕੀ ਮੋੜ ਆ ਗਿਆ ਹੈ।
ਐਤਵਾਰ ਸ਼ਾਮ ਆਈਸੀਸੀ (ICC) ਤੇ ਪੀਸੀਬੀ (PCB) ਵਿਚਾਲੇ ਹੋਣ ਵਾਲੀ ਮੀਟਿੰਗ 'ਚ ਇਸ ਦਾ ਫੈਸਲਾ ਹੋ ਜਾਵੇਗਾ। ਇਸ ਬੈਠਕ 'ਚ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਵੀ ਹਿੱਸਾ ਲੈ ਸਕਦੇ ਹਨ, ਜਿਸ ਲਈ ਉਹ ਲਾਹੌਰ ਪਹੁੰਚ ਗਏ ਹਨ। ਆਈਸੀਸੀ ਦੇ ਦੋ ਅਧਿਕਾਰੀ (ਇਮਰਾਨ ਖਵਾਜ਼ਾ ਅਤੇ ਮੁਬਾਸ਼ਿਰ ਉਸਮਾਨੀ) ਵੀ ਬੀਸੀਬੀ ਤੇ ਪੀਸੀਬੀ ਦੀ ਬੈਠਕ ਲਈ ਲਾਹੌਰ ਪਹੁੰਚ ਚੁੱਕੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਅਮੀਨੁਲ ਇਸਲਾਮ ਅੱਜ ਲਾਹੌਰ 'ਚ ਪੀਸੀਬੀ ਪ੍ਰਧਾਨ ਮੋਹਸਿਨ ਨਕਵੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਰਤ-ਪਾਕਿਸਤਾਨ ਮੈਚ 'ਤੇ ਵੀ ਚਰਚਾ ਹੋਵੇਗੀ। ਇੰਨਾ ਹੀ ਨਹੀਂ, ਆਈਸੀਸੀ ਦੀ ਜ਼ੂਮ (Zoom) 'ਤੇ ਇਕ ਬੈਠਕ ਹੋਵੇਗੀ। ਇਸ ਮੀਟਿੰਗ 'ਚ ਆਈਸੀਸੀ ਦੇ ਸੀਈਓ ਸੰਜੋਗ ਗੁਪਤਾ, ਮੋਹਸਿਨ ਨਕਵੀ ਅਤੇ ਬੀਸੀਬੀ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਸ਼ਾਮਲ ਹੋ ਸਕਦੇ ਹਨ।
ਇਸ ਮੀਟਿੰਗ 'ਚ ਭਾਰਤ-ਪਾਕਿਸਤਾਨ ਵਿਚਾਲੇ 15 ਫਰਵਰੀ ਨੂੰ ਹੋਣ ਵਾਲੇ ਮੁਕਾਬਲੇ ਬਾਰੇ ਚਰਚਾ ਹੋਵੇਗੀ ਤੇ ਕੋਈ ਹੱਲ ਲੱਭਿਆ ਜਾਵੇਗਾ। ਨਾਲ ਹੀ ਇਹ ਵੀ ਤੈਅ ਹੋ ਜਾਵੇਗਾ ਕਿ ਪਾਕਿਸਤਾਨ ਕ੍ਰਿਕਟ ਦਾ ਭਵਿੱਖ ਕਿਹੋ ਜਿਹਾ ਰਹਿਣ ਵਾਲਾ ਹੈ। ਜੇਕਰ ਪਾਕਿਸਤਾਨ ਭਾਰਤ ਖ਼ਿਲਾਫ਼ ਮੈਚ ਨਹੀਂ ਖੇਡਦਾ ਤਾਂ ਉਨ੍ਹਾਂ 'ਤੇ ਕਈ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਰਾਸ਼ਟਰੀ ਟੀਮ ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਬੰਗਲਾਦੇਸ਼ ਨੇ ਰਸਮੀ ਤੌਰ 'ਤੇ ਬੇਨਤੀ ਕੀਤੀ ਸੀ ਕਿ ਉਸ ਦੇ ਮੈਚ ਟੂਰਨਾਮੈਂਟ ਦੇ ਸਹਿ-ਮੇਜ਼ਬਾਨ ਸ੍ਰੀਲੰਕਾ 'ਚ ਤਬਦੀਲ ਕਰ ਦਿੱਤੇ ਜਾਣ। ਹਾਲਾਂਕਿ, ਆਈਸੀਸੀ ਨੇ ਬੰਗਲਾਦੇਸ਼ ਸਰਕਾਰ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਦੀ ਜਗ੍ਹਾ ਗਰੁੱਪ-ਸੀ 'ਚ ਸਕਾਟਲੈਂਡ ਨੂੰ ਸ਼ਾਮਲ ਕੀਤਾ ਗਿਆ ਸੀ।
ਪਾਕਿਸਤਾਨ ਸਰਕਾਰ ਤੇ ਪੀਸੀਬੀ ਨੇ ਬੰਗਲਾਦੇਸ਼ ਦਾ ਸਮਰਥਨ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਤਾਂ ਖੇਡੇਗੀ, ਪਰ 15 ਫਰਵਰੀ ਨੂੰ ਭਾਰਤ ਖ਼ਿਲਾਫ਼ ਹੋਣ ਵਾਲੇ ਮੈਚ ਦਾ ਬਾਈਕਾਟ ਕਰੇਗੀ। ਪੀਸੀਬੀ ਨੇ ਸਰਕਾਰੀ ਨਿਰਦੇਸ਼ਾਂ ਅਤੇ 'ਅਣਕਿਆਸੀ ਘਟਨਾ' (Force Majeure) ਦਾ ਹਵਾਲਾ ਦਿੱਤਾ ਸੀ।
ਅਜਿਹੇ 'ਚ ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਤੋਂ ਜਵਾਬ ਮੰਗਿਆ ਕਿ ਉਹ ਭਾਰਤ ਖ਼ਿਲਾਫ਼ ਕਿਉਂ ਨਹੀਂ ਖੇਡ ਰਹੇ। ਨਾਲ ਹੀ ਉਨ੍ਹਾਂ ਨੇ ਇਸ ਦੇ ਨੁਕਸਾਨ ਵੀ ਗਿਣਵਾਏ। ਇਸ ਤੋਂ ਬਾਅਦ ਪੀਸੀਬੀ ਦੇ ਤੇਵਰ ਬਦਲੇ ਅਤੇ ਉਨ੍ਹਾਂ ਨੇ ਆਈਸੀਸੀ ਨਾਲ ਰਸਮੀ ਗੱਲਬਾਤ ਸ਼ੁਰੂ ਕੀਤੀ।