ਕੈਨਬਰਾ : ਗੇਂਦ ਨਾਲ ਛੇੜਛਾੜ ਵਿਵਾਦ ਤੋਂ ਬਾਅਦ ਤੋਂ ਲਗਾਤਾਰ ਹਾਰ ਤੋਂ ਦੁਖੀ ਹੋ ਚੁੱਕੀ ਆਸਟ੍ਰੇਲੀਆ ਟੀਮ ਨੂੰ ਇਸ ਸਾਲ ਮਹੱਤਵਪੂਰਨ ਐਸ਼ੇਜ਼ ਸੀਰੀਜ਼ ਤੋਂ ਪਹਿਲਾਂ ਸੋਮਵਾਰ ਨੂੰ ਆਖ਼ਰ ਸੀਰੀਜ਼ ਵਿਚ ਜਿੱਤ ਮਿਲ ਹੀ ਗਈ। ਆਸਟ੍ਰੇਲੀਆ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਵਿਚ ਸ੍ਰੀਲੰਕਾ ਨੂੰ 366 ਦੌੜਾਂ ਨਾਲ ਕਰਾਰੀ ਮਾਤ ਦੇ ਕੇ 2-0 ਨਾਲ ਸੀਰੀਜ਼ ਆਪਣੇ ਨਾਂ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਪਹਿਲੇ ਟੈਸਟ ਵਿਚ ਵੀ ਸ੍ਰੀਲੰਕਾ ਨੂੰ ਪਾਰੀ ਤੇ 40 ਦੌੜਾਂ ਨਾਲ ਮਾਤ ਦਿੱਤੀ ਸੀ। ਪਿਛਲੇ ਸਾਲ ਦੀ ਸ਼ੁਰੂਆਤ ਵਿਚ ਇੰਗਲੈਂਡ ਨੂੰ ਆਪਣੀ ਧਰਤੀ 'ਤੇ ਐਸ਼ੇਜ਼ ਸੀਰੀਜ਼ ਵਿਚ 4-0 ਨਾਲ ਮਾਤ ਦੇਣ ਤੋਂ ਬਾਅਦ ਆਸਟ੍ਰੇਲੀਆਦੀ ਇਹ ਪਹਿਲੀ ਟੈਸਟ ਸੀਰੀਜ਼ ਜਿੱਤ ਵੀ ਹੈ। ਆਸਟ੍ਰੇਲੀਆ ਨੂੰ ਪਿਛਲੇ ਸਾਲ ਮਾਰਚ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਵਿਚ ਮਾਤ ਮਿਲੀ ਸੀ ਤੇ ਇਸ ਦੌਰਾਨ ਹੀ ਕੰਗਾਰੂ ਟੀਮ ਦੇ ਉਸ ਵੇਲੇ ਦੇ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰੂਨ ਬੇਨਕ੍ਰਾਫਟ ਗੇਂਦ ਨਾਲ ਛੇੜਛਾੜ ਵਿਵਾਦ ਵਿਚ ਫੜੇ ਗਏ ਸਨ। ਦੱਖਣੀ ਅਫਰੀਕਾ ਹੱਥੋਂ ਹਾਰਨ ਤੋਂ ਬਾਅਦ ਆਸਟ੍ਰੇਲੀਆ ਟੀਮ ਲਗਾਤਾਰ ਟੈਸਟ ਸੀਰੀਜ਼ ਗੁਆ ਰਹੀ ਸੀ। ਇਸ ਦੌਰਾਨ ਉਸ ਨੂੰ ਪਾਕਿਸਤਾਨ ਤੇ ਭਾਰਤ ਹੱਥੋਂ ਵੀ ਟੈਸਟ ਸੀਰੀਜ਼ ਵਿਚ ਮਾਤ ਮਿਲੀ ਤੇ ਹੁਣ ਜਾ ਕੇ ਸ੍ਰੀਲੰਕਾ ਖ਼ਿਲਾਫ਼ ਉਹ ਟੈਸਟ ਸੀਰੀਜ਼ ਜਿੱਤਣ ਵਿਚ ਕਾਮਯਾਬ ਰਿਹਾ। ਦੂਜੇ ਟੈਸਟ ਵਿਚ ਮੇਜ਼ਬਾਨ ਟੀਮ ਵੱਲੋਂ ਦਿੱਤੇ ਗਏ 516 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ ਵਿਚ ਸਿਰਫ਼ 149 ਦੌੜਾਂ 'ਤੇ ਹੀ ਸਿਮਟ ਗਈ। ਉਸ ਦੇ ਬੱਲੇਬਾਜ਼ ਸਿਰਫ਼ 51 ਓਵਰ ਹੀ ਬੱਲੇਬਾਜ਼ ਕਰ ਸਕੇ।