ਰਾਈਜ਼ਿੰਗ ਭਾਰਤ ਸਮਿਟ 2026 'ਚ ਬੋਲਦਿਆਂ ਡੇਵਿਡ ਟੈਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭੂ-ਰਾਜਨੀਤਕ ਅਨਿਸ਼ਚਿਤਤਾ (Geo-political uncertainty) ਅਤੇ ਕੇਂਦਰੀ ਬੈਂਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਖਰੀਦਦਾਰੀ ਕਾਰਨ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ।

ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ (Gold Prices) 'ਚ ਤੇਜ਼ੀ ਦਾ ਸਿਲਸਿਲਾ ਪਿਛਲੇ 3-4 ਸਾਲਾਂ ਤੋਂ ਚੱਲ ਰਿਹਾ ਹੈ ਪਰ 2025 'ਚ ਸੋਨੇ 'ਚ ਅਥਾਹ ਤੇਜ਼ੀ ਦੇਖੀ ਗਈ ਹੈ। ਸੋਨੇ ਦੀਆਂ ਕੀਮਤਾਂ ਨੇ MCX 'ਤੇ 1,93,096 ਰੁਪਏ ਦਾ ਆਲ-ਟਾਈਮ ਹਾਈ (ਸਭ ਤੋਂ ਉੱਚਾ ਪੱਧਰ) ਛੂਹ ਲਿਆ ਹੈ। ਸਵਾਲ ਇਹ ਹੈ ਕਿ ਸੋਨੇ 'ਚ ਇੰਨੀ ਤੇਜ਼ੀ ਕਿਉਂ ਹੈ ਤੇ ਕੀ ਇਹ ਅੱਗੇ ਵੀ ਜਾਰੀ ਰਹੇਗੀ ਜਾਂ ਕੋਈ ਵੱਡੀ ਗਿਰਾਵਟ ਆਵੇਗੀ? ਇਸ ਦਾ ਜਵਾਬ ਵਰਲਡ ਗੋਲਡ ਕੌਂਸਲ (WGC) ਦੇ ਸੀਈਓ ਨੇ ਦਿੱਤਾ ਹੈ। WGC ਦੇ ਸੀਈਓ ਡੇਵਿਡ ਟੈਟ ਨੇ ਸੋਨੇ ਦੀ ਤੇਜ਼ੀ ਦੇ 2 ਮੁੱਖ ਕਾਰਨ ਦੱਸੇ ਹਨ।
ਰਾਈਜ਼ਿੰਗ ਭਾਰਤ ਸਮਿਟ 2026 'ਚ ਬੋਲਦਿਆਂ ਡੇਵਿਡ ਟੈਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭੂ-ਰਾਜਨੀਤਕ ਅਨਿਸ਼ਚਿਤਤਾ (Geo-political uncertainty) ਅਤੇ ਕੇਂਦਰੀ ਬੈਂਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਖਰੀਦਦਾਰੀ ਕਾਰਨ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ। ਟੈਟ ਨੇ ਕਿਹਾ ਕਿ ਕੇਂਦਰੀ ਬੈਂਕਾਂ ਦੀ ਸਥਿਰ ਮੰਗ ਦੇ ਨਾਲ-ਨਾਲ ਭੂ-ਰਾਜਨੀਤਕ ਜੋਖ਼ਮ ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਵਾਧੇ ਦੇ ਪ੍ਰਮੁੱਖ ਕਾਰਨ ਬਣੇ ਹੋਏ ਹਨ।
ਡੇਵਿਡ ਟੈਟ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਸਿਰਫ਼ ਉਦੋਂ ਹੀ ਆਵੇਗੀ ਜਦੋਂ ਅਮਰੀਕੀ ਅਰਥਵਿਵਸਥਾ ਦੀ ਵਿਕਾਸ ਦਰ 'ਚ ਜ਼ਬਰਦਸਤ ਉਛਾਲ (ਲਗਪਗ 6-7 ਪ੍ਰਤੀਸ਼ਤ ਤਕ) ਆਵੇਗਾ, ਜਿਸ ਦੇ ਨਾਲ ਮਹਿੰਗਾਈ 'ਚ ਮਾਮੂਲੀ ਵਾਧਾ ਹੋਵੇਗਾ, ਜਿਸ ਨਾਲ ਜਨਤਕ ਕਰਜ਼ੇ (Public Debt) 'ਚ ਕਮੀ ਆ ਸਕਦੀ ਹੈ। ਪਰ ਉਨ੍ਹਾਂ ਨੇ ਅਜਿਹੇ ਨਤੀਜੇ ਦੀ ਸੰਭਾਵਨਾ ਨੂੰ 'ਬਹੁਤ ਘੱਟ' ਦੱਸਿਆ। ਟੈਟ ਨੇ ਕਿਹਾ ਕਿ ਪਿਛਲੇ ਸਾਲ ਸੋਨੇ ਵਿੱਚ ਨਿਵੇਸ਼ ਦੀ ਮੰਗ ਵਧੀ ਹੈ ਅਤੇ ਵਿਸ਼ਵ ਪੱਧਰ 'ਤੇ ਇਸ ਦੇ ਮਜ਼ਬੂਤ ਬਣੇ ਰਹਿਣ ਦੀ ਉਮੀਦ ਹੈ।
ਵਰਲਡ ਗੋਲਡ ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਟੈਟ ਨੇ ਕਿਹਾ ਕਿ ਭੂ-ਰਾਜਨੀਤਕ ਜੋਖ਼ਮਾਂ, ਵਿਸ਼ਵ ਕਰਜ਼ੇ ਦੀ ਸਥਿਰਤਾ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਅਤੇ ਕੇਂਦਰੀ ਬੈਂਕਾਂ ਵੱਲੋਂ ਲਗਾਤਾਰ ਸੋਨੇ ਦੀ ਖਰੀਦ ਕਾਰਨ ਕੀਮਤਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਕੇਂਦਰੀ ਬੈਂਕ ਆਪਣੇ ਗੋਲਡ ਰਿਜ਼ਰਵ (ਸੋਨੇ ਦੇ ਭੰਡਾਰ) 'ਚ ਵਾਧਾ ਕਰਨਾ ਜਾਰੀ ਰੱਖਣਗੇ। ਡੇਵਿਡ ਟੈਟ ਨੇ ਇਹ ਵੀ ਕਿਹਾ ਕਿ ਸੋਨਾ ਇਕੱਠਾ ਕਰਨ ਦੇ ਮਾਮਲੇ ਵਿੱਚ ਭਾਰਤ ਅਜੇ ਵੀ ਪੱਛਮੀ ਕੇਂਦਰੀ ਬੈਂਕਾਂ ਨਾਲੋਂ ਪਿੱਛੇ ਹੈ।
ਗੋਲਡ ਡਿਮਾਂਡ ਦੇ ਰੁਝਾਨਾਂ 'ਤੇ ਬੋਲਦਿਆਂ ਡੇਵਿਡ ਟੈਟ ਨੇ ਕਿਹਾ ਕਿ ਆਲਮੀ ਸੋਨੇ ਦੀ ਮੰਗ ਪਿਛਲੇ ਸਾਲ ਰਿਕਾਰਡ ਉਚਾਈ 'ਤੇ ਪਹੁੰਚ ਗਈ। ਭਾਰਤ 'ਚ, 2025 'ਚ ਸੋਨੇ ਦੀ ਕੁੱਲ ਮੰਗ ਲਗਪਗ 711 ਟਨ ਰਹਿਣ ਦਾ ਅਨੁਮਾਨ ਹੈ, ਹਾਲਾਂਕਿ ਵਧਦੀਆਂ ਕੀਮਤਾਂ ਕਾਰਨ ਗਹਿਣਿਆਂ ਦੀ ਮੰਗ 'ਚ ਗਿਰਾਵਟ ਆਈ ਹੈ।