ਇਸ ਅਮੀਰ ਭਾਰਤੀ ਪਰਿਵਾਰ ਨੇ ਕੀਤੀ ਭਾਰਤ ਦੀ ਸਭ ਤੋਂ ਮਹਿੰਗੀ ਰੈਜ਼ੀਡੈਂਸ਼ੀਅਲ ਡੀਲ, ₹294 ਕਰੋੜ ’ਚ ਖ਼ਰੀਦਿਆ 'ਆਲੀਸ਼ਾਨ ਆਸ਼ੀਆਨਾ'
ਗੋਦਰੇਜ ਫੈਮਿਲੀ ਭਾਰਤ ਦੇ ਵੱਡੇ ਕਾਰੋਬਾਰੀ ਪਰਿਵਾਰਾਂ ਵਿੱਚੋਂ ਇੱਕ ਹੈ। ਇਸ ਪਰਿਵਾਰ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਦੀ ਮੈਂਬਰ ਅਤੇ ਗੋਦਰੇਜ ਇੰਡਸਟਰੀਜ਼ ਗਰੁੱਪ ਦੀ ਐਗਜ਼ੀਕਿਊਟਿਵ ਡਾਇਰੈਕਟਰ ਤਾਨਿਆ ਦੁਬਾਸ਼ ਨੇ ਮੁੰਬਈ ਦੇ ਵਰਲੀ ਸੀ ਫੇਸ 'ਤੇ ਬਣ ਰਹੇ ਇੱਕ ਪ੍ਰੀਮੀਅਮ ਰਿਹਾਇਸ਼ੀ ਟਾਵਰ ਵਿੱਚ ਸਮੁੰਦਰ ਦੇ ਸਾਹਮਣੇ ਵਾਲੇ ਦੋ ਲਗਜ਼ਰੀ ਅਪਾਰਟਮੈਂਟ 294 ਕਰੋੜ ਰੁਪਏ ਤੋਂ ਵੱਧ ਵਿੱਚ ਖ਼ਰੀਦੇ ਹਨ।
Publish Date: Sun, 17 May 2026 12:42 PM (IST)
Updated Date: Sun, 17 May 2026 12:45 PM (IST)

ਨਵੀਂ ਦਿੱਲੀ। ਗੋਦਰੇਜ ਫੈਮਿਲੀ ਭਾਰਤ ਦੇ ਵੱਡੇ ਕਾਰੋਬਾਰੀ ਪਰਿਵਾਰਾਂ ਵਿੱਚੋਂ ਇੱਕ ਹੈ। ਇਸ ਪਰਿਵਾਰ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਦੀ ਮੈਂਬਰ ਅਤੇ ਗੋਦਰੇਜ ਇੰਡਸਟਰੀਜ਼ ਗਰੁੱਪ ਦੀ ਐਗਜ਼ੀਕਿਊਟਿਵ ਡਾਇਰੈਕਟਰ ਤਾਨਿਆ ਦੁਬਾਸ਼ ਨੇ ਮੁੰਬਈ ਦੇ ਵਰਲੀ ਸੀ ਫੇਸ 'ਤੇ ਬਣ ਰਹੇ ਇੱਕ ਪ੍ਰੀਮੀਅਮ ਰਿਹਾਇਸ਼ੀ ਟਾਵਰ ਵਿੱਚ ਸਮੁੰਦਰ ਦੇ ਸਾਹਮਣੇ ਵਾਲੇ ਦੋ ਲਗਜ਼ਰੀ ਅਪਾਰਟਮੈਂਟ 294 ਕਰੋੜ ਰੁਪਏ ਤੋਂ ਵੱਧ ਵਿੱਚ ਖ਼ਰੀਦੇ ਹਨ। ਇਸ ਡੀਲ ਨਾਲ ਅਪਾਰਟਮੈਂਟਸ ਦੀ ਕੀਮਤ 2.5 ਲੱਖ ਰੁਪਏ ਪ੍ਰਤੀ ਵਰਗ ਫੁੱਟ ਤੋਂ ਵੱਧ ਹੋ ਗਈ ਹੈ, ਜਿਸ ਨਾਲ ਪ੍ਰਤੀ ਵਰਗ ਫੁੱਟ ਦੇ ਰੇਟ ਦੇ ਹਿਸਾਬ ਨਾਲ ਇਹ ਦੇਸ਼ ਦੀਆਂ ਸਭ ਤੋਂ ਮਹਿੰਗੀਆਂ ਰੈਜ਼ੀਡੈਂਸ਼ੀਅਲ ਡੀਲਜ਼ ਵਿੱਚੋਂ ਇੱਕ ਬਣ ਗਈ ਹੈ।
ਤਾਨਿਆ ਦੁਬਾਸ਼, ਆਦਿ ਗੋਦਰੇਜ ਦੀ ਵੱਡੀ ਬੇਟੀ ਹੈ ਅਤੇ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਅਤੇ ਗੋਦਰੇਜ ਐਗਰੋਵੇਟ ਸਮੇਤ ਗੋਦਰੇਜ ਗਰੁੱਪ ਦੀਆਂ ਕਈ ਲਿਸਟਿਡ ਕੰਪਨੀਆਂ ਦੇ ਬੋਰਡ ਵਿੱਚ ਸ਼ਾਮਲ ਹੈ।
ਅਪਾਰਟਮੈਂਟਸ ਦਾ ਕੁੱਲ ਏਰੀਆ ਕਿੰਨਾ ਹੈ?
ਮੀਡੀਆ ਰਿਪੋਰਟਾਂ ਅਨੁਸਾਰ ਡੀਲ ਦੇ ਦਸਤਾਵੇਜ਼ਾਂ ਮੁਤਾਬਕ, ਇਹ ਦੋਵੇਂ ਅਪਾਰਟਮੈਂਟਸ ਅਲਟਰਾ-ਲਗਜ਼ਰੀ ਟਾਵਰ 'ਨਮਨ ਜਾਨਾ' ਦੀ 19ਵੀਂ ਅਤੇ 20ਵੀਂ ਮੰਜ਼ਿਲ 'ਤੇ ਸਥਿਤ ਹਨ। ਹਰ ਅਪਾਰਟਮੈਂਟ ਦਾ ਕਾਰਪੇਟ ਏਰੀਆ ਲਗਪਗ 5,812 ਵਰਗ ਫੁੱਟ ਹੈ ਅਤੇ ਇਸ ਦੇ ਨਾਲ ਹੀ 645 ਵਰਗ ਫੁੱਟ ਦੀ ਬਾਲਕੋਨੀ ਵੀ ਹੈ।
ਬਾਲਕੋਨੀਆਂ ਨੂੰ ਛੱਡ ਕੇ, ਇਹਨਾਂ ਦੋਵਾਂ ਅਪਾਰਟਮੈਂਟਸ ਦਾ ਕੁੱਲ ਏਰੀਆ 11,500 ਵਰਗ ਫੁੱਟ ਤੋਂ ਜ਼ਿਆਦਾ ਹੈ।
ਕਿਸ ਕੋਲੋਂ ਖ਼ਰੀਦੇ ਦੋਵੇਂ ਅਪਾਰਟਮੈਂਟਸ?
19ਵੀਂ ਮੰਜ਼ਿਲ 'ਤੇ ਸਥਿਤ ਅਪਾਰਟਮੈਂਟ ਨੂੰ ਤਾਨਿਆ ਦੁਬਾਸ਼ ਨੇ ਪ੍ਰੋਜੈਕਟ ਦੇ ਡਿਵੈਲਪਰ 'ਸ਼੍ਰੀ ਨਮਨ ਰੈਜ਼ੀਡੈਂਸੀ' ਕੋਲੋਂ ਖ਼ਰੀਦਿਆ ਹੈ, ਜਦੋਂ ਕਿ 20ਵੀਂ ਮੰਜ਼ਿਲ 'ਤੇ ਸਥਿਤ ਦੂਜੇ ਅਪਾਰਟਮੈਂਟ ਨੂੰ 'ਸ਼ੌਲਾ ਰੀਅਲ ਐਸਟੇਟਸ' ਨੇ 'ਕਾਰਪ ਐਸਟੇਟ' ਕੋਲੋਂ ਹਾਸਲ ਕੀਤਾ ਹੈ, ਜੋ 'ਗੋਦਰੇਜ ਇੰਡਸਟਰੀਜ਼' ਨਾਲ ਜੁੜੀ ਇੱਕ ਕੰਪਨੀ ਹੈ। ਇਹਨਾਂ ਦੋਵਾਂ ਅਪਾਰਟਮੈਂਟਸ ਦੇ ਨਾਲ, ਟਾਵਰ ਵਿੱਚ 8 ਕਾਰ ਪਾਰਕਿੰਗ ਸਲਾਟ ਵੀ ਮਿਲਣਗੇ।
ਇਸੇ ਟਾਵਰ ਵਿੱਚ ਪਹਿਲਾਂ ਤੋਂ ਵੀ ਹਨ ਅਪਾਰਟਮੈਂਟਸ
ਇਸ ਨਵੀਂ ਖ਼ਰੀਦਦਾਰੀ ਨਾਲ ਟਾਵਰ ਵਿੱਚ ਗੋਦਰੇਜ ਪਰਿਵਾਰ ਦੀ ਮੌਜੂਦਗੀ ਹੋਰ ਵਧ ਗਈ ਹੈ। ਪਿਛਲੇ ਸਾਲ, ਤਾਨਿਆ ਦੁਬਾਸ਼ ਨਾਲ ਜੁੜੀ ਇੱਕ ਕੰਪਨੀ ਨੇ ਇਸੇ ਪ੍ਰੋਜੈਕਟ ਵਿੱਚ 30ਵੀਂ ਅਤੇ 31ਵੀਂ ਮੰਜ਼ਿਲ 'ਤੇ ਮੌਜੂਦ ਇੱਕ ਡੁਪਲੈਕਸ ਅਪਾਰਟਮੈਂਟ 225.76 ਕਰੋੜ ਰੁਪਏ ਵਿੱਚ ਖ਼ਰੀਦਿਆ ਸੀ। ਉਸ ਅਪਾਰਟਮੈਂਟ ਦਾ ਕਾਰਪੇਟ ਏਰੀਆ 9,214 ਵਰਗ ਫੁੱਟ ਅਤੇ ਬਾਲਕੋਨੀ 1,227 ਵਰਗ ਫੁੱਟ ਦੀ ਸੀ। ਇਹ ਅਲਟਰਾ-ਲਗਜ਼ਰੀ ਰਿਹਾਇਸ਼ੀ ਟਾਵਰ ਦੇਸ਼ ਦੇ ਸਭ ਤੋਂ ਮਹਿੰਗੇ ਰਿਹਾਇਸ਼ੀ ਪਤਿਆਂ ਵਿੱਚੋਂ ਇੱਕ ਬਣ ਕੇ ਉੱਭਰਿਆ ਹੈ, ਜੋ ਅਰਬਪਤੀ ਪ੍ਰਮੋਟਰਾਂ, ਉਦਯੋਗਪਤੀਆਂ ਅਤੇ ਚੋਟੀ ਦੇ ਕਾਰਪੋਰੇਟ ਅਧਿਕਾਰੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਹੋਰ ਕਿਸ ਨੇ ਕੀਤੀ ਵੱਡੀ ਡੀਲ?
ਇਸ ਟਾਵਰ ਵਿੱਚ ਫਾਰਮਾਸਿਊਟੀਕਲ ਅਰਬਪਤੀ ਲੀਨਾ ਗਾਂਧੀ ਤਿਵਾਰੀ ਨੇ ਵੀ ਰਿਕਾਰਡ ਤੋੜ ਡੀਲ ਕੀਤੀ ਹੈ। ਉਨ੍ਹਾਂ ਨੇ 639 ਕਰੋੜ ਰੁਪਏ ਵਿੱਚ ਦੋ ਡੁਪਲੈਕਸ ਅਪਾਰਟਮੈਂਟ ਖ਼ਰੀਦੇ, ਜਿਨ੍ਹਾਂ ਦੀ ਕੀਮਤ ਕਰੀਬ 2.83 ਲੱਖ ਰੁਪਏ ਪ੍ਰਤੀ ਵਰਗ ਫੁੱਟ ਰਹੀ, ਜੋ ਕਿ ਇੱਕ ਰਿਕਾਰਡ ਵੈਲਿਊ ਹੈ।
ਰੀਅਲ ਐਸਟੇਟ ਵਿੱਚ ਅੱਗੇ ਨਿਕਲਿਆ ਵਰਲੀ
ਪਿਛਲੇ ਕੁਝ ਸਾਲਾਂ ਵਿੱਚ, ਵਰਲੀ ਮਾਈਕਰੋ-ਮਾਰਕੀਟ ਵਿੱਚ ਅਲਟਰਾ-ਲਗਜ਼ਰੀ ਡੀਲਜ਼ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਇਸਦੀ ਵਜ੍ਹਾ ਮੁੰਬਈ ਕੋਸਟਲ ਰੋਡ ਵਰਗੇ ਇੰਫਰਾਸਟ੍ਰਕਚਰ ਵਿੱਚ ਸੁਧਾਰ ਅਤੇ ਦੱਖਣ-ਮੱਧ ਮੁੰਬਈ ਵਿੱਚ ਸਮੁੰਦਰ ਦੇ ਸਾਹਮਣੇ ਵਾਲੇ ਵੱਡੇ ਘਰਾਂ ਦੀ ਜ਼ੋਰਦਾਰ ਮੰਗ ਹੈ। ਇਹ ਇਲਾਕਾ ਮੁੰਬਈ ਦੀ "ਅਰਬਪਤੀਆਂ ਦੀ ਕਤਾਰ" ਦੇ ਤੌਰ 'ਤੇ ਉੱਭਰਿਆ ਹੈ, ਜਿੱਥੇ ਖ਼ਰੀਦਦਾਰਾਂ ਵਿੱਚ ਗੋਦਰੇਜ ਪਰਿਵਾਰ ਦੇ ਮੈਂਬਰ, ਫਾਰਮਾਸਿਊਟੀਕਲ ਪ੍ਰਮੋਟਰ ਅਤੇ ਬੈਂਕਿੰਗ ਤੇ ਬਿਜ਼ਨੈੱਸ ਜਗਤ ਦੇ ਜਾਣੇ-ਪਛਾਣੇ ਪਰਿਵਾਰ ਸ਼ਾਮਲ ਹਨ।