ਸਰਕਾਰ ਨੇ ਭਾਰਤੀ ਕੌਫੀ ਦੀਆਂ ਪੰਜ ਕਿਸਮਾਂ ਨੂੰ ਜਿਓਗ੍ਰਾਫਿਕਲ ਇੰਡੀਕੇਸ਼ਨ ਭਾਵ ਜੀਆਈ ਟੈਗ ਪ੍ਰਦਾਨ ਕਰ ਦਿੱਤਾ ਹੈ। ਇਸ ਨਾਲ ਇਨ੍ਹਾਂ ਕਿਸਮਾਂ ਦੇ ਉਤਪਾਦਕਾਂ ਨੂੰ ਕਾਫੀ ਦੀ ਸਹੀ ਕੀਮਤ ਮਿਲ ਸਕੇਗੀ।

ਨਵੀਂ ਦਿੱਲੀ : ਸਰਕਾਰ ਨੇ ਭਾਰਤੀ ਕੌਫੀ ਦੀਆਂ ਪੰਜ ਕਿਸਮਾਂ ਨੂੰ ਜਿਓਗ੍ਰਾਫਿਕਲ ਇੰਡੀਕੇਸ਼ਨ ਭਾਵ ਜੀਆਈ ਟੈਗ ਪ੍ਰਦਾਨ ਕਰ ਦਿੱਤਾ ਹੈ। ਇਸ ਨਾਲ ਇਨ੍ਹਾਂ ਕਿਸਮਾਂ ਦੇ ਉਤਪਾਦਕਾਂ ਨੂੰ ਕਾਫੀ ਦੀ ਸਹੀ ਕੀਮਤ ਮਿਲ ਸਕੇਗੀ। ਜੀਆਈ ਟੈਗ ਮਿਲਣ ਮਗਰੋਂ ਦੁਨੀਆ ਭਰ 'ਚ ਕੌਫੀ ਦੀਆਂ ਇਨ੍ਹਾਂ ਕਿਸਮਾਂ ਦੇ ਨਾਂ ਦੀ ਦੁਰਵਰਤੋਂ ਵੀ ਰਕੇਗੀ।
ਵਣਜ ਤੇ ਉਦਯੋਗ ਮੰਤਰਾਲਾ ਅਧੀਨ ਉਦਯੋਗ ਵਿਕਾਸ ਤੇ ਅੰਦਰੂਨੀ ਕਾਰੋਬਾਰ ਵਿਭਾਗ (ਡੀਪੀਆਈਆਈਟੀ) ਨੇ ਹਾਲ ਹੀ 'ਚ ਕਰਨਾਟਕ ਦੀ ਕੂਰਗ ਅਰੈਬਿਕਾ, ਚਿਕਮਗਲੂਰ ਅਰੈਬਿਕਾ ਤੇ ਬਾਬਾਬੁਡੰਗਿਰਿਸ ਅਰੈਬਿਕਾ, ਕੇਰਲ ਦੀ ਵਾਇਨਾਡ ਰੋਬਸਟਾ ਤੇ ਆਂਧਰਾ ਪ੍ਰਦੇਸ਼ ਦੀ ਅਰਾਕੂ ਵੈਲੀ ਅਰੈਬਿਕਾ ਕੌਫੀ ਕਿਸਮਾਂ ਨੂੰ ਜੀਆਈ ਟੈਗ ਪ੍ਰਦਾਨ ਕੀਤਾ। ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਅਰਾਕੂ ਕੌਫੀ ਦਾ ਉਤਪਾਦਨ ਜਨਜਾਤੀ ਕਿਸਾਨਾਂ ਵੱਲੋਂ ਕੀਤਾ ਜਾਂਦਾ ਹੈ, ਜੋ ਉਤਪਾਦਨ 'ਚ ਜੈਵਿਕ ਖੇਤੀਬਾੜੀ ਨੂੰ ਬੇਹੱਦ ਉਤਸ਼ਾਹਿਤ ਕਰਦੇ ਹਨ। ਉਸੇ ਤਰ੍ਹਾਂ ਬਾਬਾਬੁਡੰਗਿਰਿਸ ਅਰੈਬਿਕਾ ਦੇ ਕੌਫੀ ਬੀਜ ਵੀ ਕੁਦਰਤੀ ਰੂਪ ਨਾਲ ਤਿਆਰ ਹੁੰਦੇ ਹਨ ਤੇ ਬੇਹੱਦ ਖਾਸ ਤਰੀਕੇ ਨਾਲ ਹੱਥਾਂ ਨਾਲ ਚੁਣੇ ਜਾਂਦੇ ਹਨ। ਵਿਭਾਗ ਨੇ ਕਿਹਾ ਕਿ ਭਾਰਤ 'ਚ 3.66 ਲੱਖ ਕਿਸਾਨ 4.54 ਲੱਖ ਹੈਕਟੇਅਰ 'ਚ ਕੌਫੀ ਦੀ ਖੇਤੀ ਕਰਦੇ ਹਨ। ਇਨ੍ਹਾਂ 'ਚ 98 ਫ਼ੀਸਦੀ ਛੋਟੇ ਕਿਸਾਨ ਹਨ। ਕੌਫੀ ਦੀ ਖੇਤੀ 'ਚ ਸਭ ਤੋਂ ਜ਼ਿਆਦਾ 54 ਫ਼ੀਸਦੀ ਹਿੱਸੇਦਾਰੀ ਇਕੱਲੇ ਕਰਨਾਟਕ ਦੀ ਹੈ।
ਭਾਰਤੀ ਕੌਫੀ ਲਈ ਬਲਾਕਚੇਨ ਆਧਾਰਿਤ ਮਾਰਕੀਟਪਲੇਸ ਹੋਇਆ ਚਾਲੂ
ਨਵੀਂ ਦਿੱਲੀ : ਨੈਰੋਬੀ ਤੋਂ ਕੌਮਾਂਤਰੀ ਕਾਫੀ ਸੰਗਠਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਜੋਸ ਡਾਸਟਰ ਸੈੱਟੇ ਤੇ ਨਵੀਂ ਦਿੱਲੀ ਤੋਂ ਭਾਰਤ ਸਰਕਾਰ ਦੇ ਵਣਜ ਸਕੱਤਰ ਡਾ. ਅਨੂਪ ਵਾਧਵਾਨ ਨੇ ਭਾਰਤੀ ਕੌਫੀ ਲਈ ਬਲਾਕਚੇਨ ਆਧਾਰਿਤ ਮਾਰਕੀਟਪਲੇਸ ਐਪ ਨੂੰ ਚਾਲੂ ਕਰ ਦਿੱਤਾ ਹੈ। ਇਹ ਐਪ ਕਾਫੀ ਦੇ ਖੇਤਰ 'ਚ ਟਰੇਸ ਕਰਨ ਦੀ ਸਮੱਰਥਾ ਬੇਹੱਦ ਕੀਮਤ ਨਿਰਧਾਰਨ ਤੇ ਬਰਾਂਡ ਦੀ ਹੋਂਦ ਦੀ ਉਸਾਰੀ 'ਚ ਮਦਦ ਕਰੇਗਾ। ਏਕਾ ਸਾਫਟਵੇਅਰ ਸਾਲਿਊਸ਼ਨਜ਼ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਪਾਇਲਟ ਪ੍ਰਰਾਜੈਕਟ ਕੌਫੀ ਬਲਾਕਚੇਨ ਇਨੀਸ਼ਿਏਟਿਵ ਖੇਤੀਬਾੜੀ ਲਈ ਡਿਜੀਟਲ ਕਮੋਡਿਟੀ ਮੈਨੇਜਮੈਂਟ ਪਲੇਟਫਾਰਮ 'ਚੋਂ ਇਕ ਹੈ। ਇਸ ਦਾ ਐਲਾਨ ਨਵੀਂ ਦਿੱਲੀ 'ਚ ਪਿਛਲੇ ਵਰ੍ਹੇ ਚਾਰ ਸਤੰਬਰ ਨੂੰ ਵਣਜ ਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਕੀਤਾ ਗਿਆ ਸੀ। ਬਲਾਕਚੇਨ ਐਕਟੀਵੇਟ ਭਾਵ ਚਾਲੂ ਕਰਦੇ ਹੋਏ ਵਾਧਵਾਨ ਨੇ ਕਿਹਾ ਕਿ ਇਹ ਕੌਫੀ ਦੀ ਦੁਨੀਆ ਭਾਰਤੀ ਕੌਫੀ ਦੇ ਬਰਾਂਡ ਇਮੇਜ਼ ਦੀ ਉਸਾਰੀ 'ਚ ਮਦਦ ਕਰੇਗੀ। ਇਸ ਨਾਲ ਕੌਫੀ ਉਤਪਾਦਕ ਕਿਸਾਨਾਂ ਦੀ ਬਿਚੌਲੀਆਂ 'ਤੇ ਨਿਰਭਰਤਾ ਘੱਟ ਹੋਵੇਗੀ ਤੇ ਉਪਭੋਗਤਾ ਸਿੱਧੇ ਰੂਪ ਨਾਲ ਯੋਗ ਕੀਮਤਾਂ 'ਤੇ ਉਤਪਾਦ ਖ਼ਰੀਦ ਸਕਣਗੇ। ਇਸ ਨਾਲ ਬਰਾਮਦਕਾਰ ਯੋਗ ਕੌਫੀ ਸਪਲਾਈ ਕਰਤਾਵਾਂ ਨਾਲ ਜੁੜ ਸਕਣਗੇ ਤੇ ਨਿਰਧਾਰਿਤ ਸਮੇਂ ਅੰਦਰ ਉਤਪਾਦ ਦੀ ਵੱਧਦੀ ਮੰਗ ਪੂਰੀ ਹੋਵੇਗੀ।
ਏਕਾ ਸਾਫਟਵੇਅਰ ਸਾਲਿਊਸ਼ਨਜ਼ ਦੇ ਸੀਈਓ ਤੇ ਸੰਸਥਾਪਕ ਮਾਨਵ ਗਰਗ ਨੇ ਕਿਹਾ ਕਿ ਭਾਰਤ ਦਾ ਕੌਫੀ ਬੋਰਡ ਆਧੁਨਿਕ ਤਕਨੀਕਾਂ ਦੀ ਵਰਤੋਂ ਰਾਹੀਂ ਕੌਫੀ ਉਤਪਾਦਨ ਦਾ ਆਧੁਨਿਕੀਕਰਨ 'ਚ ਮੋਹਰੀ ਰਿਹਾ ਹੈ। ਸਾਨੂੰ ਖੁਸ਼ੀ ਹੈ ਕਿ ਸਾਨੂੰ ਭਾਰਤ ਦੇ ਪਹਿਲੇ ਬਲਾਕਚੇਨ ਆਧਾਰਿਤ ਕੌਫੀ ਮਾਰਕੀਟਪਲੇਸ ਲਈ ਇਕ ਵਾਰ ਫਿਰ ਤੋਂ ਉਨ੍ਹਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ।