PM ਮੋਦੀ ਦੀ ਅਪੀਲ ਤੋਂ ਬਾਅਦ ਜਵੈਲਰੀ ਇੰਡਸਟਰੀ 'ਚ ਮਚੀ ਤਰਥੱਲੀ: 'ਜੇ ਸੋਨਾ ਨਾ ਵਿਕਿਆ ਤਾਂ 3.5 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਖ਼ਤਰੇ 'ਚ'
AIJGF ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਹ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਪੈਦਾ ਹੋਏ ਆਰਥਿਕ ਦਬਾਅ ਨੂੰ ਸਮਝਦੇ ਹਨ ਪਰ ਸੋਨੇ ਦੀ ਖਰੀਦ ਨੂੰ ਨਿਰਉਤਸ਼ਾਹਿਤ ਕਰਨਾ ਛੋਟੇ ਵਪਾਰੀਆਂ ਲਈ ਘਾਤਕ ਸਿੱਧ ਹੋ ਸਕਦਾ ਹੈ।
Publish Date: Tue, 12 May 2026 11:36 AM (IST)
Updated Date: Tue, 12 May 2026 12:24 PM (IST)
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਕੀਤੀ ਗਈ ਅਪੀਲ ਨੇ ਜਵੈਲਰੀ ਉਦਯੋਗ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਅਖਿਲ ਭਾਰਤੀ ਜੌਹਰੀ ਅਤੇ ਸਵਰਨਕਾਰ ਮਹਾਸੰਘ (AIJGF) ਨੇ ਇਸ ਸਬੰਧੀ ਵਣਜ ਮੰਤਰੀ ਪੀਯੂਸ਼ ਗੋਇਲ ਨੂੰ ਇੱਕ ਪੱਤਰ ਲਿਖਿਆ ਹੈ। ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਸੋਨੇ ਦੀ ਖਰੀਦ ਟਾਲਣ ਦੀ ਅਪੀਲ ਨਾਲ ਇਸ ਖੇਤਰ ਨਾਲ ਜੁੜੇ ਲਗਭਗ 3.5 ਕਰੋੜ ਭਾਰਤੀਆਂ ਦੀ ਰੋਜ਼ੀ-ਰੋਟੀ 'ਤੇ ਗੰਭੀਰ ਅਸਰ ਪੈ ਸਕਦਾ ਹੈ।
AIJGF ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਹ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਪੈਦਾ ਹੋਏ ਆਰਥਿਕ ਦਬਾਅ ਨੂੰ ਸਮਝਦੇ ਹਨ ਪਰ ਸੋਨੇ ਦੀ ਖਰੀਦ ਨੂੰ ਨਿਰਉਤਸ਼ਾਹਿਤ ਕਰਨਾ ਛੋਟੇ ਵਪਾਰੀਆਂ ਲਈ ਘਾਤਕ ਸਿੱਧ ਹੋ ਸਕਦਾ ਹੈ।
ਰੋਜ਼ੀ-ਰੋਟੀ ਦਾ ਮੁੱਦਾ: ਫੈਡਰੇਸ਼ਨ ਅਨੁਸਾਰ, ਇਹ ਸਿਰਫ਼ ਸੋਨੇ ਦੇ ਵਪਾਰ ਦਾ ਮੁੱਦਾ ਨਹੀਂ ਹੈ, ਸਗੋਂ ਲੱਖਾਂ ਛੋਟੇ ਰਿਟੇਲਰਾਂ, ਸੁਨਿਆਰਿਆਂ, ਕਾਰੀਗਰਾਂ, ਪਾਲਿਸ਼ ਕਰਨ ਵਾਲਿਆਂ ਅਤੇ ਡਿਜ਼ਾਈਨਰਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਦਾ ਸਵਾਲ ਹੈ।
ਛੋਟੇ ਕਾਰੀਗਰਾਂ 'ਤੇ ਅਸਰ: ਮੰਗ ਵਿੱਚ ਕਮੀ ਦਾ ਸਭ ਤੋਂ ਪਹਿਲਾ ਅਤੇ ਮਾੜਾ ਪ੍ਰਭਾਵ ਵੱਡੇ ਸ਼ੋਰੂਮਾਂ ਦੀ ਬਜਾਏ ਉਨ੍ਹਾਂ ਛੋਟੇ ਸੁਨਿਆਰਿਆਂ 'ਤੇ ਪਵੇਗਾ ਜੋ ਰੋਜ਼ਾਨਾ ਦੇ ਆਰਡਰਾਂ ਅਤੇ ਵਿਆਹਾਂ ਦੇ ਸੀਜ਼ਨ 'ਤੇ ਨਿਰਭਰ ਕਰਦੇ ਹਨ।
ਫੈਡਰੇਸ਼ਨ ਦਾ ਸੁਝਾਅ
AIJGF ਨੇ ਸੁਝਾਅ ਦਿੱਤਾ ਹੈ ਕਿ ਸੋਨੇ ਦੀ ਮੰਗ ਘਟਾਉਣ ਦੀ ਬਜਾਏ ਸਰਕਾਰ ਨੂੰ ਦੇਸ਼ ਵਿੱਚ ਪਏ ਬੇਕਾਰ ਸੋਨੇ ਨੂੰ ਵਰਤੋਂ ਵਿੱਚ ਲਿਆਉਣ ਲਈ ਇੱਕ ਮਜ਼ਬੂਤ 'ਬੁਲੀਅਨ ਬੈਂਕ ਫ੍ਰੇਮਵਰਕ' ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ 'ਗੋਲਡ ਮੋਨੇਟਾਈਜ਼ੇਸ਼ਨ' ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਵਿਦੇਸ਼ੀ ਮੁਦਰਾ ਵੀ ਬਚੇ ਅਤੇ ਕਾਰੀਗਰਾਂ ਦਾ ਕੰਮ ਵੀ ਚੱਲਦਾ ਰਹੇ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ
ਦੂਜੇ ਪਾਸੇ, ਅੱਜ MCX 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ। ਸੋਨੇ ਵਿੱਚ ਪ੍ਰਤੀ 10 ਗ੍ਰਾਮ 337 ਰੁਪਏ ਅਤੇ ਚਾਂਦੀ ਵਿੱਚ ਪ੍ਰਤੀ ਕਿੱਲੋ 3587 ਰੁਪਏ ਦਾ ਉਛਾਲ ਦਰਜ ਕੀਤਾ ਗਿਆ ਹੈ।