ਰਿਲਾਇੰਸ ਇੰਡਸਟਰੀਜ਼ ਦਾ ਹਾਰਡਵੇਅਰ ਨਿਰਮਾਣ ਵੱਲ ਵੱਡਾ ਕਦਮ, 1670 ਕਰੋੜ ਰੁਪਏ ਦਾ ਕਰੇਗੀ ਨਿਵੇਸ਼
ਸਨਮੀਨਾ ਦੇ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ’ਚ ਮੋਹਰੀ ਇੰਟੀਗ੍ਰੇਟੇਡ ਮੈਨਿਊਫੈਕਚਰਿੰਗ ਸਾਲਿਊਸ਼ਨ ਕੰਪਨੀ ਦੇ ਨਿਰਮਾਣ ਲਈ ਰਿਲਾਇੰਸ ਦੇ ਨਾਲ ਸਾਂਝੇਦਾਰੀ ਕਰ ਕੇ ਸਾਨੂੰ ਖੁਸ਼ੀ ਹੈ।
Publish Date: Thu, 03 Mar 2022 04:55 PM (IST)
Updated Date: Fri, 04 Mar 2022 07:17 AM (IST)

ਨਵੀਂ ਦਿੱਲੀ (ਪੀਟੀਆਈ) : ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐੱਲ) ਦੀ ਸਹਾਇਕ ਕੰਪਨੀ ਆਰਐੱਸਬੀਵੀਐੱਲ ਤੇ ਸਨਮੀਨਾ ਕਾਰਪੋਰੇਸ਼ਨ ਨੇ ਭਾਰਤ ’ਚ ਇਲੈਕਟ੍ਰਾਨਿਕ ਨਿਰਮਾਣ ਲਈ ਭਾਈਵਾਲੀ ਦੇ ਗਠਨ ਦਾ ਐਲਾਨ ਕੀਤਾ ਹੈ। ਇਹ ਭਾਈਵਾਲੀ ਕਮਿਊਨਿਕੇਸ਼ਨ ਨੈੱਟਵਰਕਿੰਗ, ਰੱਖਿਆ ਤੇ ਏਅਰੋਸਪੇਸ ਵਰਗੇ ਵੱਖ-ਵੱਖ ਖੇਤਰਾਂ ’ਚ ਉੱਚ ਟੈਕਨਾਲੋਜੀ ਵਾਲੇ ਇਨਫਰਾਸਟੱਰਕਚਰ ਹਾਰਡਵੇਅਰ ਦੇ ਖੇਤਰ ’ਚ ਕੰਮ ਕਰੇਗੀ। ਰਿਲਾਇੰਸ ਸਟ੍ਰੇਟੇਜਿਕ ਬਿਜ਼ਨੈੱਸ ਵੈਂਚਰਸ ਲਿਮਟਿਡ (ਆਰਐੱਸਬੀਵੀਐੱਲ) ਦੀ ਇਸ ਭਾਈਵਾਲੀ ’ਚ 50.1 ਫੀਸਦੀ ਹਿੱਸੇਦਾਰੀ ਤੇ ਸਨਮੀਨਾ ਦੀ 49.9 ਫੀਸਦੀ ਹਿੱਸੇਦਾਰੀ ਹੋਵੇਗੀ। ਆਰਐੱਸਬੀਵੀਐੱਲ ਮੁੱਖ ਰੂਪ ਨਾਲ ਸਨਮੀਨਾ ਦੀ ਮੌਜੂਦਾ ਭਾਰਤੀ ਇਕਾਈ ’ਚ ਨਵੇਂ ਸ਼ੇਅਰਾਂ ’ਚ 1,670 ਕਰੋੜ ਰੁਪਏ ਤਕ ਦਾ ਨਿਵੇਸ਼ ਕਰ ਕੇ ਇਹ ਹਿੱਸੇਦਾਰੀ ਪ੍ਰਾਪਤ ਕਰੇਗੀ। ਇਸ ਸਮਝੌਤੇ ਦੇ ਸਤੰਬਰ 2022 ਤਕ ਪੂਰਾ ਹੋਣ ਦੀ ਉਮੀਦ ਹੈ। ਇਕ ਬਿਆਨ ’ਚ ਕਿਹਾ ਗਿਆ ਕਿ ਏਕੀਕ੍ਰਿਤ ਮੈਨਿਊਫੈਕਚਰਿੰਗ ਸਾਲਿਊਸ਼ਨ ਕੰਪਨੀ ਸਨਮੀਨਾ ਕਾਰਪੋਰੇਸ਼ਨ ਤੇ ਰਿਲਾਇੰਸ ਸਟ੍ਰੇਟੇਜਿਕ ਬਿਜ਼ਨੈੱਸ ਵੈਂਚਰਸ ਲਿਮਟਿਡ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸਨਮੀਨਾ ਦੀ ਮੌਜੂਦਾ ਭਾਰਤੀ ਇਕਾਈ (ਸਨਮੀਨਾ ਐੱਸਸੀਆਈ ਇੰਡੀਆ ਪ੍ਰਾਈਵੇਟ ਲਿਮਟਿਡ) ’ਚ ਨਿਵੇਸ਼ ਦੇ ਜ਼ਰੀਏ ਭਾਈਵਾਲੀ ਬਣਾਉਣ ਦੇ ਲਈ ਦੋਵਾਂ ਕੰਪਨੀਆਂ ਦੇ ਵਿਚਾਲੇ ਕਰਾਰ ਹੋਇਆ ਹੈ। ਰਿਲਾਇੰਸ ਜੀਓ ਦੇ ਡਾਇਰੈਕਟਰ ਆਕਾਸ਼ ਅੰਬਾਨੀ ਨੇ ਕਿਹਾ ਕਿ ਭਾਰਤ ’ਚ ਉੱਚ ਟੈਕਨਾਲੋਜੀ ਦੇ ਮੈਨਿਊਫੈਕਚਰਿੰਗ ਦੇ ਮਹੱਤਵਪੂਰਨ ਬਾਜ਼ਾਰ ਤਕ ਪਹੁੰਚ ਲਈ ਅਸੀਂ ਸਨਮੀਨਾ ਦੇ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਵਾਧਾ ਤੇ ਸੁਰੱਖਿਆ ਦੇ ਖਾਤਰ ਭਾਰਤ ਲਈ ਇਹ ਜ਼ਰੂਰੀ ਹੈ ਕਿ ਦੂਰਸੰਚਾਰ, ਆਈਟੀ, ਡਾਟਾ ਸੈਂਟਰ, ਕਲਾਊਡ, 5ਜੀ, ਨਿਊ ਐੱਨਰਜੀ ਤੇ ਹੋਰ ਉਦਯੋਗਾਂ ’ਚ ਇਲੈਕਟ੍ਰਾਨਿਕ ਮੈਨਿਊਫੈਕਚਰਿੰਗ ਦੇ ਮਾਮਲੇ ’ਚ ਅਸੀਂ ਹੋਰ ਆਤਮ ਨਿਰਭਰ ਹੋ ਸਕੀਏ, ਅਜਿਹੇ ਸਮੇਂ ਜਦੋਂ ਅਸੀਂ ਨਵੀਂ ਡਿਜੀਟਲ ਅਰਥਵਿਵਸਥਾ ਵੱਲ ਕਦਮ ਵਧਾ ਰਹੇ ਹਾਂ। ਸਨਮੀਨਾ ਦੇ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ’ਚ ਮੋਹਰੀ ਇੰਟੀਗ੍ਰੇਟੇਡ ਮੈਨਿਊਫੈਕਚਰਿੰਗ ਸਾਲਿਊਸ਼ਨ ਕੰਪਨੀ ਦੇ ਨਿਰਮਾਣ ਲਈ ਰਿਲਾਇੰਸ ਦੇ ਨਾਲ ਸਾਂਝੇਦਾਰੀ ਕਰ ਕੇ ਸਾਨੂੰ ਖੁਸ਼ੀ ਹੈ।