ਬੁੱਧਵਾਰ, 1 ਅਪ੍ਰੈਲ ਤੋਂ ਨਿੱਜੀ ਬਾਲਣ ਵਿਕਰੇਤਾ ਕੰਪਨੀ ਸ਼ੈੱਲ ਇੰਡੀਆ (Shell India) ਨੇ ਆਪਣੇ ਆਊਟਲੈਟਸ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਨਾਇਰਾ ਐਨਰਜੀ (Nayara Energy) ਵੀ ਤੇਲ ਦੀਆਂ ਕੀਮਤਾਂ ਵਧਾ ਚੁੱਕੀ ਹੈ।

ਨਵੀਂ ਦਿੱਲੀ: ਇਰਾਨ 'ਤੇ ਚੱਲ ਰਹੀ ਅਮਰੀਕਾ-ਇਜ਼ਰਾਈਲ ਜੰਗ ਕਾਰਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਪਾਰ ਬਣੀਆਂ ਹੋਈਆਂ ਹਨ। ਇਸ ਦਾ ਸਿੱਧਾ ਅਸਰ ਹੁਣ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ, 1 ਅਪ੍ਰੈਲ ਤੋਂ ਨਿੱਜੀ ਬਾਲਣ ਵਿਕਰੇਤਾ ਕੰਪਨੀ ਸ਼ੈੱਲ ਇੰਡੀਆ (Shell India) ਨੇ ਆਪਣੇ ਆਊਟਲੈਟਸ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਨਾਇਰਾ ਐਨਰਜੀ (Nayara Energy) ਵੀ ਤੇਲ ਦੀਆਂ ਕੀਮਤਾਂ ਵਧਾ ਚੁੱਕੀ ਹੈ।
ਬੈਂਗਲੁਰੂ 'ਚ ਸ਼ੈੱਲ ਆਊਟਲੈਟਸ 'ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ₹7.41 ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਹੁਣ ਆਮ ਪੈਟਰੋਲ ਦੀ ਕੀਮਤ ₹119.85 ਅਤੇ ਪ੍ਰੀਮੀਅਮ ਪਾਵਰ ਵੇਰੀਐਂਟ ਦੀ ਕੀਮਤ ₹129.85 ਪ੍ਰਤੀ ਲੀਟਰ ਹੋ ਗਈ ਹੈ।
ਡੀਜ਼ਲ ਦੀਆਂ ਕੀਮਤਾਂ ਵਿੱਚ ਇਸ ਤੋਂ ਵੀ ਵੱਧ ₹25.01 ਪ੍ਰਤੀ ਲੀਟਰ ਦਾ ਭਾਰੀ ਵਾਧਾ ਦੇਖਿਆ ਗਿਆ ਹੈ। ਆਮ ਡੀਜ਼ਲ ਵਧ ਕੇ ₹123.52 ਅਤੇ ਪ੍ਰੀਮੀਅਮ ਡੀਜ਼ਲ ₹133.52 ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।
ਗੌਰਤਲਬ ਹੈ ਕਿ ਦੋ ਹਫ਼ਤੇ ਪਹਿਲਾਂ ਵੀ ਸ਼ੈੱਲ (Shell) ਨੇ ਕੁਝ ਫਿਲਿੰਗ ਸਟੇਸ਼ਨਾਂ 'ਤੇ ਮਾਮੂਲੀ ਸੋਧ ਕਰਦੇ ਹੋਏ ਪੈਟਰੋਲ ਦੀ ਕੀਮਤ 'ਚ ₹2 ਤੋਂ ₹2.50 ਪ੍ਰਤੀ ਲੀਟਰ (₹108.50 ਦੇ ਕਰੀਬ) ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ₹93.50 ਤਕ ਵਧਾਇਆ ਸੀ।
ਸ਼ੈੱਲ ਤੋਂ ਪਹਿਲਾਂ 27 ਮਾਰਚ ਨੂੰ ਨਾਇਰਾ ਐਨਰਜੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲੜੀਵਾਰ ₹5 ਅਤੇ ₹3 ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਮਹਾਰਾਸ਼ਟਰ 'ਚ ਹੁਣ ਨਾਇਰਾ ਦੇ ਪੰਪਾਂ 'ਤੇ ਪੈਟਰੋਲ ₹103.82 ਤੋਂ ਵਧ ਕੇ ₹108.82 ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ ₹90.09 ਤੋਂ ਵਧ ਕੇ ₹93.09 ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਪੂਰੇ ਭਾਰਤ 'ਚ ਲਗਪਗ 7,000 ਫਿਊਲ ਸਟੇਸ਼ਨ ਚਲਾਉਣ ਵਾਲੀ ਕੰਪਨੀ ਨਾਇਰਾ ਨੇ ਕਿਹਾ ਕਿ ਇਹ ਸਖ਼ਤ ਫੈਸਲਾ ਤੇਲ ਦੀ ਸਪਲਾਈ ਅਤੇ ਵੰਡ ਵਿੱਚ ਆ ਰਹੀਆਂ 'ਬੇਮਿਸਾਲ ਚੁਣੌਤੀਆਂ' ਕਾਰਨ ਲਿਆ ਗਿਆ ਹੈ।
ਹੁਣ ਆਪਣੇ ਦੂਜੇ ਮਹੀਨੇ 'ਚ ਪ੍ਰਵੇਸ਼ ਕਰ ਚੁੱਕੀ ਇਸ ਜੰਗ ਨੇ ਵਿਸ਼ਵ ਤੇਲ ਬਾਜ਼ਾਰਾਂ ਨੂੰ ਤਣਾਅ ਵਿੱਚ ਪਾ ਦਿੱਤਾ ਹੈ। 28 ਫਰਵਰੀ ਤੋਂ ਬਾਅਦ ਬਰੈਂਟ ਕਰੂਡ (Brent Crude) ਦੀਆਂ ਕੀਮਤਾਂ 'ਚ ਲਗਪਗ 60% ਦਾ ਉਛਾਲ ਆਇਆ ਹੈ। ਇਹ ਮੁੱਖ ਤੌਰ 'ਤੇ ਹੋਰਮੂਜ਼ ਜਲਡਮਰੂਮੱਧ (Strait of Hormuz) ਰਾਹੀਂ ਸਪਲਾਈ ਪ੍ਰਭਾਵਿਤ ਹੋਣ ਦੇ ਡਰ ਕਾਰਨ ਹੈ ਕਿਉਂਕਿ ਇਰਾਨ ਨੇ ਅਮਰੀਕਾ, ਇਜ਼ਰਾਈਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਇਸ ਤੰਗ ਤੇਲ ਲਾਂਘੇ ਨੂੰ ਬੰਦ ਕਰ ਦਿੱਤਾ ਹੈ।