Union Budget 2026 'ਚ ਵਿੱਤ ਮੰਤਰੀ ਨੇ ਚਾਰ ਸਰਕਾਰੀ ਯੋਜਨਾਵਾਂ ਲਈ ਵੱਡਾ ਫੰਡ ਅਲਾਟ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚ ਪੀਐੱਮ ਕਿਸਾਨ, ਆਯੁਸ਼ਮਾਨ ਭਾਰਤ, ਵੀਬੀ-ਜੀਰਾਮਜੀ ਤੇ ਪੀਐੱਮ ਗਰੀਬ ਕਲਿਆਣ ਯੋਜਨਾਵਾਂ ਸ਼ਾਮਲ ਹਨ।

Budget 2026 Updates: ਬਜਟ 2026 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ (FM Nirmala Sitharaman) ਨੇ ਗਰੀਬਾਂ, ਕਿਸਾਨਾਂ ਤੇ ਗ੍ਰਾਮੀਣ ਭਾਰਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕਈ ਵੱਡੀਆਂ ਸਰਕਾਰੀ ਯੋਜਨਾਵਾਂ ਲਈ ਮੋਟਾ ਫੰਡ ਨਿਰਧਾਰਤ ਕੀਤਾ ਹੈ। ਆਓ ਜਾਣਦੇ ਹਾਂ ਕਿਸ ਮੰਤਰਾਲੇ ਦੀ ਕਿਸ ਸਕੀਮ ਨੂੰ ਕਿੰਨਾ ਪੈਸਾ ਮਿਲਿਆ ਅਤੇ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ?
ਸਭ ਤੋਂ ਵੱਡਾ ਬਜਟ ਰੁਜ਼ਗਾਰ ਗਾਰੰਟੀ ਨਾਲ ਜੁੜੀ VB-G RAM G (ਪਹਿਲਾਂ ਮਨਰੇਗਾ) ਨੂੰ ਮਿਲਿਆ ਹੈ। ਇਸ ਦੇ ਲਈ 95,692.31 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਸਾਲ ਮੂਲ ਬਜਟ 86,000 ਕਰੋੜ ਸੀ, ਜਿਸ ਨੂੰ ਸੋਧੇ ਹੋਏ ਅਨੁਮਾਨਾਂ ਵਿੱਚ ਵਧਾ ਕੇ 88,000 ਕਰੋੜ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇਸ ਸਾਲ ਮਨਰੇਗਾ ਦੇ ਪ੍ਰੋਗਰਾਮ ਕੰਪੋਨੈਂਟ ਲਈ ਵੱਖਰੇ ਤੌਰ 'ਤੇ 30,000 ਕਰੋੜ ਰੁਪਏ ਰੱਖੇ ਗਏ ਹਨ। ਇਸ ਦਾ ਸਿੱਧਾ ਫਾਇਦਾ ਪੇਂਡੂ ਮਜ਼ਦੂਰਾਂ, ਬੇਰੁਜ਼ਗਾਰ ਪਰਿਵਾਰਾਂ ਅਤੇ ਪਿੰਡਾਂ ਵਿੱਚ ਛੋਟੇ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਮਿਲੇਗਾ।
ਕਿਸਾਨਾਂ ਲਈ ਚੱਲ ਰਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Yojana) ਦਾ ਬਜਟ 63,500 ਕਰੋੜ ਰੁਪਏ ਰੱਖਿਆ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਬਰਾਬਰ ਹੈ। ਇਸ ਯੋਜਨਾ ਦੇ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਿੱਧੇ ਖਾਤੇ ਵਿੱਚ ਕਿਸ਼ਤ ਮਿਲਦੀ ਹੈ, ਜਿਸ ਨਾਲ ਬੀਜ, ਖਾਦ ਅਤੇ ਖੇਤੀ ਦੇ ਖਰਚਿਆਂ ਵਿੱਚ ਮਦਦ ਹੁੰਦੀ ਹੈ।
ਸਿਹਤ ਖੇਤਰ ਵਿੱਚ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (PM-JAY) ਲਈ 9,500 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪਿਛਲੇ ਸਾਲ ਇਹ 9,401 ਕਰੋੜ ਸੀ, ਜੋ ਸੋਧੇ ਹੋਏ ਅਨੁਮਾਨ ਵਿੱਚ ਘਟ ਕੇ 8,995 ਕਰੋੜ ਰਹਿ ਗਿਆ ਸੀ। ਇਸ ਸਕੀਮ ਰਾਹੀਂ ਗਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ, ਖ਼ਾਸ ਕਰਕੇ ਵੱਡੇ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਦੌਰਾਨ।
ਖੁਰਾਕ ਸੁਰੱਖਿਆ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) 'ਤੇ 2,27,429 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪਿਛਲੇ ਸਾਲ ਇਹ ਬਜਟ 2,03,000 ਕਰੋੜ ਸੀ, ਜੋ ਸੋਧੇ ਹੋਏ ਅਨੁਮਾਨ ਵਿੱਚ ਵਧ ਕੇ 2,27,753.65 ਕਰੋੜ ਹੋ ਗਿਆ ਸੀ। ਇਸ ਯੋਜਨਾ ਰਾਹੀਂ ਕਰੋੜਾਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਜਾਂ ਸਸਤਾ ਰਾਸ਼ਨ ਮਿਲਦਾ ਹੈ।