ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ ਦੇਣ ਵਾਲੇ ਨਾਰਾਇਣ ਮੂਰਤੀ ਨੇ ਨੌਜਵਾਨਾਂ ਨੂੰ ਕੀਤਾ ਅਲਰਟ, AI ਬਾਰੇ ਕਹੀ ਇਹ ਵੱਡੀ ਗੱਲ
Narayana Murthy ਦੇ ਮੁਤਾਬਕ, 'ਇਨ੍ਹਾਂ ਟੈਕਨਾਲੋਜੀਆਂ 'ਚ ਮੁਹਾਰਤ ਹਾਸਲ ਕਰਨ, ਉਨ੍ਹਾਂ ਨੂੰ ਮਦਦਗਾਰ ਤਰੀਕੇ ਨਾਲ ਵਰਤਣ ਅਤੇ ਉਹਨਾਂ ਨੂੰ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਲਗਾਤਾਰ ਸਿੱਖਣ ਦੇ ਨਾਲ ਜੋੜਨ ਦੀ ਜ਼ਿੰਮੇਵਾਰੀ ਲੋਕਾਂ ਦੀ ਹੈ।'
Publish Date: Fri, 27 Feb 2026 04:31 PM (IST)
Updated Date: Fri, 27 Feb 2026 04:41 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਇਨਫੋਸਿਸ ਦੇ ਫਾਊਂਡਰ ਨਾਰਾਇਣ ਮੂਰਤੀ ਆਪਣੇ ਕੰਮ ਦੇ ਨਾਲ-ਨਾਲ ਆਪਣੇ ਬਿਆਨਾਂ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ। ਨਾਰਾਇਣ ਮੂਰਤੀ ਦੇ 70 ਘੰਟੇ ਵਰਕਿੰਗ ਵੀਕ ਵਾਲੇ ਬਿਆਨ ਨੇ ਦੇਸ਼ ਭਰ ਵਿਚ ਬਹਿਸ ਛੇੜ ਦਿੱਤੀ ਸੀ। ਨਾਰਾਇਣ ਮੂਰਤੀ ਦੇ ਇਸ ਬਿਆਨ ਦੇ ਕੁਝ ਮਹੀਨਿਆਂ ਬਾਅਦ, ਹੁਣ ਇਨਫੋਸਿਸ ਦੇ ਫਾਊਂਡਰ ਨੇ AI ਤੇ ਨੌਜਵਾਨਾਂ 'ਚ ਇਸ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ 'ਤੇ ਇੱਕ ਸੁਨੇਹਾ ਦਿੱਤਾ ਹੈ।
ਨਾਰਾਇਣ ਮੂਰਤੀ ਨੇ AI ਬਾਰੇ ਕਹੀ ਇਹ ਗੱਲ
ਨਾਰਾਇਣ ਮੂਰਤੀ ਨੇ ਨੌਜਵਾਨਾਂ ਨੂੰ AI ਤੋਂ ਲੱਗਣ ਵਾਲੇ ਡਰ, ਕਿ ਮਸ਼ੀਨਾਂ ਵ੍ਹਾਈਟ-ਕਾਲਰ ਨੌਕਰੀਆਂ (White-Collar Jobs) ਦੀ ਜਗ੍ਹਾ ਲੈ ਸਕਦੀਆਂ ਹਨ, ਇਸ 'ਤੇ ਵੀ ਗੱਲ ਕੀਤੀ। ਨਾਰਾਇਣ ਮੂਰਤੀ ਨੇ ਕਿਹਾ ਕਿ ਜਿਵੇਂ-ਜਿਵੇਂ ਗਲੋਬਲ ਅਤੇ ਭਾਰਤੀ ਬਾਜ਼ਾਰ ਵਿੱਚ AI ਟੂਲਸ ਨੂੰ ਲੈ ਕੇ ਚਿੰਤਾ ਵਧ ਰਹੀ ਹੈ, ਪਰ ਇਸ ਨੂੰ ਲੈ ਕੇ ਨੌਜਵਾਨ ਘਬਰਾਉਣ ਨਹੀਂ, ਸਗੋਂ ਤਿਆਰੀ ਕਰਨ ਦੀ ਲੋੜ ਹੈ।
AI 'ਚ ਬਣੋ ਮਾਸਟਰ
ਜਨਰੇਟਿਵ AI ਦੀ ਵਰਤੋਂ ਬਾਰੇ ਗੱਲ ਕਰਦਿਆਂ ਇਨਫੋਸਿਸ ਦੇ ਫਾਊਂਡਰ ਨੇ ਤਰਕ ਦਿੱਤਾ ਕਿ ਟੈਕਨਾਲੋਜੀ ਆਪਣੇ ਆਪ ਸਭ ਨੂੰ ਬਰਾਬਰ ਨਹੀਂ ਕਰਦੀ। ਇਸ ਦੀ ਬਜਾਏ, ਇਹ ਉਨ੍ਹਾਂ ਲੋਕਾਂ ਨੂੰ ਇਨਾਮ ਦਿੰਦੀ ਹੈ ਜੋ ਬਿਹਤਰ ਸੋਚਦੇ ਹਨ ਅਤੇ ਤੇਜ਼ੀ ਨਾਲ ਸਿੱਖਦੇ ਹਨ। ਨਾਰਾਇਣ ਮੂਰਤੀ ਨੇ ਮਨੀ ਕੰਟਰੋਲ ਨੂੰ ਦੱਸਿਆ, 'ਪ੍ਰੋਡਕਟੀਵਿਟੀ (ਉਤਪਾਦਕਤਾ) ਲਈ ਜਨਰੇਟਿਵ AI ਦੀ ਵਰਤੋਂ ਕਰਨ ਦੇ ਮੇਰੇ ਆਪਣੇ ਤਜਰਬਿਆਂ ਨੇ ਮੈਨੂੰ ਦਿਖਾਇਆ ਹੈ ਕਿ ਇਕ ਸਮਾਰਟ ਦਿਮਾਗ ਇਹਨਾਂ ਸਹਾਇਕ ਟੈਕਨਾਲੋਜੀਆਂ ਦੀ ਵਰਤੋਂ ਕਰ ਕੇ ਬਿਹਤਰ ਕੁਆਲਿਟੀ ਅਤੇ ਬਿਹਤਰ ਪੱਧਰ ਦੀ ਪ੍ਰੋਡਕਟੀਵਿਟੀ ਹਾਸਲ ਕਰੇਗਾ।'
ਨੌਜਵਾਨਾਂ ਦਾ ਦੁਸ਼ਮਣ ਨਹੀਂ AI
ਨਾਰਾਇਣ ਮੂਰਤੀ ਨੇ ਅੱਗੇ ਕਿਹਾ, 'ਨੌਜਵਾਨਾਂ ਨੂੰ AI ਨੂੰ ਦੁਸ਼ਮਣ ਦੇ ਤੌਰ 'ਤੇ ਨਹੀਂ, ਸਗੋਂ ਇੱਕ ਅਜਿਹੇ ਟੂਲ (ਸੰਦ) ਦੇ ਤੌਰ 'ਤੇ ਦੇਖਣਾ ਚਾਹੀਦਾ ਹੈ ਜਿਸ ਨੂੰ ਸਮਝਣਾ ਚਾਹੀਦਾ ਹੈ ਤੇ ਸਮਝਦਾਰੀ ਨਾਲ ਵਰਤਣਾ ਚਾਹੀਦਾ ਹੈ।' ਮੂਰਤੀ ਦੇ ਮੁਤਾਬਕ, 'ਇਨ੍ਹਾਂ ਟੈਕਨਾਲੋਜੀਆਂ 'ਚ ਮੁਹਾਰਤ ਹਾਸਲ ਕਰਨ, ਉਨ੍ਹਾਂ ਨੂੰ ਮਦਦਗਾਰ ਤਰੀਕੇ ਨਾਲ ਵਰਤਣ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਲਗਾਤਾਰ ਸਿੱਖਣ ਦੇ ਨਾਲ ਜੋੜਨ ਦੀ ਜ਼ਿੰਮੇਵਾਰੀ ਲੋਕਾਂ ਦੀ ਹੈ।'