LPG Price Hike: ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕਿੰਨੇ ਵਧੇ ਭਾਅ
ਇਹ ਪਿਛਲੇ ਤਿੰਨ ਮਹੀਨਿਆਂ ਵਿੱਚ ਘਰੇਲੂ ਗੈਸ ਦੀ ਦੂਜੀ ਕੀਮਤ ਵਾਧਾ ਹੈ। ਇਸ ਤੋਂ ਪਹਿਲਾਂ ਸੱਤ ਮਾਰਚ ਨੂੰ ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰ ਦੇ ਭਾਅ 60 ਰੁਪਏ ਵਧਾਏ ਸਨ। ਲਗਾਤਾਰ ਦੂਜੇ ਵਾਧੇ ਨਾਲ ਘਰੇਲੂ ਮਾਸਿਕ ਬਜਟ 'ਤੇ ਵਾਧੂ ਬੋਝ ਪਵੇਗਾ।
Publish Date: Sun, 07 Jun 2026 08:00 AM (IST)
Updated Date: Sun, 07 Jun 2026 08:01 AM (IST)
ਪੀਟੀਆਈ, ਨਵੀਂ ਦਿੱਲੀ: ਆਮ ਖਪਤਕਾਰਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਦਿੰਦਿਆਂ ਸਰਕਾਰ ਨੇ ਘਰੇਲੂ ਰਸੋਈ ਗੈਸ (ਐੱਲਪੀਜੀ) ਸਿਲੰਡਰ ਦੀਆਂ ਕੀਮਤਾਂ ਵਿਚ 29 ਰੁਪਏ ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਮੁਤਾਬਕ ਦਿੱਲੀ ਵਿਚ 14.2 ਕਿੱਲੋ ਵਾਲਾ ਘਰੇਲੂ ਐੱਲਪੀਜੀ ਸਿਲੰਡਰ ਹੁਣ 913 ਰੁਪਏ ਦੀ ਥਾਂ 942 ਰੁਪਏ ਵਿਚ ਮਿਲੇਗਾ। ਸੋਧੀਆਂ ਕੀਮਤਾਂ ਤੁਰੰਤ ਲਾਗੂ ਹੋ ਗਈਆਂ ਹਨ।
ਪਿਛਲੇ ਤਿੰਨ ਮਹੀਨਿਆਂ ਦੌਰਾਨ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ 7 ਮਾਰਚ ਨੂੰ ਸਰਕਾਰ ਨੇ ਘਰੇਲੂ ਐੱਲਪੀਜੀ ਸਿਲੰਡਰ ਦੇ ਭਾਅ 60 ਰੁਪਏ ਵਧਾਏ ਸਨ। ਲਗਾਤਾਰ ਦੂਜੀ ਵਾਰ ਕੀਮਤਾਂ ਵਧਣ ਨਾਲ ਘਰੇਲੂ ਖਪਤਕਾਰਾਂ ਦੇ ਮਹੀਨਾਵਾਰ ਬਜਟ ’ਤੇ ਵਾਧੂ ਬੋਝ ਪਵੇਗਾ। ਸੂਤਰਾਂ ਮੁਤਾਬਕ ਮਾਰਚ ਵਿਚ ਕੀਮਤਾਂ ਵਧਾਏ ਜਾਣ ਦੇ ਬਾਵਜੂਦ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਘਰੇਲੂ ਐੱਲਪੀਜੀ ਦੀ ਵਿਕਰੀ ’ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਸੀ।
ਐੱਲਪੀਜੀ ਦੀਆਂ ਕੀਮਤਾਂ ਵਿਚ ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਹੋਰ ਈਂਧਣਾਂ ਦੇ ਭਾਅ ਵੀ ਵਧੇ ਹਨ। ਮਈ ਦੇ ਅੱਧ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੁੱਲ ਮਿਲਾ ਕੇ ਕਰੀਬ 7.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ ਜਦਕਿ ਸੀਐੱਨਜੀ ਦੇ ਭਾਅ ਵੀ ਕਰੀਬ 6 ਰੁਪਏ ਪ੍ਰਤੀ ਕਿੱਲੋ ਵਧਾਏ ਗਏ ਹਨ। ਉਦਯੋਗਾਂ ਨਾਲ ਜੁੜੇ ਸੂਤਰਾਂ ਮੁਤਾਬਕ ਹਾਲੀਆ ਕੀਮਤੀ ਸੋਧਾਂ ਦੇ ਬਾਵਜੂਦ ਸਰਕਾਰੀ ਤੇਲ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ’ਤੇ ਦਬਾਅ ਝੱਲ ਰਹੀਆਂ ਹਨ। ਅੰਦਾਜ਼ਾ ਹੈ ਕਿ ਕੰਪਨੀਆਂ ਨੂੰ ਪੈਟਰੋਲ ’ਤੇ ਕਰੀਬ 11 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 33.6 ਰੁਪਏ ਪ੍ਰਤੀ ਲੀਟਰ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।