ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਦੇ ਉੱਤਰੀ ਖੇਤਰ 'ਚ ਭਰਤੀ ਦਾ ਆਊਟਲੁੱਕ ਸਭ ਤੋਂ ਮਜ਼ਬੂਤ ਹੈ, ਜਿੱਥੇ NEO 70 ਪ੍ਰਤੀਸ਼ਤ ਤਕ ਪਹੁੰਚ ਗਿਆ ਹੈ। ਇਹ ਤਿਮਾਹੀ ਆਧਾਰ 'ਤੇ 12 ਅੰਕ ਅਤੇ ਸਾਲਾਨਾ ਆਧਾਰ 'ਤੇ 26 ਅੰਕਾਂ ਦਾ ਵਾਧਾ ਦਿਖਾਉਂਦਾ ਹੈ।

ਨਵੀਂ ਦਿੱਲੀ (ਏਜੰਸੀ) : ਭਾਰਤ 'ਚ ਕੰਪਨੀਆਂ ਦੀ ਭਰਤੀ ਕਰਨ ਦੀ ਯੋਜਨਾ 2026 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਲਈ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ। ਮੰਗਲਵਾਰ ਨੂੰ ਜਾਰੀ ਇੱਕ ਰਿਪੋਰਟ ਦੇ ਅਨੁਸਾਰ, ਨੈੱਟ ਇੰਪਲਾਇਮੈਂਟ ਆਊਟਲੁੱਕ (NEO) ਵਧ ਕੇ 68 ਪ੍ਰਤੀਸ਼ਤ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਮੈਨਪਾਵਰਗਰੁੱਪ ਦੀ ਰਿਪੋਰਟ ਮੁਤਾਬਕ, ਇਹ ਅੰਕੜਾ ਪਿਛਲੀ ਤਿਮਾਹੀ ਦੇ ਮੁਕਾਬਲੇ 17 ਪ੍ਰਤੀਸ਼ਤ ਅੰਕ ਜ਼ਿਆਦਾ ਹੈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 24 ਪ੍ਰਤੀਸ਼ਤ ਅੰਕ ਦਾ ਵਾਧਾ ਦਰਜ ਕੀਤਾ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਜੀਐਸਟੀ ਤਹਿਤ ਟੈਕਸ ਸੁਧਾਰ ਅਤੇ 2026 ਲਈ ਮਜ਼ਬੂਤ ਆਰਥਿਕ ਵਿਕਾਸ ਦੀਆਂ ਉਮੀਦਾਂ ਨਾਲ ਕੰਪਨੀਆਂ ਨੂੰ ਫਾਇਦਾ ਮਿਲ ਰਿਹਾ ਹੈ, ਜਿਸ ਨਾਲ ਭਰਤੀ ਦੀਆਂ ਯੋਜਨਾਵਾਂ ਵਧ ਰਹੀਆਂ ਹਨ। ਰਿਪੋਰਟ ਅਨੁਸਾਰ, ਫਾਇਨਾਂਸ ਤੇ ਇੰਸ਼ੋਰੈਂਸ ਸੈਕਟਰ ਵਿੱਚ ਭਰਤੀ ਦਾ ਆਊਟਲੁੱਕ ਸਭ ਤੋਂ ਮਜ਼ਬੂਤ ਹੈ, ਜੋ 71 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ।
ਇਹ ਪਿਛਲੀ ਤਿਮਾਹੀ ਦੇ ਮੁਕਾਬਲੇ 8 ਅੰਕ ਜ਼ਿਆਦਾ ਅਤੇ ਸਾਲਾਨਾ ਆਧਾਰ 'ਤੇ 26 ਅੰਕਾਂ ਦਾ ਵਾਧਾ ਦਰਸਾਉਂਦਾ ਹੈ। ਉੱਥੇ ਹੀ, ਯੂਟੀਲਿਟੀਜ਼ ਅਤੇ ਨੈਚੁਰਲ ਰਿਸੋਰਸਿਜ਼ (ਕੁਦਰਤੀ ਸਰੋਤ) ਸੈਕਟਰ 'ਚ ਤਿਮਾਹੀ ਆਧਾਰ 'ਤੇ ਸਭ ਤੋਂ ਵੱਡਾ ਵਾਧਾ ਦੇਖਣ ਨੂੰ ਮਿਲਿਆ। ਇਸ ਸੈਕਟਰ ਦਾ ਆਊਟਲੁੱਕ 22 ਅੰਕ ਵਧ ਕੇ ਚਾਰ ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ, ਜੋ 2021 ਦੀ ਚੌਥੀ ਤਿਮਾਹੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਦੂਜੇ ਪਾਸੇ, ਹੌਸਪਿਟੈਲਿਟੀ ਸੈਕਟਰ 'ਚ ਭਰਤੀ ਦਾ ਆਊਟਲੁੱਕ ਸਭ ਤੋਂ ਘੱਟ 31 ਪ੍ਰਤੀਸ਼ਤ ਰਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਖੇਤਰ 'ਚ ਕੰਪਨੀਆਂ ਫਿਲਹਾਲ ਭਰਤੀ ਨੂੰ ਲੈ ਕੇ ਜ਼ਿਆਦਾ ਸਾਵਧਾਨ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੀਆਂ ਨੌਕਰੀਆਂ ਦੇ ਮਾਮਲੇ 'ਚ ਆਟੋਮੋਬਾਈਲ ਸੈਕਟਰ 'ਚ ਸਭ ਤੋਂ ਵੱਧ ਵਾਧਾ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ ਆਈਟੀ ਤੇ ਆਈਟੀ ਸਰਵਿਸਿਜ਼ ਸੈਕਟਰ ਦਾ ਸਥਾਨ ਹੈ। ਮੈਨਪਾਵਰਗਰੁੱਪ ਇੰਡੀਆ ਅਤੇ ਮਿਡਲ ਈਸਟ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਗੁਲਾਟੀ ਨੇ ਕਿਹਾ ਕਿ 2026 ਦੀ ਦੂਜੀ ਤਿਮਾਹੀ ਦੇ ਅੰਕੜੇ ਇੱਕ ਦੋਹਰੀ ਸਥਿਤੀ ਦਰਸਾਉਂਦੇ ਹਨ।
ਇਕ ਪਾਸੇ ਕੰਪਨੀਆਂ ਦਾ ਭਰਤੀ ਕਰਨ ਦਾ ਭਰੋਸਾ ਮਜ਼ਬੂਤ ਹੈ, ਉੱਥੇ ਹੀ ਦੂਜੇ ਪਾਸੇ ਹੁਨਰਮੰਦ ਪ੍ਰਤਿਭਾ ਦੀ ਕਮੀ ਵੀ ਵਧ ਰਹੀ ਹੈ। ਗੁਲਾਟੀ ਨੇ ਕਿਹਾ ਕਿ ਲਗਪਗ 82 ਪ੍ਰਤੀਸ਼ਤ ਕੰਪਨੀਆਂ ਨੂੰ ਲੋੜ ਅਨੁਸਾਰ ਯੋਗ ਮੁਲਾਜ਼ਮ ਲੱਭਣ 'ਚ ਮੁਸ਼ਕਲ ਆ ਰਹੀ ਹੈ।
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਦੇ ਉੱਤਰੀ ਖੇਤਰ 'ਚ ਭਰਤੀ ਦਾ ਆਊਟਲੁੱਕ ਸਭ ਤੋਂ ਮਜ਼ਬੂਤ ਹੈ, ਜਿੱਥੇ NEO 70 ਪ੍ਰਤੀਸ਼ਤ ਤਕ ਪਹੁੰਚ ਗਿਆ ਹੈ। ਇਹ ਤਿਮਾਹੀ ਆਧਾਰ 'ਤੇ 12 ਅੰਕ ਅਤੇ ਸਾਲਾਨਾ ਆਧਾਰ 'ਤੇ 26 ਅੰਕਾਂ ਦਾ ਵਾਧਾ ਦਿਖਾਉਂਦਾ ਹੈ।
ਉੱਥੇ ਹੀ, ਪੂਰਬੀ ਖੇਤਰ 'ਚ ਤਿਮਾਹੀ ਆਧਾਰ 'ਤੇ ਸਭ ਤੋਂ ਤੇਜ਼ ਸੁਧਾਰ ਦੇਖਣ ਨੂੰ ਮਿਲਿਆ, ਜਿੱਥੇ ਉਮੀਦਾਂ 20 ਅੰਕ ਵਧ ਗਈਆਂ। ਇਸ ਖੇਤਰ ਦਾ ਆਊਟਲੁੱਕ 2012 ਦੀ ਤੀਜੀ ਤਿਮਾਹੀ ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਕੰਪਨੀ ਦੇ ਆਕਾਰ ਦੇ ਹਿਸਾਬ ਨਾਲ ਵੀ ਸਾਰੀਆਂ ਸ਼੍ਰੇਣੀਆਂ 'ਚ ਕੰਪਨੀਆਂ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਆਸ਼ਾਵਾਦੀ ਹਨ।
ਖਾਸ ਕਰਕੇ 250 ਤੋਂ 999 ਮੁਲਾਜ਼ਮਾਂ ਵਾਲੀਆਂ ਵੱਡੀਆਂ ਕੰਪਨੀਆਂ 'ਚ ਸਭ ਤੋਂ ਵੱਧ ਉਤਸ਼ਾਹ ਦੇਖਿਆ ਗਿਆ, ਜਿੱਥੇ NEO 71 ਪ੍ਰਤੀਸ਼ਤ ਰਿਹਾ, ਜੋ ਪਿਛਲੀ ਤਿਮਾਹੀ ਤੋਂ 15 ਅੰਕ ਜ਼ਿਆਦਾ ਹੈ। ਰਿਪੋਰਟ ਮੁਤਾਬਕ, 87 ਪ੍ਰਤੀਸ਼ਤ ਕੰਪਨੀਆਂ ਮੁਲਾਜ਼ਮਾਂ ਦੀ ਭਰਤੀ, ਆਨਬੋਰਡਿੰਗ ਅਤੇ ਸਿਖਲਾਈ ਵਿੱਚ ਪਹਿਲਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰ ਰਹੀਆਂ ਹਨ।
ਏਸ਼ੀਆ-ਪ੍ਰਸ਼ਾਂਤ ਖੇਤਰ 'ਚ AI ਅਪਣਾਉਣ ਦੀ ਦਰ 80 ਪ੍ਰਤੀਸ਼ਤ ਹੈ। ਇਸ ਮਾਮਲੇ ਵਿੱਚ ਚੀਨ 95 ਪ੍ਰਤੀਸ਼ਤ ਦੇ ਨਾਲ ਸਭ ਤੋਂ ਅੱਗੇ ਹੈ ਜਦੋਂਕਿ ਭਾਰਤ ਦੂਜੇ ਸਥਾਨ 'ਤੇ ਹੈ।