ਤਿੰਨਾਂ ਸੰਸਥਾਵਾਂ ਦੇ ਮੁਖੀਆਂ ਨੇ ਊਰਜਾ ਬਾਜ਼ਾਰ, ਵਿਸ਼ਵ ਅਰਥਵਿਵਸਥਾ ਤੇ ਵੱਖ-ਵੱਖ ਦੇਸ਼ਾਂ 'ਤੇ ਜੰਗ ਦੇ ਪ੍ਰਭਾਵ ਦੇ ਆਪਣੇ ਤਾਜ਼ਾ ਮੁਲਾਂਕਣ ਸਾਂਝੇ ਕੀਤੇ। ਇਹ ਬੈਠਕ IEA ਦੀ ਮਾਸਿਕ ‘ਆਇਲ ਮਾਰਕੀਟ ਰਿਪੋਰਟ’ ਅਤੇ IMF ਦੇ ‘ਵਰਲਡ ਇਕਨਾਮਿਕ ਆਊਟਲੁੱਕ’ ਜਾਰੀ ਹੋਣ ਤੋਂ ਪਹਿਲਾਂ ਹੋਈ।

ਨਵੀਂ ਦਿੱਲੀ : ਅੰਤਰਰਾਸ਼ਟਰੀ ਮੁਦਰਾ ਕੋਸ਼ (IMF), ਵਿਸ਼ਵ ਬੈਂਕ ਤੇ ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ 'ਚ ਜੰਗ ਕਾਰਨ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ। ਇਸ ਕਾਰਨ ਬਾਲਣ ਤੇ ਖਾਦਾਂ ਦੀਆਂ ਕੀਮਤਾਂ ਲੰਬੇ ਸਮੇਂ ਤਕ ਉੱਚੀਆਂ ਰਹਿ ਸਕਦੀਆਂ ਹਨ।
ਅੰਤਰਰਾਸ਼ਟਰੀ ਊਰਜਾ ਏਜੰਸੀ, ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਸਮੂਹ ਦੇ ਮੁਖੀਆਂ ਨੇ ਪੱਛਮੀ ਏਸ਼ੀਆ 'ਚ ਜੰਗ ਦੇ ਊਰਜਾ ਤੇ ਆਰਥਿਕ ਪ੍ਰਭਾਵਾਂ ਨਾਲ ਨਜਿੱਠਣ ਲਈ ਇਸ ਮਹੀਨੇ ਦੇ ਸ਼ੁਰੂ 'ਚ ਗਠਿਤ ਤਾਲਮੇਲ ਸਮੂਹ ਦੇ ਹਿੱਸੇ ਵਜੋਂ ਇੱਥੇ ਮੁਲਾਕਾਤ ਕੀਤੀ।
ਸਾਂਝੇ ਬਿਆਨ 'ਚ ਤਿੰਨਾਂ ਸੰਸਥਾਵਾਂ ਨੇ ਕਿਹਾ ਕਿ ਜੰਗ ਕਾਰਨ ਲੋਕਾਂ ਦਾ ਜਬਰੀ ਉਜਾੜਾ ਹੋਇਆ ਹੈ, ਰੁਜ਼ਗਾਰ ਪ੍ਰਭਾਵਿਤ ਹੋਇਆ ਹੈ ਅਤੇ ਯਾਤਰਾ ਤੇ ਸੈਰ-ਸਪਾਟੇ 'ਚ ਗਿਰਾਵਟ ਆਈ ਹੈ ਜਿਸ ਨੂੰ ਆਮ ਹੋਣ 'ਚ ਸਮਾਂ ਲੱਗ ਸਕਦਾ ਹੈ।
"ਜਿਵੇਂ ਕਿ ਅਸੀਂ ਇਸ ਮਹੀਨੇ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਸੀ ਕਿ ਜੰਗ ਦਾ ਪ੍ਰਭਾਵ ਵਿਆਪਕ, ਵਿਸ਼ਵਵਿਆਪੀ ਤੇ ਬਹੁਤ ਜ਼ਿਆਦਾ ਅਸਮਾਨ ਹੈ। ਇਸ ਦਾ ਅਸਰ ਖਾਸ ਤੌਰ 'ਤੇ ਊਰਜਾ ਦਰਾਮਦ (import) ਕਰਨ ਵਾਲੇ ਦੇਸ਼ਾਂ ਤੇ ਘੱਟ ਆਮਦਨ ਵਾਲੇ ਦੇਸ਼ਾਂ 'ਤੇ ਜ਼ਿਆਦਾ ਪਿਆ ਹੈ।" - IMF, World Bank ਅਤੇ IEA
ਇਸ ਝਟਕੇ ਕਾਰਨ ਤੇਲ, ਗੈਸ ਅਤੇ ਖਾਦਾਂ ਦੀਆਂ ਕੀਮਤਾਂ ਵਧੀਆਂ ਹਨ, ਜਿਸ ਨਾਲ ਖੁਰਾਕ ਸੁਰੱਖਿਆ ਅਤੇ ਰੁਜ਼ਗਾਰ ਨੂੰ ਲੈ ਕੇ ਚਿੰਤਾਵਾਂ ਵੀ ਵਧ ਗਈਆਂ ਹਨ। ਬਿਆਨ ਅਨੁਸਾਰ, "ਪੱਛਮੀ ਏਸ਼ੀਆ ਦੇ ਕੁਝ ਤੇਲ ਅਤੇ ਗੈਸ ਉਤਪਾਦਕ ਦੇਸ਼ਾਂ ਨੂੰ ਬਰਾਮਦ ਮਾਲੀਏ 'ਚ ਵੀ ਭਾਰੀ ਨੁਕਸਾਨ ਹੋਇਆ ਹੈ।" ਇਸ ਵਿਚ ਕਿਹਾ ਗਿਆ ਕਿ ਪੱਛਮੀ ਏਸ਼ੀਆ ਦੀ ਸਥਿਤੀ ਹਾਲੇ ਵੀ ਬੇਹੱਦ ਅਨਿਸ਼ਚਿਤ ਹੈ ਤੇ ਹੋਰਮੁਜ਼ ਜਲਡਮਰੂਮੱਧ (Strait of Hormuz) ਤੋਂ ਜਹਾਜ਼ਾਂ ਦੀ ਆਵਾਜਾਈ ਹਾਲੇ ਪੂਰੀ ਤਰ੍ਹਾਂ ਆਮ ਨਹੀਂ ਹੋਈ ਹੈ।
"ਭਾਵੇਂ ਹੋਰਮੁਜ਼ ਜਲਡਮਰੂਮੱਧ ਤੋਂ ਆਮ ਆਵਾਜਾਈ ਬਹਾਲ ਹੋ ਜਾਵੇ, ਫਿਰ ਵੀ ਪ੍ਰਮੁੱਖ ਵਸਤੂਆਂ ਦੀ ਵਿਸ਼ਵਵਿਆਪੀ ਸਪਲਾਈ ਨੂੰ ਜੰਗ ਤੋਂ ਪਹਿਲਾਂ ਦੇ ਪੱਧਰ 'ਤੇ ਪਰਤਣ 'ਚ ਸਮਾਂ ਲੱਗੇਗਾ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਕਾਰਨ ਈਂਧਣ ਤੇ ਖਾਦਾਂ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚੀਆਂ ਰਹਿ ਸਕਦੀਆਂ ਹਨ।" - IMF, World Bank ਅਤੇ IEA
ਇਸ ਵਿਚ ਕਿਹਾ ਗਿਆ ਕਿ ਸਪਲਾਈ 'ਚ ਰੁਕਾਵਟਾਂ ਕਾਰਨ ਜ਼ਰੂਰੀ ਕੱਚੇ ਮਾਲ ਦੀ ਘਾਟ ਨਾਲ ਊਰਜਾ, ਭੋਜਨ ਤੇ ਹੋਰ ਉਦਯੋਗਾਂ 'ਤੇ ਅਸਰ ਪੈ ਸਕਦਾ ਹੈ। ਜੰਗ ਕਾਰਨ ਲੋਕਾਂ ਦਾ ਉਜਾੜਾ, ਰੁਜ਼ਗਾਰ 'ਤੇ ਅਸਰ ਅਤੇ ਯਾਤਰਾ ਤੇ ਸੈਰ-ਸਪਾਟੇ ਵਿੱਚ ਕਮੀ ਆਈ ਹੈ ਜਿਸ ਨੂੰ ਆਮ ਹੋਣ 'ਚ ਸਮਾਂ ਲੱਗੇਗਾ।
ਇਨ੍ਹਾਂ ਤਿੰਨਾਂ ਸੰਸਥਾਵਾਂ ਦੇ ਮੁਖੀਆਂ ਨੇ ਊਰਜਾ ਬਾਜ਼ਾਰ, ਵਿਸ਼ਵ ਅਰਥਵਿਵਸਥਾ ਤੇ ਵੱਖ-ਵੱਖ ਦੇਸ਼ਾਂ 'ਤੇ ਜੰਗ ਦੇ ਪ੍ਰਭਾਵ ਦੇ ਆਪਣੇ ਤਾਜ਼ਾ ਮੁਲਾਂਕਣ ਸਾਂਝੇ ਕੀਤੇ। ਇਹ ਬੈਠਕ IEA ਦੀ ਮਾਸਿਕ ‘ਆਇਲ ਮਾਰਕੀਟ ਰਿਪੋਰਟ’ ਅਤੇ IMF ਦੇ ‘ਵਰਲਡ ਇਕਨਾਮਿਕ ਆਊਟਲੁੱਕ’ ਜਾਰੀ ਹੋਣ ਤੋਂ ਪਹਿਲਾਂ ਹੋਈ।
ਬਿਆਨ 'ਚ ਕਿਹਾ ਗਿਆ, "ਅਸੀਂ ਉਨ੍ਹਾਂ ਦੇਸ਼ਾਂ ਦੀ ਸਥਿਤੀ 'ਤੇ ਵੀ ਚਰਚਾ ਕੀਤੀ ਜੋ ਇਸ ਝਟਕੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਨਾਲ ਹੀ ਸਾਡੀਆਂ ਸੰਸਥਾਵਾਂ ਦੀਆਂ ਪ੍ਰਤੀਕਿਰਿਆਵਾਂ 'ਤੇ ਵੀ ਵਿਚਾਰ ਕੀਤਾ। ਸਾਡੀਆਂ ਟੀਮਾਂ ਦੇਸ਼ ਦੇ ਪੱਧਰ 'ਤੇ ਵੀ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਆਪਣੀ ਮੁਹਾਰਤ ਦੀ ਵਰਤੋਂ ਕਰਦੇ ਹੋਏ ਦੇਸ਼ਾਂ ਨੂੰ ਨੀਤੀਗਤ ਸਲਾਹ ਅਤੇ ਲੋੜ ਪੈਣ 'ਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।"
ਇਨ੍ਹਾਂ ਤਿੰਨਾਂ ਸੰਸਥਾਵਾਂ ਦੇ ਮੁਖੀਆਂ ਨੇ ਕਿਹਾ ਕਿ ਉਹ ਊਰਜਾ ਬਾਜ਼ਾਰ, ਵਿਸ਼ਵ ਅਰਥਵਿਵਸਥਾ ਅਤੇ ਵੱਖ-ਵੱਖ ਦੇਸ਼ਾਂ 'ਤੇ ਜੰਗ ਦੇ ਪ੍ਰਭਾਵ ਦੀ ਨਿਗਰਾਨੀ ਜਾਰੀ ਰੱਖਣਗੇ ਅਤੇ ਮੈਂਬਰ ਦੇਸ਼ਾਂ ਨੂੰ ਸਹਿਯੋਗ ਦੇਣ ਲਈ ਤਾਲਮੇਲ ਵਾਲੇ ਯਤਨ ਕਰਦੇ ਰਹਿਣਗੇ ਤਾਂ ਜੋ ਸਥਿਰਤਾ, ਵਿਕਾਸ ਅਤੇ ਰੁਜ਼ਗਾਰ ਯਕੀਨੀ ਬਣਾਉਣ ਵਾਲੀ ਮਜ਼ਬੂਤ ਆਰਥਿਕ ਬਹਾਲੀ ਦੀ ਨੀਂਹ ਰੱਖੀ ਜਾ ਸਕੇ।
(ਪੀਟੀਆਈ ਇਨਪੁਟ ਦੇ ਨਾਲ)