PF ਖਾਤਾਧਾਰਕਾਂ ਲਈ ਖੁਸ਼ਖਬਰੀ: ਮਈ-ਜੂਨ ਤਕ ਖਾਤੇ 'ਚ ਆ ਜਾਵੇਗਾ ਵਿਆਜ, EPFO ਵੱਲੋਂ ਨੋਟੀਫਿਕੇਸ਼ਨ ਜਾਰੀ
ਈਪੀਐੱਫਓ ਦੇ ਟਰੱਸਟੀ ਬੋਰਡ ਨੇ 2 ਮਾਰਚ ਨੂੰ ਵਿੱਤੀ ਸਾਲ 2025-26 ਲਈ ਈਪੀਐੱਫ 'ਤੇ ਵਿਆਜ ਦਰ ਨੂੰ 8.25 ਫ਼ੀਸਦ 'ਤੇ ਬਰਕਰਾਰ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਕਿਰਤ ਮੰਤਰਾਲੇ ਨੇ ਇਸ 'ਤੇ ਸਹਿਮਤੀ ਜ਼ਾਹਰ ਕਰਦੇ ਹੋਏ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜ ਦਿੱਤਾ ਸੀ।
Publish Date: Sun, 05 Apr 2026 08:10 AM (IST)
Updated Date: Sun, 05 Apr 2026 08:14 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਮੁਲਾਜ਼ਮ ਭਵਿੱਖ ਨਿਧੀ ਸੰਸਥਾ (ਈਪੀਐੱਫਓ) ਇਸ ਸਾਲ ਈਪੀਐੱਫ ਖਾਤਾਧਾਰਕਾਂ ਨੂੰ ਵਿੱਤੀ ਵਰ੍ਹਾ 2025-26 ਦਾ ਵਿਆਜ ਉਨ੍ਹਾਂ ਦੇ ਖਾਤੇ ਵਿਚ ਰਿਕਾਰਡ ਸਮੇਂ ਦੇ ਅੰਦਰ ਜਮ੍ਹਾਂ ਕਰਨ ਦੀ ਤਿਆਰੀ ਕਰ ਰਹੀ ਹੈ। ਈਪੀਐੱਫਓ ਦੀ ਯੋਜਨਾ ਹੈ ਕਿ ਇਸ ਮਹੀਨੇ ਅਰਥਾਤ ਅਪ੍ਰੈਲ ਤੋਂ 8.25 ਫ਼ੀਸਦ ਵਿਆਜ ਜਮ੍ਹਾਂ ਕਰਨ ਦੀ ਸ਼ੁਰੂਆਤ ਕੀਤੀ ਜਾਵੇ ਅਤੇ ਮਈ ਦੇ ਅੰਤ ਤੱਕ ਸਾਰੇ ਖਾਤਿਆਂ ਵਿਚ ਵਿਆਜ ਜਮ੍ਹਾਂ ਕਰ ਦਿੱਤਾ ਜਾਵੇ। ਹਾਲਾਂਕਿ, ਇਸ ਸੰਸਥਾ ਨੂੰ ਪਿਛਲੇ ਵਿੱਤੀ ਵਰ੍ਹੇ ਲਈ ਐਲਾਨਿਆ ਵਿਆਜ ਜਮ੍ਹਾਂ ਕਰਨ ਲਈ ਹਾਲੇ ਵੀ ਵਿੱਤ ਮੰਤਰਾਲੇ ਦੀ ਮਨਜ਼ੂਰੀ ਦੀ ਉਡੀਕ ਹੈ।
ਕਿਰਤ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਜਿਵੇਂ ਹੀ ਈਪੀਐੱਫਓ ਟਰੱਸਟ ਬੋਰਡ ਵੱਲੋਂ ਤੈਅ ਕੀਤੇ ਵਿਆਜ 'ਤੇ ਵਿੱਤ ਮੰਤਰਾਲੇ ਦੀ ਮਨਜ਼ੂਰੀ ਮਿਲੇਗੀ, ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਈਪੀਐੱਫ ਖਾਤਿਆਂ ਵਿਚ ਵਿਆਜ ਦੀ ਰਕਮ ਜਮ੍ਹਾਂ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਤੱਕ ਵਿੱਤ ਮੰਤਰਾਲਾ ਈਪੀਐੱਫਓ ਟਰੱਸਟ ਬੋਰਡ ਵੱਲੋਂ ਮਨਜ਼ੂਰ ਕੀਤੇ ਵਿਆਜ ਦਰ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦੇਵੇਗਾ। ਸੂਤਰਾਂ ਨੇ ਦੱਸਿਆ ਕਿ ਕਿਰਤ ਮੰਤਰੀ ਮਨਸੁੱਖ ਮਾਂਡਵੀਆ ਨੇ ਵੀ ਈਪੀਐੱਫਓ ਮੈਂਬਰਾਂ ਦੇ ਖਾਤੇ ਵਿਚ ਉਨ੍ਹਾਂ ਦੇ ਵਿਆਜ ਦੀ ਰਕਮ ਜਲਦੀ ਜਮ੍ਹਾਂ ਕਰਨ ਲਈ ਖ਼ਾਸ ਤੌਰ 'ਤੇ ਹਦਾਇਤ ਕੀਤੀ ਹੈ। ਇਸ ਸੰਦਰਭ ਵਿਚ ਈਪੀਐੱਫਓ ਨੇ ਲਗਭਗ ਸੱਤ ਕਰੋੜ ਤੋਂ ਵੱਧ ਖਾਤਿਆਂ ਵਿਚ ਵਿਆਜ ਜਮ੍ਹਾਂ ਕਰਨ ਦੀ ਤਿਆਰੀ ਕਰ ਲਈ ਹੈ।
ਗੱਲ ਕਰੀਏ ਤਾਂ, ਈਪੀਐੱਫਓ ਦੇ ਟਰੱਸਟੀ ਬੋਰਡ ਨੇ 2 ਮਾਰਚ ਨੂੰ ਵਿੱਤੀ ਸਾਲ 2025-26 ਲਈ ਈਪੀਐੱਫ 'ਤੇ ਵਿਆਜ ਦਰ ਨੂੰ 8.25 ਫ਼ੀਸਦ 'ਤੇ ਬਰਕਰਾਰ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਕਿਰਤ ਮੰਤਰਾਲੇ ਨੇ ਇਸ 'ਤੇ ਸਹਿਮਤੀ ਜ਼ਾਹਰ ਕਰਦੇ ਹੋਏ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜ ਦਿੱਤਾ ਸੀ। ਹਾਲਾਂਕਿ, ਬੋਰਡ ਦੇ ਫੈਸਲੇ 'ਤੇ ਵਿੱਤ ਮੰਤਰਾਲਾ ਆਮ ਤੌਰ 'ਤੇ ਮੋਹਰ ਲਗਾ ਦਿੰਦਾ ਹੈ ਕਿਉਂਕਿ ਵਿਆਜ ਦੀ ਰਕਮ ਅਸਲ ਵਿਚ ਈਪੀਐੱਫਓ ਨੂੰ ਹੋਣ ਵਾਲੀ ਆਮਦਨ ਤੋਂ ਦਿੱਤੀ ਜਾਂਦੀ ਹੈ ਤੇ ਵਿੱਤ ਮੰਤਰਾਲੇ ਨੂੰ ਇਸ ਕਾਰਜ ਲਈ ਕਿਸੇ ਤਰ੍ਹਾਂ ਦਾ ਆਰਥਿਕ ਬੋਝ ਨਹੀਂ ਸਹਿਣਾ ਪੈਂਦਾ।