Gold VS SIP: ਘਰ ਦੇ ਖ਼ਰਚੇ 'ਚੋਂ ਬਚਾਏ 500 ਰੁਪਏ ਨਾਲ ਹਾਊਸਵਾਈਫਸ ਬਣ ਸਕਦੀਆਂ ਹਨ ਲਖਪਤੀ, ਬੱਸ ਜਾਣ ਲਓ ਸਹੀ ਤਰੀਕਾ
ਭਾਰਤੀ ਪਰਿਵਾਰਾਂ ਵਿੱਚ ਮਹਿਲਾਵਾਂ, ਖ਼ਾਸ ਕਰਕੇ ਹਾਊਸਵਾਈਫਸ ਕੋਲ ਬਚਤ ਕਰਨ ਦਾ ਇੱਕ ਅਦਭੁਤ ਹੁਨਰ ਹੁੰਦਾ ਹੈ। ਰਸੋਈ ਦੇ ਡੱਬਿਆਂ ਤੋਂ ਲੈ ਕੇ ਅਲਮਾਰੀ ਵਿੱਚ ਵਿਛੇ ਕਾਗਜ਼ ਦੇ ਹੇਠਾਂ ਤੱਕ, ਉਹ ਕਿਸੇ ਨਾ ਕਿਸੇ ਜੁਗਾੜ ਨਾਲ ਘਰ ਦੇ ਖ਼ਰਚਿਆਂ ਵਿੱਚੋਂ ਪੈਸੇ ਬਚਾ ਹੀ ਲੈਂਦੀਆਂ ਹਨ। ਪਰ ਜਦੋਂ ਗੱਲ ਇਸ ਸਾਂਭ ਕੇ ਰੱਖੇ ਪੈਸੇ ਨੂੰ ਵਧਾਉਣ ਦੀ ਆਉਂਦੀ ਹੈ, ਤਾਂ ਅੱਜ ਵੀ ਦੇਸ਼ ਦੀਆਂ ਬਹੁਤੀਆਂ ਮਹਿਲਾਵਾਂ ਦੇ ਦਿਮਾਗ ਵਿੱਚ ਸਭ ਤੋਂ ਪਹਿਲਾ ਨਾਮ 'ਸੋਨਾ' ਆਉਂਦਾ ਹੈ। ਸਦੀਆਂ ਤੋਂ ਸੋਨੇ ਨੂੰ ਸਭ ਤੋਂ ਸੁਰੱਖਿਅਤ ਅਤੇ ਮੁਸੀਬਤ ਦਾ ਸਾਥੀ ਮੰਨਿਆ ਗਿਆ ਹੈ।
Publish Date: Mon, 01 Jun 2026 03:20 PM (IST)
Updated Date: Mon, 01 Jun 2026 03:28 PM (IST)
ਨਵੀਂ ਦਿੱਲੀ। ਭਾਰਤੀ ਪਰਿਵਾਰਾਂ ਵਿੱਚ ਮਹਿਲਾਵਾਂ, ਖ਼ਾਸ ਕਰਕੇ ਹਾਊਸਵਾਈਫਸ ਕੋਲ ਬਚਤ ਕਰਨ ਦਾ ਇੱਕ ਅਦਭੁਤ ਹੁਨਰ ਹੁੰਦਾ ਹੈ। ਰਸੋਈ ਦੇ ਡੱਬਿਆਂ ਤੋਂ ਲੈ ਕੇ ਅਲਮਾਰੀ ਵਿੱਚ ਵਿਛੇ ਕਾਗਜ਼ ਦੇ ਹੇਠਾਂ ਤੱਕ, ਉਹ ਕਿਸੇ ਨਾ ਕਿਸੇ ਜੁਗਾੜ ਨਾਲ ਘਰ ਦੇ ਖ਼ਰਚਿਆਂ ਵਿੱਚੋਂ ਪੈਸੇ ਬਚਾ ਹੀ ਲੈਂਦੀਆਂ ਹਨ। ਪਰ ਜਦੋਂ ਗੱਲ ਇਸ ਸਾਂਭ ਕੇ ਰੱਖੇ ਪੈਸੇ ਨੂੰ ਵਧਾਉਣ ਦੀ ਆਉਂਦੀ ਹੈ, ਤਾਂ ਅੱਜ ਵੀ ਦੇਸ਼ ਦੀਆਂ ਬਹੁਤੀਆਂ ਮਹਿਲਾਵਾਂ ਦੇ ਦਿਮਾਗ ਵਿੱਚ ਸਭ ਤੋਂ ਪਹਿਲਾ ਨਾਮ 'ਸੋਨਾ' ਆਉਂਦਾ ਹੈ। ਸਦੀਆਂ ਤੋਂ ਸੋਨੇ ਨੂੰ ਸਭ ਤੋਂ ਸੁਰੱਖਿਅਤ ਅਤੇ ਮੁਸੀਬਤ ਦਾ ਸਾਥੀ ਮੰਨਿਆ ਗਿਆ ਹੈ।
ਪਰ ਬਦਲਦੇ ਸਮੇਂ ਅਤੇ ਮਾਰਕੀਟ ਟ੍ਰੈਂਡਸ ਨੂੰ ਦੇਖਦੇ ਹੋਏ ਇੱਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਹਾਊਸਵਾਈਫਸ ਲਈ ਅੱਜ ਵੀ ਰਵਾਇਤੀ ਗੋਲਡ ਸੇਵਿੰਗ ਹੀ ਸਭ ਤੋਂ ਵਧੀਆ ਹੈ, ਜਾਂ ਮਿਊਚਲ ਫੰਡ ਦੀ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਇੱਕ ਬਿਹਤਰ ਅਤੇ ਵੱਧ ਮੁਨਾਫ਼ਾ ਦੇਣ ਵਾਲਾ ਆਪਸ਼ਨ ਬਣ ਕੇ ਉੱਭਰੀ ਹੈ? ਆਓ, ਵਿਸਥਾਰ ਨਾਲ ਜਾਣਦੇ ਹਾਂ ਕਿ ਮੁਸ਼ਕਲ ਘੜੀ ਵਿੱਚ ਕੌਣ ਜ਼ਿਆਦਾ ਸਾਥ ਦੇ ਸਕਦਾ ਹੈ।
1. ਸੁਰੱਖਿਆ ਅਤੇ ਜੋਖਮ ਦਾ ਗਣਿਤ
ਨਿਵੇਸ਼ ਕਰਦੇ ਸਮੇਂ ਮਹਿਲਾਵਾਂ ਦੀ ਸਭ ਤੋਂ ਪਹਿਲੀ ਤਰਜੀਹ ਸੁਰੱਖਿਆ ਹੁੰਦੀ ਹੈ। ਇਸ ਮਾਮਲੇ ਵਿੱਚ ਸੋਨੇ ਨੂੰ ਹਮੇਸ਼ਾ ਤੋਂ ਇੱਕ "ਸੇਫ ਹੈਵਨ" ਯਾਨੀ ਸੁਰੱਖਿਅਤ ਨਿਵੇਸ਼ ਮੰਨਿਆ ਗਿਆ ਹੈ, ਕਿਉਂਕਿ ਇਸਦੀ ਕੀਮਤ ਕਦੇ ਜ਼ੀਰੋ ਨਹੀਂ ਹੋ ਸਕਦੀ। ਹਾਲਾਂਕਿ, ਸ਼ਾਰਟ-ਟਰਮ ਵਿੱਚ ਇਸ ਦੀਆਂ ਕੀਮਤਾਂ ਵੀ ਉੱਪਰ-ਹੇਠਾਂ ਹੁੰਦੀਆਂ ਰਹਿੰਦੀਆਂ ਹਨ।
ਦੂਜੇ ਪਾਸੇ, ਐੱਸ.ਆਈ.ਪੀ. ਰਾਹੀਂ ਜਦੋਂ ਤੁਸੀਂ ਮਿਊਚਲ ਫੰਡਸ ਵਿੱਚ ਕਦਮ ਰੱਖਦੀਆਂ ਹੋ, ਤਾਂ ਇੱਥੇ ਬਾਜ਼ਾਰ ਦਾ ਜੋਖਮ ਜੁੜਿਆ ਹੁੰਦਾ ਹੈ। ਇਕੁਇਟੀ ਐੱਸ.ਆਈ.ਪੀ. ਵਿੱਚ ਸ਼ੇਅਰ ਮਾਰਕੀਟ ਦੇ ਉਤਾਰ-ਚੜ੍ਹਾਅ ਕਾਰਨ ਰਿਸਕ ਜ਼ਿਆਦਾ ਹੁੰਦਾ ਹੈ ਪਰ ਇਹੀ ਜੋਖਮ ਲੰਬੀ ਅਵਧੀ ਵਿੱਚ ਵੱਡਾ ਮੁਨਾਫ਼ਾ ਕਮਾਉਣ ਦਾ ਮੌਕਾ ਵੀ ਦਿੰਦਾ ਹੈ। ਉੱਥੇ ਹੀ, ਜੋ ਮਹਿਲਾਵਾਂ ਸੁਰੱਖਿਅਤ ਰਸਤਾ ਚਾਹੁੰਦੀਆਂ ਹਨ, ਉਨ੍ਹਾਂ ਲਈ ਡੈੱਟ ਐੱਸ.ਆਈ.ਪੀ.ਇੱਕ ਆਪਸ਼ਨ ਹੈ, ਜਿੱਥੇ ਗ੍ਰੋਥ ਭਾਵੇਂ ਹੌਲੀ ਹੁੰਦੀ ਹੈ ਪਰ ਸਥਿਰਤਾ ਬਣੀ ਰਹਿੰਦੀ ਹੈ।
2. ਕਿੱਥੇ ਮਿਲੇਗਾ ਜ਼ਿਆਦਾ ਰਿਟਰਨ?
ਮੁਨਾਫ਼ੇ ਦੀ ਗੱਲ ਕਰੀਏ ਤਾਂ ਦੋਵਾਂ ਵਿਚਕਾਰ ਅੰਤਰ ਕਾਫ਼ੀ ਵੱਡਾ ਹੈ। ਸੋਨਾ ਆਮ ਤੌਰ 'ਤੇ ਹਰ ਸਾਲ 8 ਤੋਂ 10 ਫ਼ੀਸਦੀ ਦਾ ਔਸਤ ਰਿਟਰਨ ਦਿੰਦਾ ਹੈ। ਹਾਲਾਂਕਿ, ਦੁਨੀਆ ਵਿੱਚ ਆਰਥਿਕ ਅਨਿਸ਼ਚਿਤਤਾ ਜਾਂ ਸੰਕਟ ਦੇ ਸਮੇਂ ਸੋਨੇ ਦੇ ਭਾਅ ਤੇਜ਼ੀ ਨਾਲ ਵਧਦੇ ਹਨ ਪਰ ਆਮ ਦਿਨਾਂ ਵਿੱਚ ਇਹ ਤੁਹਾਨੂੰ ਰਾਤੋ-ਰਾਤ ਅਮੀਰ ਨਹੀਂ ਬਣਾ ਸਕਦਾ।
ਇਸ ਦੇ ਉਲਟ, ਇਕੁਇਟੀ ਐੱਸ.ਆਈ.ਪੀ. ਲੰਬੇ ਸਮੇਂ (5 ਤੋਂ 7 ਸਾਲ ਜਾਂ ਉਸ ਤੋਂ ਵੱਧ) ਵਿੱਚ 12 ਤੋਂ 15 ਫ਼ੀਸਦੀ ਜਾਂ ਉਸ ਤੋਂ ਵੀ ਜ਼ਿਆਦਾ ਦਾ ਦਮਦਾਰ ਰਿਟਰਨ ਦੇ ਸਕਦੀ ਹੈ। ਲੰਬੇ ਸਮੇਂ ਲਈ ਕੀਤੀ ਗਈ ਐੱਸ.ਆਈ.ਪੀ. ਤੁਹਾਡੇ ਲਈ ਬਹੁਤ ਵੱਡਾ ਫੰਡ ਤਿਆਰ ਕਰ ਸਕਦੀ ਹੈ, ਕਿਉਂਕਿ ਇਸ ਵਿੱਚ ਕੰਪਾਊਂਡਿੰਗ (ਵਿਆਜ 'ਤੇ ਵਿਆਜ) ਦਾ ਫ਼ਾਇਦਾ ਮਿਲਦਾ ਹੈ।
3. ਲਿਕਵਿਡਿਟੀ ਅਤੇ ਸਹੂਲਤ
ਐਮਰਜੈਂਸੀ ਜਾਂ ਲੋੜ ਦੇ ਸਮੇਂ ਪੈਸਾ ਕਿੰਨੀ ਜਲਦੀ ਹੱਥ ਵਿੱਚ ਆਉਂਦਾ ਹੈ, ਇਸ ਨੂੰ ਲਿਕਵਿਡਿਟੀ ਕਹਿੰਦੇ ਹਨ। ਜੇਕਰ ਤੁਹਾਡਾ ਸੋਨਾ ਭੌਤਿਕ ਗਹਿਣਿਆਂ ਜਾਂ ਸਿੱਕਿਆਂ ਦੇ ਰੂਪ ਵਿੱਚ ਅਲਮਾਰੀ ਵਿੱਚ ਬੰਦ ਹੈ, ਤਾਂ ਉਸਨੂੰ ਵੇਚਣ ਜਾਂ ਬਦਲਣ ਵਿੱਚ ਸਮਾਂ ਲੱਗਦਾ ਹੈ ਅਤੇ ਮੇਕਿੰਗ ਚਾਰਜਿਸ ਦਾ ਨੁਕਸਾਨ ਉਠਾਉਣਾ ਪੈਂਦਾ ਹੈ। ਨਾਲ ਹੀ, ਇਨ੍ਹਾਂ ਨੂੰ ਘਰ ਵਿੱਚ ਰੱਖਣ 'ਤੇ ਹਮੇਸ਼ਾ ਚੋਰੀ ਦਾ ਡਰ ਸਤਾਉਂਦਾ ਹੈ। ਹਾਲਾਂਕਿ, ਡਿਜੀਟਲ ਗੋਲਡ ਜਾਂ ਗੋਲਡ ਈ.ਟੀ.ਐੱਫ. ਨੂੰ ਤੁਸੀਂ ਜਦੋਂ ਚਾਹੋ ਤੁਰੰਤ ਵੇਚ ਸਕਦੀਆਂ ਹੋ ਅਤੇ ਇਸ ਵਿੱਚ ਮੇਕਿੰਗ ਚਾਰਜਿਸ ਦਾ ਨੁਕਸਾਨ ਵੀ ਨਹੀਂ ਹੁੰਦਾ।
ਦੂਜੇ ਪਾਸੇ, ਐੱਸ.ਆਈ.ਪੀ. ਪੂਰੀ ਤਰ੍ਹਾਂ ਇੱਕ ਡਿਜੀਟਲ ਅਤੇ ਆਨਲਾਈਨ ਪ੍ਰਕਿਰਿਆ ਹੈ। ਇਸ ਨੂੰ ਤੁਸੀਂ ਹਰ ਮਹੀਨੇ ਮਾਤਰ ₹500 ਦੀ ਛੋਟੀ ਜਿਹੀ ਬਚਤ ਨਾਲ ਸ਼ੁਰੂ ਕਰ ਸਕਦੀਆਂ ਹੋ, ਜੋ ਸਿੱਧਾ ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋ ਜਾਂਦੀ ਹੈ। ਇਸ ਨੂੰ ਨਾ ਤਾਂ ਸੰਭਾਲਣ ਦਾ ਕੋਈ ਝੰਜਟ ਹੈ ਅਤੇ ਨਾ ਹੀ ਚੋਰੀ ਦਾ ਡਰ। ਇਸ ਨੂੰ ਵੀ ਤੁਸੀਂ ਕਦੇ ਵੀ ਆਨਲਾਈਨ ਕਢਵਾ ਸਕਦੀਆਂ ਹੋ, ਬਸ਼ਰਤੇ ਬਿਹਤਰ ਰਿਟਰਨ ਲਈ ਤੁਸੀਂ ਇਸ ਵਿੱਚ ਘੱਟੋ-ਘੱਟ 5 ਸਾਲ ਤੱਕ ਟਿਕੀਆਂ ਰਹੋ।
4. ਟੈਕਸ ਅਤੇ ਭਵਿੱਖ ਦੇ ਟੀਚੇ
ਟੈਕਸ ਦੇ ਮੋਰਚੇ 'ਤੇ ਦੇਖੀਏ ਤਾਂ ਜੇਕਰ ਤੁਸੀਂ ਸੋਨੇ ਨੂੰ 3 ਸਾਲ ਤੋਂ ਵੱਧ ਸਮੇਂ ਤੱਕ ਰੱਖ ਕੇ ਵੇਚਦੀਆਂ ਹੋ, ਤਾਂ ਮੁਨਾਫ਼ੇ 'ਤੇ ਇੰਡੈਕਸੇਸ਼ਨ ਦੇ ਲਾਭ ਦੇ ਨਾਲ 20% ਟੈਕਸ ਦੇਣਾ ਹੁੰਦਾ ਹੈ। ਦੂਜੇ ਬੰਨੇ, ਇਕੁਇਟੀ ਐੱਸ.ਆਈ.ਪੀ. ਟੈਕਸ ਦੇ ਲਿਹਾਜ਼ ਨਾਲ ਕਾਫ਼ੀ ਫ਼ਾਇਦੇਮੰਦ ਹੈ; ਇੱਥੇ 1 ਸਾਲ ਤੋਂ ਪਹਿਲਾਂ ਵੇਚਣ 'ਤੇ 15% ਅਤੇ 1 ਸਾਲ ਤੋਂ ਬਾਅਦ ਵੇਚਣ 'ਤੇ ਸਿਰਫ਼ 10% ਟੈਕਸ ਲੱਗਦਾ ਹੈ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸੋਨਾ ਤੁਹਾਡੀ ਪੂੰਜੀ ਨੂੰ ਮਹਿੰਗਾਈ ਤੋਂ ਬਚਾਉਂਦਾ ਹੈ ਅਤੇ ਸੁਰੱਖਿਆ ਦਿੰਦਾ ਹੈ, ਪਰ ਇਹ ਤੁਹਾਡੇ ਪੈਸੇ ਨੂੰ ਬਹੁਤ ਤੇਜ਼ੀ ਨਾਲ ਵਧਾ ਨਹੀਂ ਸਕਦਾ। ਉੱਥੇ ਹੀ, ਐੱਸ.ਆਈ.ਪੀ. ਤੁਹਾਡੇ ਪੈਸੇ ਨੂੰ ਸਰਗਰਮੀ ਨਾਲ ਵਧਾਉਂਦੀ ਹੈ, ਜਿਸ ਨਾਲ ਤੁਸੀਂ ਬੱਚਿਆਂ ਦੀ ਪੜ੍ਹਾਈ, ਵਿਆਹ ਜਾਂ ਆਪਣੇ ਖ਼ੁਦ ਦੇ ਭਵਿੱਖ ਲਈ ਇੱਕ ਵੱਡਾ ਫੰਡ ਤਿਆਰ ਕਰ ਸਕਦੀਆਂ ਹੋ।
ਡਿਸਕਲੇਮਰ: ਇੱਥੇ ਦਿੱਤੀ ਗਈ ਜਾਣਕਾਰੀ ਨਿਵੇਸ਼ ਦੀ ਸਲਾਹ ਨਹੀਂ ਹੈ। ਜਾਗਰਣ ਬਿਜ਼ਨਸ ਨਿਵੇਸ਼ ਦੀ ਸਲਾਹ ਨਹੀਂ ਦੇ ਰਿਹਾ ਹੈ। ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਤੋਂ ਸਲਾਹ ਜ਼ਰੂਰ ਲਓ।