IBJA ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਫਰਵਰੀ ਐਕਸਪਾਇਰੀ ਵਾਲੇ ਗੋਲਡ ਫਿਊਚਰਜ਼ 'ਚ ਇਸ ਹਫ਼ਤੇ ਕਾਫ਼ੀ ਤੇਜ਼ੀ ਆਈ ਅਤੇ ਇਹ 1,38,875 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜੋ ਪਿਛਲੇ ਹਫ਼ਤੇ ਦੇ ਬੰਦ ਭਾਅ 1,35,752 ਰੁਪਏ ਤੋਂ ਵੱਧ ਹੈ।

ਨਵੀਂ ਦਿੱਲੀ (ਏਜੰਸੀ) : ਸੋਨੇ ਅਤੇ ਚਾਂਦੀ ਵਿੱਚ 2025 ਵਿੱਚ ਦੇਖੀ ਗਈ ਤੇਜ਼ੀ ਇਸ ਸਾਲ ਯਾਨੀ 2026 ਵਿੱਚ ਵੀ ਜਾਰੀ ਰਹਿਣ ਦੀ ਉਮੀਦ ਹੈ। ਇਸ ਦਾ ਮੁੱਖ ਕਾਰਨ ਸੁਰੱਖਿਅਤ ਨਿਵੇਸ਼ ਦੀ ਮੰਗ ਅਤੇ ਉਦਯੋਗਿਕ ਮੰਗ ਦਾ ਬਣੇ ਰਹਿਣਾ ਹੈ। ਇਹ ਜਾਣਕਾਰੀ ਸ਼ਨਿਚਰਵਾਰ ਨੂੰ ਵਿਸ਼ਲੇਸ਼ਕਾਂ (Analysts) ਵੱਲੋਂ ਦਿੱਤੀ ਗਈ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਫਰਵਰੀ ਐਕਸਪਾਇਰੀ ਵਾਲੇ ਗੋਲਡ ਫਿਊਚਰਜ਼ 'ਚ ਇਸ ਹਫ਼ਤੇ ਕਾਫ਼ੀ ਤੇਜ਼ੀ ਆਈ ਅਤੇ ਇਹ 1,38,875 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜੋ ਪਿਛਲੇ ਹਫ਼ਤੇ ਦੇ ਬੰਦ ਭਾਅ 1,35,752 ਰੁਪਏ ਤੋਂ ਵੱਧ ਹੈ। ਉੱਥੇ ਹੀ, ਹਾਜ਼ਰ ਬਾਜ਼ਾਰ (Spot Market) 'ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦਾ ਭਾਅ ਇਸ ਹਫ਼ਤੇ 1,37,122 ਰੁਪਏ 'ਤੇ ਪਹੁੰਚ ਗਿਆ ਹੈ ਜੋ ਪਿਛਲੇ ਹਫ਼ਤੇ ਦੇ 1,34,782 ਰੁਪਏ ਤੋਂ ਜ਼ਿਆਦਾ ਹੈ।
MCX 'ਤੇ ਮਾਰਚ ਦੀ ਐਕਸਪਾਇਰੀ ਵਾਲੇ ਸਿਲਵਰ ਕੰਟਰੈਕਟ 'ਚ ਵੀ ਇਸ ਹਫ਼ਤੇ ਜ਼ਬਰਦਸਤ ਤੇਜ਼ੀ ਦੇਖੀ ਗਈ ਅਤੇ ਇਹ ਵਧ ਕੇ 2,52,002 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚਾਂਦੀ ਨੇ ਆਪਣੀ ਹਾਲੀਆ ਕੰਸੋਲੀਡੇਸ਼ਨ ਰੇਂਜ (ਸਥਿਰਤਾ ਦੇ ਦਾਇਰੇ) ਨੂੰ ਪਾਰ ਕਰ ਲਿਆ ਹੈ ਤੇ ਇਕ ਮਜ਼ਬੂਤ ਤੇਜ਼ੀ (Bullish Channel) ਵਾਲੇ ਪੜਾਅ 'ਚ ਮੁੜ ਪ੍ਰਵੇਸ਼ ਕਰ ਲਿਆ ਹੈ।
ਐਨਰਿਚ ਮਨੀ ਦੇ ਸੀਈਓ ਪੋਨਮੁਡੀ ਆਰ ਨੇ ਕਿਹਾ ਕਿ ਕੌਮੈਕਸ 'ਤੇ ਸੋਨਾ 4,500 ਡਾਲਰ ਪ੍ਰਤੀ ਔਂਸ ਦੇ ਕਰੀਬ ਮਜ਼ਬੂਤ ਬਣਿਆ ਹੋਇਆ ਹੈ। ਇਸ ਵਿੱਚ 1 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਕਈ ਹਫ਼ਤਿਆਂ ਦੀ ਤੇਜ਼ ਰੈਲੀ ਤੋਂ ਬਾਅਦ ਇਹ ਰਿਕਾਰਡ ਉਚਾਈ ਤੋਂ ਥੋੜ੍ਹਾ ਹੇਠਾਂ ਸਥਿਰ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ, "ਇਸ ਦੌਰਾਨ ਕਾਮੈਕਸ 'ਤੇ ਚਾਂਦੀ ਵਾਇਦਾ ਦੀ ਕੀਮਤ 6 ਫੀਸਦੀ ਤੋਂ ਵੱਧ ਵਧ ਕੇ ਲਗਪਗ 79.79 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ। 75 ਡਾਲਰ ਤੋਂ ਇਸ ਵਿੱਚ ਉਛਾਲ ਆਇਆ ਕਿਉਂਕਿ ਉਦਯੋਗਿਕ ਮੰਗ ਫਿਰ ਤੋਂ ਸ਼ੁਰੂ ਹੋਈ ਹੈ ਅਤੇ ਨਾਲ ਹੀ ਸੁਰੱਖਿਅਤ ਨਿਵੇਸ਼ ਲਈ ਖਰੀਦਦਾਰੀ ਵੀ ਵਧੀ ਹੈ।"
ਚਾਂਦੀ ਵਿੱਚ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ਬਣਿਆ ਹੋਇਆ ਹੈ, ਜਿਸ ਨੂੰ ਲਗਾਤਾਰ ਸਪਲਾਈ ਦੀ ਕਮੀ, ਕੇਂਦਰੀ ਬੈਂਕਾਂ ਵੱਲੋਂ ਰਿਕਾਰਡ ਖਰੀਦਦਾਰੀ ਅਤੇ ਸੋਲਰ, ਈਵੀ (EV) ਅਤੇ ਏਆਈ (AI) ਇਨਫਰਾਸਟ੍ਰਕਚਰ ਨਾਲ ਜੁੜੀ ਗ੍ਰੀਨ-ਐਨਰਜੀ ਦੀ ਵਧਦੀ ਮੰਗ ਤੋਂ ਸਪੋਰਟ ਮਿਲ ਰਿਹਾ ਹੈ। ਸੋਨੇ ਅਤੇ ਚਾਂਦੀ ਨੇ 2025 ਵਿੱਚ ਨਿਵੇਸ਼ਕਾਂ ਨੂੰ ਜ਼ਬਰਦਸਤ ਰਿਟਰਨ ਦਿੱਤਾ ਹੈ। ਇਸ ਦੌਰਾਨ ਸੋਨੇ ਵਿੱਚ ਕਰੀਬ 66 ਫੀਸਦੀ ਅਤੇ ਚਾਂਦੀ ਵਿੱਚ ਕਰੀਬ 171 ਫੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ।
ਕਿੰਨਾ ਪਹੁੰਚ ਸਕਦਾ ਹੈ ਰੇਟ?
ਜਾਣਕਾਰਾਂ ਦਾ ਮੰਨਣਾ ਹੈ ਕਿ 2026 ਦੇ ਅਖੀਰ ਤਕ ਸੋਨੇ ਦੀ ਕੀਮਤ 5,000 ਡਾਲਰ/ਔਂਸ (ਲਗਪਗ ₹1.50 ਲੱਖ/10 ਗ੍ਰਾਮ) ਜਾਂ ਉਸ ਤੋਂ ਵੱਧ ਤਕ ਜਾ ਸਕਦਾ ਹੈ। ਉੱਥੇ ਹੀ ਚਾਂਦੀ 100 ਡਾਲਰ/ਔਂਸ (ਲਗਭਗ ₹2.80 - ₹3.20 ਲੱਖ/ਕਿਲੋ) ਤਕ ਜਾ ਸਕਦੀ ਹੈ। ਭੂ-ਰਾਜਨੀਤਕ ਤਣਾਅ (Geopolitical tension), ਵਧਦੀ ਉਦਯੋਗਿਕ ਮੰਗ ਅਤੇ ਸਪਲਾਈ ਵਿੱਚ ਕਮੀ ਕਾਰਨ ਕੀਮਤਾਂ 'ਚ ਇਹ ਵਾਧਾ ਹੋ ਸਕਦਾ ਹੈ।