ਮੁੰਬਈ ਤੇ ਨੇੜਲੇ ਇਲਾਕਿਆਂ 'ਚ CNG ਤੇ PNG ਹੋਈ ਮਹਿੰਗੀ; ਜਾਣੋ ਹੁਣ ਕਿੰਨੇ ਰੁਪਏ ਖਰਚਣੇ ਪੈਣਗੇ ਪ੍ਰਤੀ ਕਿਲੋ
ਮੱਧ ਪੂਰਬ ਦੇ ਤਣਾਅ ਦਾ ਅਸਰ ਹੁਣ ਭਾਰਤ 'ਚ ਸਾਫ਼ ਦਿਖਾਈ ਦੇਣ ਲੱਗਾ ਹੈ। ਇਹੀ ਕਾਰਨ ਹੈ ਕਿ ਮਈ ਦੇ ਮਹੀਨੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਚਾਰ ਵਾਰ ਵਾਧਾ ਕੀਤਾ ਜਾ ਚੁੱਕਾ ਹੈ। ਸੀਐਨਜੀ ਦੀਆਂ ਕੀਮਤਾਂ 'ਚ ਵੀ ਕਈ ਵਾਰ ਇਜ਼ਾਫਾ ਹੋਇਆ ਹੈ। ਪਰ ਹੁਣ ਇੱਕ ਵਾਰ ਫਿਰ 'ਮਹਾਨਗਰ ਗੈਸ ਲਿਮਟਿਡ' ਨੇ ਉਪਭੋਗਤਾਵਾਂ ਨੂੰ ਝਟਕਾ ਦਿੰਦੇ ਹੋਏ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
Publish Date: Sat, 30 May 2026 11:55 AM (IST)
Updated Date: Sat, 30 May 2026 11:56 AM (IST)

ਨਵੀਂ ਦਿੱਲੀ : ਮੱਧ ਪੂਰਬ ਦੇ ਤਣਾਅ ਦਾ ਅਸਰ ਹੁਣ ਭਾਰਤ 'ਚ ਸਾਫ਼ ਦਿਖਾਈ ਦੇਣ ਲੱਗਾ ਹੈ। ਇਹੀ ਕਾਰਨ ਹੈ ਕਿ ਮਈ ਦੇ ਮਹੀਨੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਚਾਰ ਵਾਰ ਵਾਧਾ ਕੀਤਾ ਜਾ ਚੁੱਕਾ ਹੈ। ਸੀਐਨਜੀ ਦੀਆਂ ਕੀਮਤਾਂ 'ਚ ਵੀ ਕਈ ਵਾਰ ਇਜ਼ਾਫਾ ਹੋਇਆ ਹੈ। ਪਰ ਹੁਣ ਇੱਕ ਵਾਰ ਫਿਰ 'ਮਹਾਨਗਰ ਗੈਸ ਲਿਮਟਿਡ' ਨੇ ਉਪਭੋਗਤਾਵਾਂ ਨੂੰ ਝਟਕਾ ਦਿੰਦੇ ਹੋਏ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਕੰਪਨੀ ਨੇ ਸ਼ਨੀਵਾਰ ਤੋਂ ਸੀਐਨਜੀ ਦੀ ਕੀਮਤ 'ਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਲਾਗੂ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਮੁੰਬਈ ਮਹਾਨਗਰ ਖੇਤਰ 'ਚ ਸੀਐਨਜੀ ਦੀ ਪ੍ਰਚੂਨ ਕੀਮਤ ਵਧ ਕੇ 86 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਨਵੀਆਂ ਦਰਾਂ ਮੁੰਬਈ, ਠਾਣੇ, ਨਵੀਂ ਮੁੰਬਈ ਅਤੇ ਐਮਜੀਐਲ ਦੇ ਸੇਵਾ ਖੇਤਰ ਦੇ ਹੋਰ ਇਲਾਕਿਆਂ 'ਚ ਲਾਗੂ ਹੋਣਗੀਆਂ।
ਮਈ ਦੇ ਮਹੀਨੇ 'ਚ ਇਹ ਦੂਜੀ ਵਾਰ ਹੈ ਜਦੋਂ ਕੰਪਨੀ ਨੇ ਕੀਮਤਾਂ ਵਧਾਈਆਂ ਹਨ। ਇਸ ਤੋਂ ਪਹਿਲਾਂ 14 ਮਈ ਨੂੰ ਵੀ ਕੰਪਨੀ ਨੇ ਸੀਐਨਜੀ ਦੇ ਰੇਟ 2 ਰੁਪਏ ਪ੍ਰਤੀ ਕਿਲੋ ਵਧਾਏ ਸਨ। ਲਗਾਤਾਰ ਦੂਜੀ ਵਾਰ ਹੋਏ ਇਸ ਵਾਧੇ ਨਾਲ ਨਿੱਜੀ ਵਾਹਨ ਚਾਲਕਾਂ ਅਤੇ ਵਪਾਰਕ ਆਵਾਜਾਈ ਖੇਤਰ 'ਤੇ ਵਾਧੂ ਬੋਝ ਪੈਣ ਦੀ ਸੰਭਾਵਨਾ ਹੈ।
CNG ਦੇ ਨਾਲ PNG ਵੀ ਹੋਈ ਮਹਿੰਗੀ
ਸ਼ਨੀਵਾਰ ਨੂੰ ਸਿਰਫ਼ ਸੀਐਨਜੀ ਹੀ ਨਹੀਂ, ਸਗੋਂ ਪਾਈਪਡ ਨੈਚੁਰਲ ਗੈਸ (PNG) ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਮਹਾਨਗਰ ਲਿਮਟਿਡ ਨੇ ਪੀਐਨਜੀ ਦੀ ਕੀਮਤ 'ਚ 50 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ। ਇਸ ਦਾ ਅਸਰ ਉਨ੍ਹਾਂ ਲੱਖਾਂ ਪਰਿਵਾਰਾਂ 'ਤੇ ਪਵੇਗਾ ਜੋ ਖਾਣਾ ਪਕਾਉਣ ਲਈ ਪਾਈਪਡ ਗੈਸ ਦੀ ਵਰਤੋਂ ਕਰਦੇ ਹਨ।
ਅੰਤਰਰਾਸ਼ਟਰੀ ਊਰਜਾ ਬਾਜ਼ਾਰ 'ਚ ਜਾਰੀ ਅਸਥਿਰਤਾ ਅਤੇ ਪੱਛਮੀ ਏਸ਼ੀਆ 'ਚ ਚੱਲ ਰਹੇ ਤਣਾਅ ਕਾਰਨ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸੇ ਕਾਰਨ ਗੈਸ ਕੰਪਨੀਆਂ ਦੀ ਲਾਗਤ ਵਧੀ ਹੈ, ਜਿਸ ਦਾ ਅਸਰ ਹੁਣ ਗਾਹਕਾਂ ਦੀ ਜੇਬ 'ਤੇ ਦਿਖਾਈ ਦੇ ਰਿਹਾ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਇਸ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਹਾਲੀਆ ਹਫ਼ਤਿਆਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਮੁੰਬਈ 'ਚ ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ 111.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 97.83 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪੈ ਰਿਹਾ ਹੈ।
ਸਰਕਾਰ ਨੇ ਦਿੱਤੇ ਐਲਪੀਜੀ ਭੰਡਾਰ ਬਣਾਈ ਰੱਖਣ ਦੇ ਨਿਰਦੇਸ਼
ਹਾਲਾਂਕਿ, ਕੇਂਦਰ ਸਰਕਾਰ ਨੇ ਬਾਲਣ ਦੀ ਸਪਲਾਈ ਨੂੰ ਲੈ ਕੇ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ। ਸਰਕਾਰ ਨੇ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੂੰ ਲੋੜੀਂਦਾ ਐਲਪੀਜੀ (LPG) ਭੰਡਾਰ ਬਣਾਈ ਰੱਖਣ ਦਾ ਨਿਰਦੇਸ਼ ਦਿੱਤਾ ਹੈ, ਤਾਂ ਜੋ ਕਿਸੇ ਵੀ ਸਥਿਤੀ 'ਚ ਘਰੇਲੂ ਖਪਤਕਾਰਾਂ ਨੂੰ ਗੈਸ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਕੰਪਨੀਆਂ ਨੂੰ ਘੱਟੋ-ਘੱਟ 30 ਦਿਨਾਂ ਦੀ ਮੰਗ ਦੇ ਬਰਾਬਰ ਐਲਪੀਜੀ ਸਟਾਕ ਰੱਖਣ ਲਈ ਕਿਹਾ ਗਿਆ ਹੈ।
ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਕੀਮਤਾਂ 'ਚ ਤੇਜ਼ ਵਾਧੇ ਦੇ ਬਾਵਜੂਦ ਤੇਲ ਕੰਪਨੀਆਂ ਲੋਕਾਂ ਨੂੰ ਰਾਹਤ ਦੇਣ ਲਈ ਨੁਕਸਾਨ ਉਠਾ ਰਹੀਆਂ ਹਨ, ਫਿਰ ਵੀ ਬਾਜ਼ਾਰ 'ਚ ਕੀਮਤਾਂ ਦਾ ਦਬਾਅ ਬਣਿਆ ਹੋਇਆ ਹੈ।