ਤਮਾਮ ਖਤਰਿਆਂ ਦੇ ਬਾਵਜੂਦ ਨੋਮੁਰਾ ਦਾ ਮੰਨਣਾ ਹੈ ਕਿ ਭਾਰਤ ’ਚ ਆਰਥਿਕ ਸੁਧਾਰ ਦਾ ਚੱਕਰੀ ਦੌਰ ਜਾਰੀ ਰਹੇਗਾ ਤੇ ਇਸਨੂੰ ਪਿਛਲੇ ਨੀਤੀਗਤ ਸੁਧਾਰਾਂ, ਤੇ ਅਮਰੀਕਾ ਨਾਲ ਵਪਾਰਕ ਤਣਾਅ ’ਚ ਕਮੀ ਦਾ ਸਮਰਥਨ ਮਿਲੇਗਾ।

ਨਵੀਂ ਦਿੱਲੀ (ਆਈਏਐੱਨਐੱਸ) : ਪੱਛਮੀ ਏਸ਼ੀਆ ਵਿਚ ਵੱਧਦੇ ਭੂ-ਸਿਆਸੀ ਤਣਾਅ ਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਦਾ ਅਰਥਚਾਰਾ ਅੱਗੇ ਵੀ ਮਜ਼ਬੂਤ ਬਣਿਆ ਰਹੇਗਾ ਤੇ ਅਗਲੇ ਵਿੱਤੀ ਸਾਲ ਯਾਨੀ 2026-27 ਵਿਚ ਸੱਤ ਫ਼ੀਸਦੀ ਦੀ ਦਰ ਨਾਲ ਅੱਗੇ ਵਧੇਗਾ। ਆਲਮੀ ਵਿੱਤੀ ਸੇਵਾ ਦੇਣ ਵਾਲੀ ਕੰਪਨੀ ਨੋਮੁਰਾ ਨੇ ਆਪਣੇ ਪਹਿਲਾਂ ਦੇ ਵਿਕਾਸ ਅਨੁਮਾਨ (7.6 ਫ਼ੀਸਦੀ) ਵਿਚ ਥੋੜ੍ਹੀ ਕਟੌਤੀ ਕੀਤੀ ਹੈ ਤੇ ਨਾਲ ਹੀ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਪੱਛਮੀ ਏਸ਼ੀਆ ’ਚ ਜੰਗ ਲੰਬੀ ਚੱਲੀ ਤਾਂ ਨਾ ਸਿਰਫ਼ ਮਹਿੰਗਾਈ ਵਧੇਗੀ ਬਲਕਿ ਆਰਥਿਕ ਤਵਾਜ਼ਨ ਵੀ ਡਗਮਗਾਏਗਾ।
ਨੋਮੁਰਾ ’ਚ ਭਾਰਤ ਤੇ ਏਸ਼ੀਆ (ਜਾਪਾਨ ਨੂੰ ਛੱਡ ਕੇ) ਦੀ ਮੁੱਖ ਅਰਥ ਸ਼ਾਸਤਰੀ ਸੋਨਲ ਵਰਮਾ ਤੇ ਅਰਥਸ਼ਾਸਤਰੀ ਆਰੋਦੀਪ ਨੰਦੀ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭੂ-ਸਿਆਸੀ ਤਣਾਅ ਕਾਰਨ ਪੂਰੇ ਇਲਾਕੇ ’ਚ ਊਰਜਾ ਦੀ ਲਾਗਤ ਵੱਧ ਰਹੀ ਹੈ। ਈੰਧਨ ਦੀਆਂ ਵਧਦੀਆਂ ਕੀਮਤਾਂ ਭਾਰਤ ਸਮੇਤ ਕਈ ਏਸ਼ਿਆਈ ਅਰਥਚਾਰਿਆਂ ’ਚ ਮਹਿੰਗਾਈ ਦੇ ਅਨੁਮਾਨ ਨੂੰ ਪਹਿਲਾਂ ਦੇ 3.8 ਫ਼ੀਸਦੀ ਤੋਂ ਵਧਾ ਕੇ 4.5 ਫ਼ੀਸਦੀ ਕਰ ਦਿੱਤਾ ਹੈ।
ਉਸ ਨੂੰ ਇਹ ਵੀ ਉਮੀਦ ਹੈ ਕਿ ਭਾਰਤ ਦਾ ਚਾਲੂ ਖਾਤਾ ਘਾਟਾ (ਕੈਡ) ਵੱਧ ਕੇ ਜੀਡੀਪੀ ਦਾ 1.6 ਫ਼ੀਸਦੀ ਹੋ ਜਾਏਗਾ, ਜਿਹੜਾ ਪਿਛਲੇ ਅਨੁਮਾਨਾਂ ਤੋਂ 0.4 ਫ਼ੀਸਦੀ ਅੰਕ ਜ਼ਿਆਦਾ ਹੈ। ਅਰਥਸ਼ਾਸਤਰੀਆਂ ਮੁਤਾਬਕ, ਕੈਲੰਡਰ ਸਾਲ 2026 ਦੀ ਪਹਿਲੀ ਤਿਮਾਹੀ ਦੇ ਸ਼ੁਰੂਆਤੀ ਅੰਕੜੇ ਦੱਸਦੇ ਹਨ ਕਿ ਇਸਤੇਮਾਲ ਤੇ ਸਨਅਤੀ ਸਰਗਰਮੀਆਂ ਮਜ਼ਬੂਤ ਬਣੀਆਂ ਹੋਈਆਂ ਹਨ। ਹਾਲਾਂਕਿ, ਬਰਾਮਦ ਤੇ ਸਰਕਾਰੀ ਖਰਚ ਕਮਜ਼ੋਰ ਨਜ਼ਰ ਆ ਰਹੇ ਹਨ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਊਰਜਾ ਦੀ ਕਮੀ, ਖਾਸ ਤੌਰ ’ਤੇ ਪੱਛਮੀ ਏਸ਼ੀਆ ’ਚ ਭੂ-ਸਿਆਸੀ ਤਣਾਅ ਦੇ ਕਾਰਨ ਕੁਦਰਤੀ ਗੈਸ ਦੀ ਸਪਲਾਈ ’ਚ ਰੁਕਾਵਟ, ਦੇਸ਼ ’ਚ ਸਨਅਤੀ ਤੇ ਸੇਵਾ ਖੇਤਰ ਦੀਆਂ ਸਰਗਰਮੀਆਂ ਨੂੰ ਪ੍ਰਭਾਵਤ ਕਰ ਸਕਦੀ ਹੈ।
ਤੇਲ ਦੀਆਂ ਕੀਮਤਾਂ ’ਚ 10 ਫ਼ੀਸਦੀ ਦੇ ਵਾਧੇ ਨਾਲ 0.5 ਫ਼ੀਸਦੀ ਵਧੇਗੀ ਮਹਿੰਗਾਈ
ਰਿਪੋਰਟ ਮੁਤਾਬਕ ਫ਼ਿਲਹਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਨਹੀਂ ਆਏਗਾ, ਕਿਉਂਕਿ ਤੇਲ ਕੰਪਨੀਆਂ ਇਨ੍ਹਾਂ ਝਟਕਿਆਂ ਨੂੰ ਖੁਦ ਝਲ ਲੈਣਗੀਆਂ। ਜੇ ਈਂਧਨ ਦੀਆਂ ਕੀਮਤਾਂ ਗਾਹਕਾਂ ’ਤੇ ਪਾਈਆਂ ਜਾਂਦੀਆਂ ਹਨ, ਤਾਂ ਨੋਮੁਰਾ ਦਾ ਅਨੁਮਾਨ ਹੈ ਕਿ ਤੇਲ ਦੀਆਂ ਕੀਮਤਾਂ ’ਚ ਹਰ 10 ਫ਼ੀਸਦੀ ਦੇ ਵਾਧੇ ਨਾਲ ਮਹਿੰਗਾਈ ਲਗਪਗ 0.5 ਫ਼ੀਸਦੀ ਤੱਕ ਵੱਧ ਸਕਦੀ ਹੈ। ਤਮਾਮ ਖਤਰਿਆਂ ਦੇ ਬਾਵਜੂਦ ਨੋਮੁਰਾ ਦਾ ਮੰਨਣਾ ਹੈ ਕਿ ਭਾਰਤ ’ਚ ਆਰਥਿਕ ਸੁਧਾਰ ਦਾ ਚੱਕਰੀ ਦੌਰ ਜਾਰੀ ਰਹੇਗਾ ਤੇ ਇਸਨੂੰ ਪਿਛਲੇ ਨੀਤੀਗਤ ਸੁਧਾਰਾਂ, ਤੇ ਅਮਰੀਕਾ ਨਾਲ ਵਪਾਰਕ ਤਣਾਅ ’ਚ ਕਮੀ ਦਾ ਸਮਰਥਨ ਮਿਲੇਗਾ।