- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਹ ਜਵਾਬ ਮਿਊਨਿਖ ਸੁਰੱਖਿਆ ਸੰਮੇਲਨ (Munich Security Summit) ਵਿੱਚ ਦਿੱਤਾ ਹੈ। ਦਰਅਸਲ, ਅਮਰੀਕਾ ਦੇ ਨਾਲ ਟ੍ਰੇਡ ਡੀਲ ਤੋਂ ਬਾਅਦ ਦੇਸ਼ ਵਿੱਚ ਸਰਕਾਰ ਨੂੰ ਅਮਰੀਕਾ ਦੇ ਸਾਹਮਣੇ ਕਥਿਤ ਤੌਰ 'ਤੇ 'ਆਤਮ-ਸਮਰਪਣ' ਕਰਨ ਲਈ ਦੇਸ਼ ਵਿੱਚ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਵਾਸ਼ਿੰਗਟਨ ਨੇ ਜਨਤਕ ਤੌਰ 'ਤੇ ਇਸ ਸਮਝੌਤੇ ਨੂੰ ਰੂਸੀ ਤੇਲ ਦੀ ਦਰਾਮਦ (import) 'ਤੇ ਲਗਾਈਆਂ ਪਾਬੰਦੀਆਂ ਨਾਲ ਜੋੜਿਆ ਹੈ।

ਮਿਊਨਿਖ (ਆਈਏਐੱਨਐੱਸ) : ਰੂਸ ਤੋਂ ਕੱਚਾ ਤੇਲ ਖ਼ਰੀਦ ਜਾਰੀ ਰੱਖਣ ਜਾਂ ਰੋਕਣ ਦੇ ਸਵਾਲ ’ਤੇ ਭਾਰਤ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਅੰਤਮ ਫ਼ੈਸਲਾ ਕੌਮੀ ਹਿੱਤ ਤੇ ਬਾਜ਼ਾਰ ਦੀ ਹਾਲਤ ਦੇ ਅਧਾਰ ’ਤੇ ਹੋਵੇਗਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਮਿਊਨਿਖ ਸਕਿਓਰਟੀ ਕਾਨਫਰੰਸ ਵਿਚ ਕਿਹਾ ਕਿ ਭਾਰਤ ਆਪਣੀ ‘ਰਣਨੀਤਕ ਖ਼ੁਦਮੁਖ਼ਤਾਰੀ’ ਦੇ ਸਿਧਾਂਤਾਂ ਨਾਲ ਵਚਨਬੱਧ ਹੈ ਤੇ ਊਰਜਾ ਨਾਲ ਜੁੜੇ ਫ਼ੈਸਲੇ ਉਪਲਬਧਤਾ, ਲਾਗਤ ਤੇ ਜੋਖਮ ਨੂੰ ਦੇਖ ਕੇ ਕੀਤੇ ਜਾਂਦੇ ਹਨ। ਸਿੱਧੇ ਸਵਾਲ ’ਤੇ ਕਿ ਕੀ ਭਾਰਤ, ਰੂਸੀ ਤੇਲ ਖ਼ਰੀਦ ਬੰਦ ਕਰ ਸਕਦਾ ਹੈ। ਉਨ੍ਹਾਂ ਕਿਹਾ, ‘ਹਾਂ, ਇੰਝ ਹੋ ਸਕਦਾ ਹੈ’।
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਰੂਸ ਦੇ ਊਰਜਾ ਖੇਤਰ ’ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ ਤੇ ਵਾਸ਼ਿੰਗਟਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਦਿੱਲੀ ਨੇ ਵਧੇਰੇ ਰੂਸੀ ਤੇਲ ਖ਼ਰੀਦ ਤੋਂ ਪਰਹੇਜ਼ ਦਾ ਭਰੋਸਾ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੰਮੇਲਨ ਦੌਰਾਨ ਕਿਹਾ ਕਿ ਅਮਰੀਕਾ ਨੂੰ ਭਾਰਤ ਕੋਲੋਂ ਅਜਿਹੀ ਪ੍ਰਤੀਬੱਧਤਾ ਮਿਲੀ ਹੈ, ਜਦਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਤਰ੍ਹਾਂ ਦਾ ਦਾਅਵਾ ਕਰ ਚੁੱਕੇ ਹਨ।
ਜਦੋਂ ਜੈਸ਼ੰਕਰ ਕੋਲੋਂ ਪੁੱਛਿਆ ਗਿਆ ਕਿ ਕੀ ਵਪਾਰ ਸਮਝੌਤੇ ਦੀਆਂ ਸ਼ਰਤਾਂ ਤਹਿਤ ਭਾਰਤ, ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇਗਾ? ਤਾਂ ਵਿਦੇਸ਼ ਮੰਤਰੀ ਨੇ ਸਾਫ਼ ਤੌਰ ’ਤੇ ਕਿਹਾ ਕਿ ਜੇ ਤੁਹਾਡੇ ਸਵਾਲ ਦਾ ਮਤਲਬ ਇਹ ਹੈ ਕਿ ਕੀ ਆਜ਼ਾਦਾਨਾ ਸੋਚ ਰੱਖਦੇ ਹੋਏ ਆਪਣੇ ਫ਼ੈਸਲੇ ਖ਼ੁਦ ਲਵਾਂਗਾ ਤੇ ਅਜਿਹੇ ਬਦਲ ਚੁਣ ਸਕਦਾ ਹਾਂ ਜਿਹੜੇ ਤੁਹਾਡੀ ਸੋਚ ਨਾਲ ਮੇਲ ਨਾ ਖਾਂਦੇ ਹੋਣ ਤਾਂ ਹਾਂ, ਇੰਝ ਹੋ ਸਕਦਾ ਹੈ।
ਜੈਸ਼ੰਕਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਬਾਰਤ ਦੀ ਵਿਦੇਸ਼ ਤੇ ਊਰਜਾ ਨੀਤੀ ਸੁਤੰਤਰ ਫ਼ੈਸਲਾ ਪ੍ਰਕਿਰਿਆ ’ਤੇ ਅਧਾਰਤ ਰਹੇਗੀ। ਉਨ੍ਹਾਂ ਮੁਤਾਬਕ ਆਲਮੀ ਤੇਲ ਬਾਜ਼ਾਰ ਗੁੰਝਲਦਾਰ ਹੈ ਤੇ ਭਾਰਤੀ ਤੇਲ ਕੰਪਨੀਆਂ ਵੀ ਹੋਰਨਾਂ ਮੁਲਕਾਂ ਵਾਂਗ ਉਪਬਲਧਤਾ, ਕੀਮਤ ਤੇ ਸੰਭਾਵਤ ਜੋਖਮ ਨੂੰ ਤੋਲ ਕੇ ਖ਼ਰੀਦ ਦਾ ਫ਼ੈਸਲਾ ਕਰਦੀਆਂ ਹਨ।
ਭਾਰਤ ਨੇ ਹੁਣ ਤੱਕ ਰਸਮੀ ਤੌਰ ’ਤੇ ਨਾ ਤਾਂ ਅਮਰੀਕੀ ਦਾਅਵਿਆਂ ਦੀ ਪੁਸ਼ਟੀ ਕੀਤੀ ਹੈ ਤੇ ਨਾ ਹੀ ਖੰਡਨ ਕੀਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਤੇਲ ਦੀਆਂ ਕੌਮਾਂਤਰੀ ਕੀਮਤਾਂ, ਸਪਲਾਈ ਦੀ ਸਥਿਤੀ ਤੇ ਭੂ-ਸਿਆਸੀ ਜੋਖਮ ਇਹ ਤੈਅ ਕਰਨਗੇ ਕਿ ਭਾਰਤ ਰੂਸੀ ਤੇਲ ਖ਼ਰੀਦ ਵਿਚ ਬਦਲਾਅ ਕਰੇਗਾ ਕਿ ਨਹੀਂ।