- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
EPFO (ਕਰਮਚਾਰੀ ਭਵਿੱਖ ਨਿਧੀ ਸੰਗਠਨ) ਵਿੱਚ ਪੈਸਾ ਜਮ੍ਹਾ ਕਰਨ ਵਾਲੇ ਕਰੋੜਾਂ ਕਰਮਚਾਰੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਮਾਰਚ ਦੇ ਅਖੀਰ ਤੱਕ EPFO ਦਾ ਇੱਕ ਨਵਾਂ ਮੋਬਾਈਲ ਐਪ ਲਾਂਚ ਕਰ ਸਕਦੀ ਹੈ। ਇਸ ਐਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੋਵੇਗੀ ਕਿ ਯੂਜ਼ਰਜ਼ UPI (Unified Payments Interface) ਰਾਹੀਂ ਆਪਣੇ ਪੀਐਫ (PF) ਦੀ ਰਕਮ ਕਢਵਾ ਸਕਣਗੇ।

ਜਾਗਰਣ ਬਿਊਰੋ, ਨਵੀਂ ਦਿੱਲੀ : ਕਰਮਚਾਰੀ ਪ੍ਰਾਵੀਡੈਂਟ ਫੰਡ ਸੰਗਠਨ (ਈਪੀਐੱਫਓ) ਆਪਣੀਆਂ ਆਨਲਾਈਨ ਸੇਵਾਵਾਂ ਦੇ ਆਧੁਨਿਕੀਕਰਨ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਈਪੀਐੱਫ ਖਾਤਾਧਾਰਕ ਮੁਲਾਜ਼ਮਾਂ ਨੂੰ ਛੇਤੀ ਹੀ ਯੂਪੀਆਈ ਪੇਮੈਂਟ ਗੇਟਵੇ ਰਾਹੀਂ ਆਪਣੇ ਪੀਐੱਫ ਖਾਤੇ ਤੋਂ ਤੁਰੰਤ ਨਿਕਾਸੀ ਦੀ ਸਹੂਲਤ ਮਿਲੇਗੀ। ਕਿਰਤ ਮੰਤਰਾਲੇ ਦੇ ਸੂਤਰਾਂ ਮੁਤਾਬਕ, ਇਸ ਲਈ ਨਵੀਂ ਮੋਬਾਈਲ ਐਪ ਅਪ੍ਰੈਲ ਵਿਚ ਲਾਂਚ ਕੀਤੀ ਜਾਏਗੀ, ਜਿਸ ਦੇ ਜ਼ਰੀਏ ਮੈਂਬਰ ਆਪਣੇ ਬੈਂਕ ਖਾਤੇ ਵਿਚ ਸਿੱਧੇ ਯੂਪੀਆਈ ਰਾਹੀਂ ਰਾਸ਼ੀ ਟਰਾਂਸਫਰ ਕਰ ਸਕਣਗੇ। ਇਹ ਸਹੂਲਤ ਈਪੀਐੱਫਓ 3.0 ਦੇ ਤੀਜੇ ਪੜਾਅ ਦੇ ਤਹਿਤ ਸ਼ੁਰੂ ਕੀਤੀ ਜਾ ਰਹੀ ਹੈ।
ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਨੇ ਕਿਹਾ ਕਿ ਇਸ ਨਵੀਂ ਸੇਵਾ ਦਾ ਤਜਰਬਾ ਸ਼ੁਰੂ ਹੋ ਚੁੱਕਾ ਹੈ ਤੇ ਫਿਲਹਾਲ 100 ਤੋਂ ਜ਼ਿਆਦਾ ਡਮੀ ਖਾਤਿਆਂ ’ਤੇ ਪਰਖ ਕੀਤੀ ਜਾ ਰਹੀ ਹੈ, ਤਾਂ ਜੋ ਤਕਨੀਕੀ ਖਾਮੀਆਂ ਦੂਰ ਕੀਤੀਆਂ ਜਾ ਸਕਣ। ਐਪ ਦੇ ਜ਼ਰੀਏ ਨਾਲ ਮੈਂਬਰ ਪਾਸਬੁੱਕ ਬੈਲੇਂਸ ਦੇਖ ਸਕਣਗੇ ਤੇ ਨਿਕਾਸੀ ਯੋਗ ਰਾਸ਼ੀ ਦੀ ਜਾਣਕਾਰੀ ਲੈ ਸਕਣਗੇ ਤੇ ਆਪਣੇ ਲਿੰਕਡ ਬੈਂਕ ਖਾਤੇ ’ਚ ਯੂਪੀਆਈ ਪਿੰਨ ਰਾਹੀਂ ਸੁਰੱਖਿਅਤ ਲੈਣ-ਦੇਣ ਕਰ ਸਕਣਗੇ।
ਫਰੀਜ਼ ਰਹੇਗੀ 25 ਫ਼ੀਸਦੀ ਰਕਮ
ਨਵੇਂ ਨਿਯਮਾਂ ਤਹਿਤ ਪੀਐੱਫ ਖਾਤੇ ਦੀ ਘੱਟੋ-ਘੱਟ 25 ਫ਼ੀਸਦੀ ਰਾਸ਼ੀ ਫਰੀਜ਼ ਰਹੇਗੀ, ਜਦਕਿ ਬਾਕੀ ਰਕਮ ਵਿੱਚੋਂ ਖਾਤਾਧਾਰਕ ਤੈਅ ਹੱਦ ਤੱਕ ਜ਼ਰੂਰਤ ਮੁਤਾਬਕ ਨਿਕਾਸੀ ਕਰ ਸਕਣਗੇ। ਇਸ ਸਮੇਂ ਮੈਂਬਰ ਯੂਏਐੱਨ ਪੋਰਟਲ ਜਾਂ ਉਮੰਗ ਐਪ ਰਾਹੀਂ ਸੇਵਾਵਾਂ ਲੈਂਦੇ ਹਨ, ਜਿਹੜੀ ਅੱਗੇ ਵੀ ਮੁਹੱਈਆ ਰਹੇਗੀ। ਪਰ ਨਵੀਂ ਐਪ ਸੇਵਾਵਾਂ ਦੀ ਪਹੁੰਚ ਤੇ ਰਫ਼ਤਾਰ ਨੂੰ ਹੋਰ ਬਿਹਤਰ ਕਰੇਗੀ।
ਆਟੋ ਸੈਟਲਮੈਂਟ ਵਿਵਸਥਾ ਵੀ ਹੋਵੇਗੀ ਐਡਵਾਂਸ
ਫ਼ਿਲਹਾਲ ਪੀਐੱਫ ਨਿਕਾਸੀ ਲਈ ਅਪਲਾਈ ਕਰਨਾ ਪੈਂਦਾ ਹੈ, ਜਿਸ ਵਿਚ ਸਮਾਂ ਲੱਗਦਾ ਹੈ। ਹਾਲਾਂਕਿ ਆਟੋ-ਸੈਟਲਮੈਂਟ ਮੋਡ ਵਿਚ ਦਾਅਵੇ ਤਿੰਨ ਦਿਨਾਂ ਦੇ ਅੰਦਰ ਨਿਪਟਾਏ ਜਾਂਦੇ ਹਨ ਤੇ ਇਸ ਦੀ ਹੱਦ ਹਾਲੀਆ ਇਕ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ। ਈਪੀਐੱਫਓ ਦੇ ਲਗਪਗ 8 ਕਰੋੜ ਮੈਂਬਰ ਹਨ ਤੇ ਸੰਗਠਨ ਹਰ ਸਾਲ ਪੰਜ ਕਰੋੜ ਤੋਂ ਜ਼ਿਆਦਾ ਦਾਅਵਿਆਂ ਦਾ ਨਿਪਟਾਰਾ ਕਰਦਾ ਹੈ। ਕੋਵਿਡ ਕਾਲ ਵਿਚ ਸ਼ੁਰੂ ਹੋਈ ਆਨਲਾਈਨ ਆਟੋ-ਸੈਟਲਮੈਂਟ ਵਿਵਸਥਾ ਨੂੰ ਹੁਣ ਹੋਰ ਉੱਨਤ ਬਣਾਇਆ ਜਾ ਰਿਹਾ ਹੈ, ਤਾਂ ਜੋ ਬੈਲੇਂਸ ਵਰਗੀ ਤੁਰੰਤ ਸਹੂਲਤ ਪੀਐੱਫ ਮੈਂਬਰਾਂ ਨੂੰ ਵੀ ਮਿਲ ਸਕੇ।
ਨਵੀਂ ਐਪ ਇਸ ਤਰ੍ਹਾਂ ਕਰੇਗੀ ਕੰਮ
-ਸਬਸਕ੍ਰਾਈਬਰਾਂ ਨੂੰ ਨਵੇਂ ਮੋਬਾਈਲ ਐਪ ’ਤੇ ਲਾਗ ਇਨ ਕਰਨਾ ਪਵੇਗਾ
-ਉੱਥੇ ਨਜ਼ਰ ਆਈਏਵੇਗੀ ਪੀਐੱਫ ਖਾਤੇ ’ਚ ਕਿੰਨਾ ਬੈਲੇਂਸ ਟਰਾਂਸਫਰ ਕਰਨ ਲਈ ਮੁਹੱਈਆ
-ਟਰਾਂਜ਼ੈਕਸ਼ਨ ਮੁਕੰਮਲ ਕਰਨ ਲਈ ਮੈਂਬਰਾਂ ਨੂੰ ਲਿੰਕਡ ਯੂਪੀਆਈ ਪਿੰਨ ਪਾਉਣਾ ਪਵੇਗਾ
-ਇਸ ਮਗਰੋਂ ਪੈਸਾ ਸੁਰੱਖਿਅਤ ਰੂਪ ਨਾਲ ਉਨ੍ਹਾਂ ਦੇ ਬੈਂਕ ਖਾਤੇ ’ਚ ਟਰਾਂਸਫਰ ਹੋ ਜਾਵੇਗਾ