ਇੱਕ ਲੱਖ ਤੋਂ ਵੱਧ ਸਕੂਲਾਂ ਦੇ 1.2 ਕਰੋੜ ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਟ ਮੁਕੰਮਲ, ਆਪਣੇ ਬੱਚਿਆਂ ਦਾ ਕਦੋਂ ਕਰਾਈਏ ਆਧਾਰ ਅਪਡੇਟ?
ਇਸ ਤੋਂ ਇਲਾਵਾ ਬੱਚੇ ਦੇਸ਼ ਭਰ ਦੇ ਕਿਸੇ ਵੀ ਆਧਾਰ ਨਾਮਜ਼ਦਗੀ ਕੇਂਦਰ ਜਾਂ ਆਧਾਰ ਸੇਵਾ ਕੇਂਦਰ ’ਤੇ ਜਾ ਕੇ ਵੀ ਆਪਣਾ ਬਾਇਓਮੈਟ੍ਰਿਕ ਅਪਡੇਟ ਕਰਵਾ ਸਕਦੇ ਹਨ। ਇਸ ਪ੍ਰਕਿਰਿਆ ਤਹਿਤ ਬੱਚਿਆਂ ਦੇ ਫਿੰਗਰਪ੍ਰਿੰਟ ਅਤੇ ਅੱਖਾਂ ਦੀ ਪੁਤਲੀ ਦਾ ਡਾਟਾ ਪੰਜ ਸਾਲ ਅਤੇ ਫਿਰ 15 ਸਾਲ ਦੀ ਉਮਰ ਪੂਰੀ ਹੋਣ ’ਤੇ ਅਪਡੇਟ ਕਰਵਾਉਣਾ ਲਾਜ਼ਮੀ ਹੁੰਦਾ ਹੈ।
Publish Date: Wed, 04 Mar 2026 09:01 AM (IST)
Updated Date: Wed, 04 Mar 2026 09:06 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਛੇ ਮਹੀਨਿਆਂ ਅੰਦਰ ਦੇਸ਼ ਭਰ ਦੇ ਇਕ ਲੱਖ ਤੋਂ ਵੱਧ ਸਕੂਲਾਂ ਵਿਚ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਦੀ ਮੁਹਿੰਮ ਪੂਰੀ ਕਰ ਲਈ ਹੈ। ਇਸ ਮੁਹਿੰਮ ਦਾ ਫ਼ਾਇਦਾ ਲਗਪਗ 1.2 ਕਰੋੜ ਸਕੂਲੀ ਬੱਚਿਆਂ ਨੂੰ ਮਿਲਿਆ ਹੈ।
ਇਸ ਮੁਹਿੰਮ ਤਹਿਤ 7 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਵਿਚ ਫਿੰਗਰਪ੍ਰਿੰਟ ਅਤੇ ਅੱਖਾਂ ਦੀ ਪੁਤਲੀ ਦੇ ਸਕੈਨ ਨੂੰ ਅਪਡੇਟ ਕਰਨ ਦੀ ਸਹੂਲਤ ਅਕਤੂਬਰ 2025 ਤੋਂ ਇਕ ਸਾਲ ਦੀ ਮਿਆਦ ਲਈ ਮੁਫ਼ਤ ਰੱਖੀ ਗਈ ਹੈ। ਮੁਹਿੰਮ ਦੌਰਾਨ ਸਕੂਲਾਂ ਵਿਚ ਵਿਸ਼ੇਸ਼ ਕੈਂਪ ਲਗਾਏ ਗਏ, ਜਿਸ ਨਾਲ ਬੱਚਿਆਂ ਨੂੰ ਆਪਣੇ ਸਕੂਲ ਵਿਚ ਹੀ ਆਧਾਰ ਸੰਬੰਧੀ ਬਾਇਓਮੈਟ੍ਰਿਕ ਡਾਟਾ ਅਪਡੇਟ ਕਰਨ ਦੀ ਸਹੂਲਤ ਮਿਲੀ। ਯੂਆਈਡੀਏਆਈ ਨੇ ਦੱਸਿਆ ਕਿ ਹੁਣ ਤੱਕ 1,03,000 ਤੋਂ ਵੱਧ ਸਕੂਲਾਂ ਵਿਚ ਇਹ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਬੱਚੇ ਦੇਸ਼ ਭਰ ਦੇ ਕਿਸੇ ਵੀ ਆਧਾਰ ਨਾਮਜ਼ਦਗੀ ਕੇਂਦਰ ਜਾਂ ਆਧਾਰ ਸੇਵਾ ਕੇਂਦਰ ’ਤੇ ਜਾ ਕੇ ਵੀ ਆਪਣਾ ਬਾਇਓਮੈਟ੍ਰਿਕ ਅਪਡੇਟ ਕਰਵਾ ਸਕਦੇ ਹਨ। ਇਸ ਪ੍ਰਕਿਰਿਆ ਤਹਿਤ ਬੱਚਿਆਂ ਦੇ ਫਿੰਗਰਪ੍ਰਿੰਟ ਅਤੇ ਅੱਖਾਂ ਦੀ ਪੁਤਲੀ ਦਾ ਡਾਟਾ ਪੰਜ ਸਾਲ ਅਤੇ ਫਿਰ 15 ਸਾਲ ਦੀ ਉਮਰ ਪੂਰੀ ਹੋਣ ’ਤੇ ਅਪਡੇਟ ਕਰਵਾਉਣਾ ਲਾਜ਼ਮੀ ਹੁੰਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਿਚ ਇਹ ਬਾਇਓਮੈਟ੍ਰਿਕ ਇੰਡੀਕੇਟਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ। ਯੂਆਈਡੀਏਆਈ ਨੇ ਕਿਹਾ ਕਿ ਇਹ ਕਦਮ ਬੱਚਿਆਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ, ਵਜ਼ੀਫੇ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਨੀਟ, ਜੇਈਈ, ਸੀਯੂਈਟੀ ਵਿਚ ਰਜਿਸਟ੍ਰੇਸ਼ਨ ਦੌਰਾਨ ਪਛਾਣ ਵੈਰੀਫਿਕੇਸ਼ਨ ਵਿਚ ਮਦਦਗਾਰ ਹੋਵੇਗਾ। ਯੂਆਈਡੀਏਆਈ ਮੁਤਾਬਕ, ਬੱਚਿਆਂ ਦਾ ਆਧਾਰ ਪੰਜ ਸਾਲ ਹੋਣ ਤੋਂ ਬਾਅਦ ਪਹਿਲੀ ਵਾਰ ਅਤੇ 15 ਸਾਲ ਦੇ ਹੋਣ ’ਤੇ ਦੂਜੀ ਵਾਰ ਆਧਾਰ ਕੇਂਦਰ ਜਾ ਕੇ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੀ ਲੋੜ ਹੁੰਦੀ ਹੈ।