ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ : ਪ੍ਰੀਪੇਡ ਸਮਾਰਟ ਮੀਟਰ ਹੁਣ ਹੋਣਗੇ ਪੋਸਟਪੇਡ, 10 ਕਿਸ਼ਤਾਂ 'ਚ ਬਿੱਲ ਭਰਨ ਦੀ ਮਿਲੇਗੀ ਸਹੂਲਤ
ਸਰਕਾਰ ਨੇ ਇੱਕ ਹੋਰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ 30 ਅਪ੍ਰੈਲ ਤੱਕ ਦਾ ਜੋ ਵੀ ਬਕਾਇਆ ਬਿੱਲ ਹੈ, ਖਪਤਕਾਰ ਉਸ ਨੂੰ 10 ਆਸਾਨ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਸਮਾਰਟ ਮੀਟਰਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਮਈ ਅਤੇ ਜੂਨ ਮਹੀਨੇ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।
Publish Date: Tue, 05 May 2026 01:32 PM (IST)
Updated Date: Tue, 05 May 2026 01:34 PM (IST)
ਲਖਨਊ/ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿੱਚ ਪ੍ਰੀਪੇਡ ਸਮਾਰਟ ਮੀਟਰਾਂ ਨੂੰ ਲੈ ਕੇ ਆ ਰਹੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਸਾਰੇ ਪ੍ਰੀਪੇਡ ਸਮਾਰਟ ਮੀਟਰ ਪੋਸਟਪੇਡ ਮੀਟਰਾਂ ਵਾਂਗ ਕੰਮ ਕਰਨਗੇ। ਇਸ ਦਾ ਮਤਲਬ ਹੈ ਕਿ ਹੁਣ ਖਪਤਕਾਰਾਂ ਨੂੰ ਬਿਜਲੀ ਵਰਤਣ ਤੋਂ ਪਹਿਲਾਂ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਮਹੀਨੇ ਦੇ ਅਖੀਰ ਵਿੱਚ ਬਿੱਲ ਆਵੇਗਾ।
ਬਿੱਲ ਭਰਨ ਲਈ ਮਿਲਣਗੇ 15 ਦਿਨ
ਯੂਪੀ ਦੇ ਊਰਜਾ ਮੰਤਰੀ ਏ.ਕੇ. ਸ਼ਰਮਾ ਨੇ ਦੱਸਿਆ ਕਿ ਬਿਲਿੰਗ ਸਾਈਕਲ ਹੁਣ ਪਹਿਲਾਂ ਵਾਂਗ ਹੀ ਹੋਵੇਗਾ। ਮਹੀਨੇ ਦੀ 1 ਤਾਰੀਖ਼ ਤੋਂ ਅਖੀਰ ਤੱਕ ਦੀ ਖਪਤ ਦਾ ਬਿੱਲ SMS ਅਤੇ ਵਟਸਐਪ ਰਾਹੀਂ ਭੇਜਿਆ ਜਾਵੇਗਾ। ਖਪਤਕਾਰਾਂ ਕੋਲ ਬਿੱਲ ਦਾ ਭੁਗਤਾਨ ਕਰਨ ਲਈ 15 ਦਿਨਾਂ ਦਾ ਸਮਾਂ ਹੋਵੇਗਾ।
ਬਕਾਇਆ ਬਿੱਲ 10 ਕਿਸ਼ਤਾਂ 'ਚ ਦੇਣ ਦੀ ਛੋਟ
ਸਰਕਾਰ ਨੇ ਇੱਕ ਹੋਰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ 30 ਅਪ੍ਰੈਲ ਤੱਕ ਦਾ ਜੋ ਵੀ ਬਕਾਇਆ ਬਿੱਲ ਹੈ, ਖਪਤਕਾਰ ਉਸ ਨੂੰ 10 ਆਸਾਨ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਸਮਾਰਟ ਮੀਟਰਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਮਈ ਅਤੇ ਜੂਨ ਮਹੀਨੇ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।
ਸਿਕਿਓਰਿਟੀ 'ਚ ਵੀ ਵੱਡੀ ਰਿਆਇਤ
ਜਿਹਨਾਂ ਖਪਤਕਾਰਾਂ ਦੇ ਪੋਸਟਪੇਡ ਮੀਟਰਾਂ ਨੂੰ ਪ੍ਰੀਪੇਡ ਵਿੱਚ ਬਦਲਿਆ ਗਿਆ ਸੀ ਅਤੇ ਉਹਨਾਂ ਦੀ ਸਿਕਿਓਰਿਟੀ ਵਾਪਸ ਕਰ ਦਿੱਤੀ ਗਈ ਸੀ, ਹੁਣ ਉਹਨਾਂ ਤੋਂ ਇਹ ਸਿਕਿਓਰਿਟੀ ਇੱਕਮੁਸ਼ਤ ਨਹੀਂ ਲਈ ਜਾਵੇਗੀ। ਇਸ ਨੂੰ ਵੀ 4 ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ ਤਾਂ ਜੋ ਆਮ ਜਨਤਾ 'ਤੇ ਆਰਥਿਕ ਬੋਝ ਨਾ ਪਵੇ।
ਜੇਕਰ ਬਿੱਲ ਨਾ ਮਿਲੇ ਤਾਂ ਕੀ ਕਰੀਏ
ਜੇਕਰ ਕਿਸੇ ਕਾਰਨ ਬਿੱਲ ਮੋਬਾਈਲ 'ਤੇ ਨਹੀਂ ਆਉਂਦਾ, ਤਾਂ ਖਪਤਕਾਰ ਵਟਸਐਪ ਚੈਟਬੋਟ ਰਾਹੀਂ ਆਪਣਾ ਕੁਨੈਕਸ਼ਨ ਨੰਬਰ ਭੇਜ ਕੇ ਬਿੱਲ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ 1912 ਪੋਰਟਲ 'ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।