ਕੀ ਹੋਵੇਗਾ ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਕੋਈ ਬੈਂਕ ਖਾਤਾ ਅਚਾਨਕ ਬੰਦ ਹੋ ਗਿਆ ਹੈ? ਅਜਿਹੀ ਸਥਿਤੀ 'ਚ ਘਬਰਾਉਣ ਦੀ ਬਜਾਏ, ਇਹ ਸਮਝਣਾ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੋਇਆ ਅਤੇ ਹੁਣ ਅੱਗੇ ਕੀ ਕਰਨਾ ਹੈ।

ਅਜੋਕੇ ਸਮੇਂ ਬੈਂਕ ਖਾਤਾ ਸਿਰਫ਼ ਇਕ ਸਹੂਲਤ ਨਹੀਂ, ਸਗੋਂ ਇਕ ਜ਼ਰੂਰਤ ਬਣ ਗਿਆ ਹੈ। ਚਾਹੇ ਯੂਪੀਆਈ (UPI) ਰਾਹੀਂ ਭੁਗਤਾਨ ਕਰਨਾ ਹੋਵੇ ਜਾਂ ਹਰ ਮਹੀਨੇ ਦੀ ਤਨਖਾਹ ਲੈਣੀ ਹੋਵੇ, ਬੈਂਕ ਖਾਤੇ ਤੋਂ ਬਿਨਾਂ ਗੁਜ਼ਾਰਾ ਮੁਸ਼ਕਿਲ ਹੈ। ਪਰ ਕੀ ਹੋਵੇਗਾ ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਕੋਈ ਬੈਂਕ ਖਾਤਾ ਅਚਾਨਕ ਬੰਦ ਹੋ ਗਿਆ ਹੈ? ਅਜਿਹੀ ਸਥਿਤੀ 'ਚ ਘਬਰਾਉਣ ਦੀ ਬਜਾਏ, ਇਹ ਸਮਝਣਾ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੋਇਆ ਅਤੇ ਹੁਣ ਅੱਗੇ ਕੀ ਕਰਨਾ ਹੈ।
ਬੈਂਕ ਵੱਲੋਂ ਖਾਤਾ ਬੰਦ ਕਰਨ ਦੇ ਕਈ ਮੁੱਖ ਕਾਰਨ ਹੋ ਸਕਦੇ ਹਨ:
ਲੰਬੇ ਸਮੇਂ ਤੋਂ ਲੈਣ-ਦੇਣ ਨਾ ਹੋਣਾ: ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਖਾਤੇ ਵਿੱਚ ਕੋਈ ਗਤੀਵਿਧੀ (Activity) ਨਹੀਂ ਕੀਤੀ ਹੈ।
ਚੈੱਕ ਬਾਊਂਸ ਹੋਣਾ: ਜੇਕਰ ਤੁਹਾਡੇ ਖਾਤੇ ਵਿੱਚੋਂ ਵਾਰ-ਵਾਰ ਚੈੱਕ ਬਾਊਂਸ ਹੋ ਰਹੇ ਹਨ।
ਘੱਟ ਬੈਲੇਂਸ: ਖਾਤੇ 'ਚ ਲੰਬੇ ਸਮੇਂ ਤਕ ਜ਼ੀਰੋ ਜਾਂ ਨੈਗੇਟਿਵ (Negative) ਬੈਲੇਂਸ ਰਹਿਣਾ।
ਆਮ ਤੌਰ 'ਤੇ ਬੈਂਕ ਖਾਤਾ ਬੰਦ ਹੋਣ ਦੀ ਸੂਚਨਾ ਈਮੇਲ ਰਾਹੀਂ ਦਿੰਦਾ ਹੈ। ਕਈ ਵਾਰ ਬੈਂਕ ਖਾਤੇ 'ਚ ਬਚੀ ਹੋਈ ਰਾਸ਼ੀ ਡਾਕ ਰਾਹੀਂ ਵੀ ਭੇਜ ਸਕਦਾ ਹੈ। ਜੇਕਰ ਤੁਹਾਡਾ ਕੋਈ ਭੁਗਤਾਨ ਫੇਲ੍ਹ ਹੋ ਰਿਹਾ ਹੈ ਤਾਂ ਇਹ ਖਾਤਾ ਬੰਦ ਹੋਣ ਦਾ ਸੰਕੇਤ ਹੋ ਸਕਦਾ ਹੈ। ਯਾਦ ਰਹੇ, ਜੇਕਰ ਖਾਤਾ ਧੋਖਾਧੜੀ ਕਾਰਨ ਬੰਦ ਹੋਇਆ ਹੈ ਤਾਂ ਤੁਹਾਨੂੰ ਨਵਾਂ ਖਾਤਾ ਖੋਲ੍ਹਣ 'ਚ ਵੀ ਮੁਸ਼ਕਿਲ ਆ ਸਕਦੀ ਹੈ।
ਕਸਟਮਰ ਕੇਅਰ ਨਾਲ ਸੰਪਰਕ : ਸਭ ਤੋਂ ਪਹਿਲਾਂ ਬੈਂਕ ਦੇ ਕਸਟਮਰ ਕੇਅਰ ਨੂੰ ਫ਼ੋਨ ਕਰੋ ਤੇ ਬੰਦ ਹੋਣ ਦਾ ਅਸਲ ਕਾਰਨ ਪੁੱਛੋ। ਉਨ੍ਹਾਂ ਤੋਂ ਖਾਤਾ ਦੁਬਾਰਾ ਚਾਲੂ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਲਓ।
ਆਟੋਮੈਟਿਕ ਪੇਮੈਂਟਸ ਰੋਕੋ : ਜੇਕਰ ਤੁਹਾਡੇ ਖਾਤੇ ਤੋਂ ਕੋਈ ਬਿੱਲ ਜਾਂ EMI ਆਪਣੇ-ਆਪ ਕੱਟਦੀ ਹੈ ਤਾਂ ਉਸ ਨੂੰ ਤੁਰੰਤ ਬੰਦ ਕਰੋ। ਜੇਕਰ ਕੋਈ ਪੇਮੈਂਟ ਆਉਣ ਵਾਲੀ ਹੈ ਤਾਂ ਉਸ ਨੂੰ ਕਿਸੇ ਦੂਜੇ ਖਾਤੇ 'ਚ ਭੇਜਣ ਲਈ ਕਹੋ।
ਬਕਾਇਆ ਫੀਸ ਦਾ ਭੁਗਤਾਨ: ਜੇਕਰ ਖਾਤਾ ਕਿਸੇ ਚਾਰਜ ਜਾਂ ਫੀਸ ਨਾ ਭਰਨ ਕਰਕੇ ਬੰਦ ਹੋਇਆ ਹੈ ਤਾਂ ਬੈਂਕ ਨਾਲ ਗੱਲ ਕਰ ਕੇ ਉਸ ਦਾ ਭੁਗਤਾਨ ਕਰੋ। ਇਸ ਨਾਲ ਖਾਤਾ ਦੁਬਾਰਾ ਖੁੱਲ੍ਹਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਦੂਜਾ ਵਿਕਲਪ: ਭਵਿੱਖ ਵਿਚ ਅਜਿਹੀ ਪਰੇਸ਼ਾਨੀ ਤੋਂ ਬਚਣ ਲਈ ਕਿਸੇ ਹੋਰ ਬੈਂਕ 'ਚ ਖਾਤਾ ਖੋਲ੍ਹਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ।