OpenAI ਦੇ ਹੈਡ ਆਫ਼ ਕੰਪਿਊਟ ਇਨਫ੍ਰਾਸਟਰੱਕਚਰ ਸਚਿਨ ਕੱਟੀ ਨੇ ਲਿੰਕਡਇਨ ’ਤੇ ਇੱਕ ਪੋਸਟ ਰਾਹੀਂ ਦੱਸਿਆ ਕਿ Nvidia ਅੱਜ ਵੀ OpenAI ਦਾ ਸਭ ਤੋਂ ਅਹਿਮ ਭਾਗੀਦਾਰ ਹੈ। ਉਨ੍ਹਾਂ ਕਿਹਾ ਕਿ OpenAI ਦਾ ਪੂਰਾ ਕੰਪਿਊਟ ਸਿਸਟਮ ਇਸ ਵੇਲੇ Nvidia ਦੇ GPU ’ਤੇ ਹੀ ਚੱਲ ਰਿਹਾ ਹੈ।

ਡਿਜ਼ੀਟਲ ਡੈਸਕ, ਨਵੀਂ ਦਿੱਲੀ : AI ਦੀ ਦੁਨੀਆ 'ਚ ਇਹ ਚਰਚਾ ਤੇਜ਼ ਹੋ ਰਹੀ ਸੀ ਕਿ ਕਿਤੇ Nvidia ਅਤੇ OpenAI ਦੇ ਰਾਹ ਵੱਖ ਤਾਂ ਨਹੀਂ ਹੋ ਰਹੇ। ਇਨ੍ਹਾਂ ਅਟਕਲਾਂ ’ਤੇ ਹੁਣ OpenAI ਨੇ ਖੁਦ ਸਪੱਸ਼ਟ ਜਵਾਬ ਦਿੱਤਾ ਹੈ। ਕੰਪਨੀ ਨੇ ਸਾਫ਼ ਕਿਹਾ ਹੈ ਕਿ Nvidia ਉਸ ਲਈ ਸਿਰਫ਼ ਇਕ ਹਾਰਡਵੇਅਰ ਸਪਲਾਇਰ ਨਹੀਂ, ਸਗੋਂ ਉਸਦੀ AI ਯਾਤਰਾ ਦਾ ਸਭ ਤੋਂ ਮਜ਼ਬੂਤ ਅਤੇ ਜ਼ਰੂਰੀ ਸਾਥੀ ਹੈ।
OpenAI ਦੇ ਹੈਡ ਆਫ਼ ਕੰਪਿਊਟ ਇਨਫ੍ਰਾਸਟਰੱਕਚਰ ਸਚਿਨ ਕੱਟੀ ਨੇ ਲਿੰਕਡਇਨ ’ਤੇ ਇੱਕ ਪੋਸਟ ਰਾਹੀਂ ਦੱਸਿਆ ਕਿ Nvidia ਅੱਜ ਵੀ OpenAI ਦਾ ਸਭ ਤੋਂ ਅਹਿਮ ਭਾਗੀਦਾਰ ਹੈ। ਉਨ੍ਹਾਂ ਕਿਹਾ ਕਿ OpenAI ਦਾ ਪੂਰਾ ਕੰਪਿਊਟ ਸਿਸਟਮ ਇਸ ਵੇਲੇ Nvidia ਦੇ GPU ’ਤੇ ਹੀ ਚੱਲ ਰਿਹਾ ਹੈ।
ਕੱਟੀ ਮੁਤਾਬਕ, OpenAI ਅਤੇ Nvidia ਦਾ ਰਿਸ਼ਤਾ ਕਿਸੇ ਆਮ ਖਰੀਦ-ਫਰੋਖ਼ਤ ਵਰਗਾ ਨਹੀਂ ਹੈ। ਦੋਵੇਂ ਕੰਪਨੀਆਂ AI ਮਾਡਲਾਂ ਅਤੇ ਹਾਰਡਵੇਅਰ ਨੂੰ ਸਾਲਾਂ ਤੱਕ ਇਕੱਠੇ ਡਿਜ਼ਾਇਨ ਅਤੇ ਵਿਕਸਤ ਕਰਦੀਆਂ ਹਨ। OpenAI ਦੇ ਵੱਡੇ ਅਤੇ ਸ਼ਕਤੀਸ਼ਾਲੀ AI ਮਾਡਲ ਇਸ ਲੰਮੀ ਸਾਂਝ ਦਾ ਹੀ ਨਤੀਜਾ ਹਨ।
ਪੋਸਟ ਵਿੱਚ ਇਹ ਵੀ ਦੱਸਿਆ ਗਿਆ ਕਿ OpenAI ਦੀ ਕੰਪਿਊਟ ਦੀ ਲੋੜ ਬਹੁਤ ਤੇਜ਼ੀ ਨਾਲ ਵਧੀ ਹੈ। ਸਾਲ 2023 ਵਿੱਚ ਕੰਪਨੀ ਕੋਲ ਸਿਰਫ਼ 0.2 ਗੀਗਾਵਾਟ ਕੰਪਿਊਟ ਸਮਰੱਥਾ ਸੀ, ਜੋ 2024 ਵਿੱਚ 0.6 ਗੀਗਾਵਾਟ ਹੋ ਗਈ। 2025 ਵਿੱਚ ਇਹ ਵਧ ਕੇ ਲਗਭਗ 1.9 ਗੀਗਾਵਾਟ ਤੱਕ ਪਹੁੰਚ ਗਈ ਹੈ।
ਕੱਟੀ ਨੇ ਕਿਹਾ ਕਿ AI ਦੀ ਵਰਤੋਂ ਵਧਣ ਨਾਲ ਇਨਫਰੈਂਸ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ—ਜ਼ਿਆਦਾ ਯੂਜ਼ਰ, ਜ਼ਿਆਦਾ AI ਏਜੰਟ ਅਤੇ ਹਮੇਸ਼ਾਂ ਐਕਟਿਵ ਰਹਿਣ ਵਾਲੇ ਸਿਸਟਮ ਇਸਦੇ ਮੁੱਖ ਕਾਰਨ ਹਨ। ਇਸ ਮਾਮਲੇ ਵਿੱਚ Nvidia ਅਜੇ ਵੀ ਪਰਫਾਰਮੈਂਸ, ਕੁਸ਼ਲਤਾ (ਇਫ਼ੀਸ਼ੈਂਸੀ) ਅਤੇ ਭਰੋਸੇ ਦੇ ਪੱਖੋਂ ਸਭ ਤੋਂ ਅੱਗੇ ਹੈ।
OpenAI ਨੇ ਸਾਫ਼ ਕੀਤਾ ਹੈ ਕਿ ਭਵਿੱਖ ਵਿੱਚ ਦੁਨੀਆ ਨੂੰ ਮੌਜੂਦਾ ਸਮਰੱਥਾ ਨਾਲੋਂ ਕਈ ਗੁਣਾ ਵੱਧ ਕੰਪਿਊਟ ਦੀ ਲੋੜ ਪਵੇਗੀ। ਇਸੇ ਕਰਕੇ ਕੰਪਨੀ ਨੇ Nvidia ਨੂੰ ਆਪਣੇ ਟ੍ਰੇਨਿੰਗ ਅਤੇ ਇਨਫਰੈਂਸ ਸਿਸਟਮ ਦੀ ਮੁੱਖ ਰੀੜ੍ਹ ਬਣਾਇਆ ਹੋਇਆ ਹੈ।
ਹਾਲਾਂਕਿ, OpenAI ਨਾਲ ਨਾਲ Cerebras, AMD ਅਤੇ Broadcom ਵਰਗੀਆਂ ਕੰਪਨੀਆਂ ਨਾਲ ਵੀ ਕੰਮ ਕਰ ਰਿਹਾ ਹੈ, ਤਾਂ ਜੋ ਸਿਸਟਮ ਨੂੰ ਹੋਰ ਤੇਜ਼ੀ ਨਾਲ ਫੈਲਾਇਆ ਜਾ ਸਕੇ ਅਤੇ ਵਧੇਰੇ ਥਾਵਾਂ ’ਤੇ ਵਰਤਿਆ ਜਾ ਸਕੇ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਪਰਫਾਰਮੈਂਸ ਜਾਂ ਭਰੋਸੇ ਨਾਲ ਬਿਨਾਂ ਸਮਝੌਤਾ ਕੀਤੇ AI ਨੂੰ ਗਲੋਬਲ ਪੱਧਰ ’ਤੇ ਵੱਡੇ ਪੈਮਾਨੇ ’ਤੇ ਲਾਗੂ ਕੀਤਾ ਜਾ ਸਕੇਗਾ।