ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਹੁਣ ਖੇਤੀਬਾੜੀ ਨੂੰ ਸਿੱਧੇ ਬਾਜ਼ਾਰ ਨਾਲ ਜੋੜਨ ਦਾ ਮਜ਼ਬੂਤ ਜ਼ਰੀਆ ਬਣ ਚੁੱਕਾ ਹੈ। ਇਹ ਅਜਿਹਾ ਮੰਚ ਹੈ, ਜਿਥੇ ਕਿਸਾਨ ਖ਼ੁਦ ਤੈਅ ਕਰਦਾ ਹੈ ਕਿ ਉਹ ਆਪਣੀ ਫ਼ਸਲ ਕਿਸ ਨੂੰ ਵੇਚੇਗਾ, ਕਿੰਨੇ ਭਾਅ ’ਤੇ ਵੇਚੇਗਾ ਤੇ ਭੁਗਤਾਨ ਦੀਆਂ ਸ਼ਰਤਾਂ ਕੀ ਹੋਣਗੀਆਂ।
ਅਰਵਿੰਦ ਸ਼ਰਮਾ, ਜਾਗਰਣ, ਨਵੀਂ ਦਿੱਲੀ : ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਹੁਣ ਖੇਤੀਬਾੜੀ ਨੂੰ ਸਿੱਧੇ ਬਾਜ਼ਾਰ ਨਾਲ ਜੋੜਨ ਦਾ ਮਜ਼ਬੂਤ ਜ਼ਰੀਆ ਬਣ ਚੁੱਕਾ ਹੈ। ਇਹ ਅਜਿਹਾ ਮੰਚ ਹੈ, ਜਿਥੇ ਕਿਸਾਨ ਖ਼ੁਦ ਤੈਅ ਕਰਦਾ ਹੈ ਕਿ ਉਹ ਆਪਣੀ ਫ਼ਸਲ ਕਿਸ ਨੂੰ ਵੇਚੇਗਾ, ਕਿੰਨੇ ਭਾਅ ’ਤੇ ਵੇਚੇਗਾ ਤੇ ਭੁਗਤਾਨ ਦੀਆਂ ਸ਼ਰਤਾਂ ਕੀ ਹੋਣਗੀਆਂ। ਜ਼ਾਹਿਰ ਹੈ, ਐੱਫਪੀਓ ਸਿਰਫ ‘ਸਮੂਹ ਬਣਾ ਕੇ ਸਬਜ਼ੀ ਵੇਚਣ’ ਦੀ ਧਾਰਨਾ ਤੱਕ ਸੀਮਤ ਨਹੀਂ ਹੈ, ਬਲਕਿ ਵਿਚੋਲੀਆਂ ਦੀ ਪਕੜ ਤੋਂ ਬਾਹਰ ਨਿਕਲਣ ਦਾ ਪ੍ਰਭਾਵਸ਼ਾਲੀ ਔਜ਼ਾਰ ਬਣ ਗਏ ਹਨ। ਇਸ ਰਾਹੀਂ ਲੱਖਾਂ ਕਿਸਾਨ ਸਿੱਧੇ ਬਾਜ਼ਾਰ ਨਾਲ ਜੁੜ ਚੁੱਕੇ ਹਨ ਤੇ ਫ਼ਸਲ ਦੀ ਕਮਾਈ ਦਾ ਵੱਡਾ ਹਿੱਸਾ ਹੁਣ ਸਿੱਧੇ ਕਿਸਾਨਾਂ ਦੇ ਖਾਤਿਆਂ ’ਚ ਪਹੁੰਚ ਰਿਹਾ ਹੈ। ਦੇਸ਼ ’ਚ 10 ਹਜ਼ਾਰ ਤੋਂ ਵੱਧ ਸਰਗਰਮ ਐੱਫਪੀਓ ਹਨ, ਜਿਨ੍ਹਾਂ ਨਾਲ 57 ਲੱਖ ਤੋਂ ਵੱਧ ਕਿਸਾਨ ਸ਼ੇਅਰਧਾਰਕ ਵਜੋਂ ਜੁੜੇ ਹਨ। ਇਨ੍ਹਾਂ ’ਚ ਵੱਡੀ ਗਿਣਤੀ ਛੋਟੇ ਤੇ ਮੱਧਮ ਕਿਸਾਨਾਂ ਦੀ ਹੈ, ਜਿਨ੍ਹਾਂ ਲਈ ਪਹਿਲਾਂ ਸਿੱਧੇ ਬਾਜ਼ਾਰ ਤੱਕ ਪਹੁੰਚ ਨਾਮੁਮਕਿਨ ਸੀ।
ਐੱਫਪੀਓ ਮਾਡਲ ਦੇ ਸਹਾਰੇ ਬੀਜ, ਖਾਦ, ਕੀਟਨਾਸ਼ਕ ਤੇ ਖੇਤੀਬਾੜੀ ਯੰਤਰ ਦੀ ਸਮੂਹਿਕ ਖ਼ਰੀਦ ਨਾਲ ਖੇਤੀ ਲਾਗਤ ਘਟੀ ਹੈ। ਫ਼ਸਲ ਦੀ ਥੋਕ ਵਿਕਰੀ, ਸਟੋਰੇਜ ਤੇ ਪ੍ਰੋਸੈਸਿੰਗ ਰਾਹੀਂ ਕਿਸਾਨਾਂ ਨੂੰ ਬਿਹਤਰ ਭਾਅ ਮਿਲਣ ਲੱਗੇ ਹਨ। ਖੇਤੀਬਾੜੀ ਮੰਤਰਾਲੇ ਅਨੁਸਾਰ, ਦੇਸ਼ ’ਚ ਇਕ ਹਜ਼ਾਰ ਤੋਂ ਵੱਧ ਐੱਫਪੀਓ ਅਜਿਹੇ ਹਨ, ਜਿਨ੍ਹਾਂ ਦਾ ਸਾਲਾਨਾ ਕਾਰੋਬਾਰ ਇਕ ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ’ਚ 340 ਐੱਫਪੀਓ 10 ਕਰੋੜ ਰੁਪਏ ਤੋਂ ਉੱਪਰ ਦਾ ਕਾਰੋਬਾਰ ਕਰ ਰਹੇ ਹਨ। ਫਲ-ਸਬਜ਼ੀ, ਡੇਅਰੀ, ਦਾਲਾਂ, ਮਸਾਲੇ, ਬਾਸਮਤੀ ਚੌਲ, ਜੈਵਿਕ ਉਤਪਾਦ ਤੇ ਪ੍ਰੋਸੈਸਡ ਫੂਡ ਵਰਗੇ ਖੇਤਰਾਂ ’ਚ ਐੱਫਪੀਓ ਸਾਬਿਤ ਕਰ ਰਹੇ ਹਨ ਕਿ ਕਿਸਾਨ ਸਿਰਫ ਉਤਪਾਦਕ ਨਹੀਂ, ਬਲਕਿ ਸਫਲ ਕਾਰੋਬਾਰੀ ਵੀ ਬਣ ਸਕਦਾ ਹੈ।
10 ਕਰੋੜ ਰੁਪਏ ਦੇ ਕਲੱਬ ’ਚ ਪਹੁੰਚ ਚੁੱਕੇ ਐੱਫਪੀਓ ਰਵਾਇਤੀ ਮੰਡੀ ਪ੍ਰਬੰਧ ਤੋਂ ਵੱਖਰੇ ਤਰੀਕੇ ਨਾਲ ਕੰਮ ਕਰ ਰਹੇ ਹਨ। ਉਹ ਫ਼ਲਸ ਨੂੰ ਕੱਚੇ ਮਾਲ ਦੇ ਤੌਰ ’ਤੇ ਵੇਚਣ ਦੀ ਬਜਾਏ ਉਸਦੀ ਗ੍ਰੇਡਿੰਗ, ਪੈਕੇਜਿੰਗ ਤੇ ਬ੍ਰਾਂਡਿੰਗ ’ਤੇ ਜ਼ੋਰ ਦੇ ਰਹੇ ਹਨ। ਕਈ ਐੱਫਪੀਓਜ਼ ਨੇ ਈ-ਨਾਂ, ਓਐੱਨਡੀਸੀ ਤੇ ਜੈੱਮ ਵਰਗੇ ਡਿਜੀਟਲ ਪਲੇਟਫਾਰਮ ’ਤੇ ਸਿੱਧੇ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਉਨ੍ਹਾਂ ਨੂੰ ਬਿਹਤਰ ਕੀਮਤ ਮਿਲ ਰਹੀ ਹੈ।
ਸਰਕਾਰ ਨੇ 10 ਹਜ਼ਾਰ ਐੱਫਪੀਓਜ਼ ਦੇ ਗਠਨ ਦੇ ਟੀਚੇ ਨਾਲ ਸੀ਼ਡ ਕੈਪੀਟਲ, ਆਸਾਨ ਕਰਜ਼ਾ ਤੇ ਕ੍ਰੈਡਿਟ ਗਾਰੰਟੀ ਵਰਗੀਆਂ ਸਹੂਲਤਾਂ ਦਿੱਤੀਆਂ। ਹੁਣ ਫੋਕਸ ਸਿਰਫ ਗਿਣਤੀ ਵਧਾਉਣ ’ਤੇ ਨਹੀਂ, ਬਲਕਿ ਐੱਫਪੀਓ ਦੇ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ’ਤੇ ਹੈ ਤਾਂਕਿ ਵੱਧ ਤੋਂ ਵੱਧ ਸੰਗਠਨ ਸਥਾਈ ਤੌਰ ’ਤੇ ਇਕ ਕਰੋੜ ਤੇ 10 ਕਰੋੜ ਰੁਪਏ ਦੇ ਕਾਰੋਬਾਰ ਤੱਕ ਪਹੁੰਚ ਸਕਣ। ਐੱਫਪੀਓ ’ਚ ਛੋਟੇ ਤੇ ਮੱਧਮ ਕਿਸਾਨਾਂ ਦੀ ਹਿੱਸੇਦਾਰੀ ਲਗਾਤਾਰ ਵੱਧ ਰਹੀ ਹੈ। ਕੁੱਲ ਮੈਂਬਰਾਂ ’ਚ ਲਗਪਗ 88 ਫ਼ੀਸਦੀ ਛੋਟੇ ਤੇ ਮੱਧਮ ਕਿਸਾਨ ਹਨ, ਜਦਕਿ ਔਰਤਾਂ ਦੀ ਹਿੱਸੇਦਾਰੀ 39 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ। ਇਸ ਨਾਲ ਸਥਾਨਕ ਪੱਧਰ ’ਤੇ ਫ਼ਸਲ ਦਾ ਸਮੂਹਿਕ ਸੰਗ੍ਰਹਿ ਵਧਿਆ ਹੈ। ਸਾਲ 2024-25 ’ਚ ਐੱਫਪੀਓ ਦਾ ਕੁੱਲ ਕਾਰੋਬਾਰ ਨੌਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਰਿਹਾ। ਹੁਣ ਤੱਕ 6,052 ਐੱਫਪੀਓ ਨੂੰ ਬੀਜ ਲਾਇਸੈਂਸ, 6061 ਨੂੰ ਖਾਦ ਵੰਡ ਤੇ 4560 ਨੂੰ ਕੀਟਨਾਸ਼ਕ ਵੰਡ ਦੀ ਡੀਲਰਸ਼ਿਪ ਮਿਲ ਚੁੱਕੀ ਹੈ।
ਡਿਜੀਟਲ ਪਲੇਟਫਾਰਮ ’ਤੇ ਵੀ ਐੱਫਪੀਓ ਦੀ ਮੌਜੂਦਗੀ ਵਧੀ ਹੈ। 5800 ਤੋਂ ਵੱਧ ਐੱਫਪੀਓ ਚੌਲ, ਦਾਲਾਂ, ਮਿਲੇਟਸ, ਸ਼ਹਿਦ ਤੇ ਮਸਾਲੇ ਵਰਗੇ ਉਤਪਾਦ ਆਨਲਾਈਨ ਵੇਚ ਰਹੇ ਹਨ। ਜੈੱਮ ਪੋਰਟਲ ’ਤੇ 250 ਐੱਫਪੀਓ ਸਰਗਰਮ ਹਨ। ਐਮੇਜ਼ੋਨ ਤੇ ਫਲਿਪਕਾਰਟ ’ਤੇ ਵੀ ਐੱਫਪੀਓ ਦੀ ਸਰਗਰਮੀ ਵੱਧ ਰਹੀ ਹੈ।