ਸਿਰਕੇ ਦਾ ਵਪਾਰ ਇਕ ਸਹਾਇਕ ਕਿੱਤੇ ਦੇ ਤੌਰ ’ਤੇ ਲਗਾਇਆ ਜਾ ਸਕਦਾ ਹੈ। ਇਸ ਸਬੰਧੀ ਸਿਖਲਾਈ ਮਾਈਕਰੋਬਿਆਲੋਜੀ ਵਿਭਾਗ ਵੱਲੋਂ ਹਰ ਸਾਲ ਨਵੰਬਰ ਅਤੇ ਜੂਨ ਦੇ ਮਹੀਨੇ ਵਿਚ ਦਿੱਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਰਕਾ ਤਿਆਰ ਕਰਨ ਬਾਬਤ ਇਕ ਕਿਤਾਬ ਵੀ ਛਾਪੀ ਗਈ ਹੈ।

ਕੁਦਰਤੀ ਸਿਰਕੇ ਦਾ ਇਤਿਹਾਸ ਮਨੁੱਖੀ ਸੱਭਿਅਤਾ ਜਿੰਨਾ ਪੁਰਾਣਾ ਹੈ। ਅੱਜ ਸਿਰਕਾ ਘਰਾਂ ਵਿਚ ਮੁੱਖ ਤੌਰ ’ਤੇ ਰਸੋਈ ਵਿਚ ਸਲਾਦ, ਅਚਾਰ ਜਾਂ ਹੋਰ ਫ਼ਾਇਦਿਆਂ ਲਈ ਵਰਤਿਆ ਜਾਂਦਾ ਹੈ। ਬਾਜ਼ਾਰ ਵਿਚ ਆਮ ਤੌਰ ’ਤੇ ਬਣਾਵਟੀ ਸਿਰਕਾ ਪਾਇਆ ਜਾਂਦਾ ਹੈ ਜਿਸ ਨੂੰ 4% ਗਲੇਸ਼ੀਅਲ ਐਸਿਟਿਕ ਤੇਜ਼ਾਬ ਤੋਂ ਤਿਆਰ ਕੀਤਾ ਹੁੰਦਾ ਹੈ। ਇਹ ਤੇਜ਼ਾਬ ਕੱਚੇ ਤੇਲ ਦੀ ਸਫ਼ਾਈ ਦੌਰਾਨ ਨਿਕਲਦਾ ਹੈ, ਜਿਸ ’ਚ ਲੈੱਡ (ਸ਼ੀਸ਼ੇ) ਦਾ ਇਸਤੇਮਾਲ ਹੁੰਦਾ ਹੈ। ਇਸ ਕਰਕੇ ਸ਼ੀਸ਼ੇ ਦੇ ਅਵਸ਼ੇਸ਼ ਬਣਾਉਟੀ ਸਿਰਕੇ ’ਚ ਰਹਿ ਜਾਂਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਉਲਟ ਕੁਦਰਤੀ ਸਿਰਕਾ ਸਿਹਤ ਭਰਪੂਰ ਵਿਟਾਮਿਨ, ਅਮੀਨੋ ਤੇਜ਼ਾਬ, ਐਸਟਰ, ਖਣਿਜ ਤੇ ਆਰਗੈਨਿਕ ਤੇਜ਼ਾਬਾਂ ਨਾਲ ਲੈੱਸ ਹੁੰਦਾ ਹੈ। ਇਹ ਖ਼ੁਰਾਕੀ ਤੱਤ ਫਲਾਂ ਤੇ ਖ਼ਮੀਰੀਕਰਨ ਵਾਲੇ ਸੂਖ਼ਮ ਜੀਵ ਜੰਤੂਆਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਨਾਲ ਦੀ ਨਾਲ ਐਸਿਟਿਕ ਤੇਜ਼ਾਬ ਸਿਰਕੇ ਨੂੰ ਇਕ ਖ਼ਾਸ ਖ਼ੂਸ਼ਬੂ ਦਿੰਦਾ ਹੈ।
ਅਜੋਕੇ ਸਮੇਂ ਵਿਚ ਸਿਰਕੇ ਨੂੰ ਬਹੁਤ ਸਾਰੇ ਰੋਗਾਂ ਦਾ ਇਲਾਜ ਮੰਨਿਆ ਗਿਆ ਹੈ। ਕੁਦਰਤੀ ਸਿਰਕੇ ਦੀ ਖ਼ਾਸ ਸੁਗੰਧ ਇਸ ਵਿਚਲੇ ਏਸਿਟਿਕ ਦੇ ਤੇਜ਼ਾਬ ਕਾਰਨ ਹੁੰਦੀ ਹੈ। ਨਾਲ ਹੀ ਸਰੋਤ ਅਤੇ ਖ਼ਮੀਰੀਕਰਨ ਦੇ ਸੂਖ਼ਮ ਜੀਵ ਜੰਤੂਆਂ ਦੁਆਰਾ ਵੀ ਸੁਗੰਧੀ ਅਤੇ ਸਿਹਤਮੰਦੀ, ਸਿਰਕੇ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਫ਼ਾਇਦਿਆਂ ਕਰਕੇ ਸਿਰਕੇ ਨੂੰ ਨਿਊਟਰਾਸੂਟੀਕਲ ਵਰਗ ਵਿਚ ਰੱਖਿਆ ਜਾਂਦਾ ਹੈ ਜੋ ਕਿ ਆਮ ਖ਼ੁਰਾਕੀ ਤੱਤਾਂ ਨਾਲੋਂ ਸਿਹਤ ਲਈ ਵੱਧ ਫ਼ਾਇਦੇਮੰਦ ਹੁੰਦੇ ਹਨ। ਸਿਰਕਾ ਟੁੱਟੀ ਹੱਡੀ, ਕੈਂਸਰ ਦੇ ਸੈੱਲ, ਦੰਦ ਦਰਦ, ਖੰਘ, ਜ਼ੁਕਾਮ ਆਦਿ ਦਾ ਸ਼ਰਤੀਆ ਇਲਾਜ ਮੰਨਿਆ ਗਿਆ ਹੈ। ਪਤਲਾ ਕੀਤਾ ਸਿਰਕਾ ਲੂਅ, ਦਸਤ, ਪੇਟ ਆਦਿ ਤੋਂ ਠੱਲ੍ਹ ਪਾਉਂਦਾ ਹੈ।ਇਹ ਖ਼ੂਨ ਦੇ ਦਬਾਅ ਅਤੇ ਕੋਲੈਸਟਰੋਲ ਨੂੰ ਘਟਾਉਂਦਾ ਹੈ। ਇਸ ਤਰ੍ਹਾਂ ਕੁਦਰਤੀ ਸਿਰਕਾ ਇਕ ਵਧੀਆ ਐਂਟੀਸੈਪਟਿਕ, ਐਂਟੀਆਕਸੀਕਾਰਕ, ਡਾਈਯੂਰਿਟਿਕ, ਰੇਚਕ ਤੇ ਉਤੇਜਕ ਏਜੰਟ ਹੈ ਜੋ ਕਿ ਚਮੜੀ, ਅਨੀਮੀਆ, ਗਠੀਆ, ਦੌਰਿਆਂ, ਗਿੱਲੜ ਆਦਿ ’ਚ ਸਹਾਇਕ ਹੁੰਦਾ ਹੈ। ਸਿਰਕਾ ਨਾ ਕੇਵਲ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਇਹ ਭੁੱਖ ਘਟਾਉਂਦਾ ਹੈ ਤੇ ਸਾਡੀ ਐਮਊਨ ਪ੍ਰਣਾਲੀ ਨੂੰ ਵੀ ਤੇਜ਼ ਕਰਦਾ ਹੈ। ਇਸ ਦੇ ਇਲਾਵਾ ਫਲਾਂ ਦਾ ਸਿਰਕਾ ਸਾਰਾ ਸਾਲ (ਬਿਨਾਂ ਫਲਾਂ ਦੇ ਮੌਸਮ ਦੇ) ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਸਿਰਕਾ ਫਲਾਂ ਦੀ ਤਾਜ਼ਗੀ ਤੇ ਐਂਟੀਆਕਸੀਕਾਰਕ ਸ਼ਕਤੀ ਨੂੰ ਕਾਇਮ ਰੱਖਦਾ ਹੈ। ਖ਼ਮੀਰੀਕਰਨ ਆਮ ਤੌਰ ’ਤੇ ਫਲਾਂ ਦੀ ਸੰਭਾਲ ਵਿਚ ਸਹਾਇਕ ਹੁੰਦਾ ਹੈ, ਰਸ ’ਚ ਬਹੁਤ ਸਾਰੇ ਜ਼ਰੂਰੀ ਅਮੀਨੋ ਤੇਜ਼ਾਬ, ਵਿਟਾਮਿਨ, ਖ਼ੁਰਾਕੀ ਤੱਤ, ਖ਼ੁਸ਼ਬੂਆਂ ਆਦਿ ਜਮ੍ਹਾਂ ਕਰਦਾ ਹੈ ਤੇ ਇਸ ਤਰ੍ਹਾਂ ਫਲਾਂ ਦੇ ਰਸ ਦਾ ਜੀਵਨ ਵਧਾਉਣ ’ਚ ਸਹਾਇਕ ਹੁੰਦਾ ਹੈ।
ਉਤਪਾਦਨ ਦੀ ਲਾਗਤ
ਕੁਦਰਤੀ ਸਿਰਕੇ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ। ਗੰਨਾ ਅਤੇ ਅੰਗੂਰ ਦਾ ਸਿਰਕਾ ਬਾਜ਼ਾਰ ਵਿਚ ਕ੍ਰਮਵਾਰ 100/- ਅਤੇ 150/- ਰੁਪਏ ਪ੍ਰਤੀ ਲੀਟਰ ਵਿਚ ਵੇਚਿਆ ਜਾਂਦਾ ਹੈ। ਜਦੋਂਕਿ ਸੇਬ ਦਾ ਸਿਰਕਾ 500-1000 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੈ। ਕੁਦਰਤੀ ਸਿਰਕੇ ਦੇ ਉਤਪਾਦਨ ਦੀ ਲਾਗਤ ਉਤਪਾਦਨ ਯੂਨਿਟ ਦੇ ਪੈਮਾਨੇ ਦੇ ਨਾਲ ਬਦਲਦੀ ਹੈ ਜੋ ਘਰੇਲੂ (10 -50 ਲੀਟਰ), ਕਾਟੇਜ (50 ਲੀਟਰ ਤੋਂ ਵੱਧ) ਅਤੇ ਛੋਟੇ ਪੈਮਾਨੇ (1000 ਲੀਟਰ ਅਤੇ ਹੋਰ) ਦੀ ਹੋ ਸਕਦੀ ਹੈ। ਇਨਪੁਟ ਲਾਗਤਾਂ ’ਚ ਰਸ ਅਤੇ ਕੱਚਾ ਮਾਲ, ਫਰਮੈਂਟੇਸ਼ਨ ਤੇ ਪ੍ਰੋਸੈਸਿੰਗ ਦੇ ਖ਼ਰਚੇ ਸ਼ਾਮਿਲ ਹੁੰਦੇ ਹਨ। ਜਿਵੇਂ ਕਿ ਇਕ ਰੀਸਾਈਕਲ ਕੀਤੀ ਘਰੇਲੂ ਪੈਮਾਨੇ ਦੀ ਪ੍ਰਕਿਰਿਆ ਵਿਚ ਗੰਨੇ ਦਾ ਸਿਰਕਾ ਪਹਿਲੇ ਬੈਚ ਦੌਰਾਨ ਲਗਪਗ 36 ਦਿਨਾਂ ਵਿਚ ਤਿਆਰ ਹੁੰਦਾ ਹੈ। ਰੀਸਾਈਕਲ ਕੀਤੇ ਕਲਚਰ ਦੀ ਵਰਤੋਂ ਕਰਕੇ ਪੰਜ ਹੋਰ ਬੈਚ ਤਿਆਰ ਕੀਤੇ ਜਾ ਸਕਦੇ ਹਨ, ਜਿਸ ’ਚ ਕੁੱਲ ਛੇ ਬੈਚ 81 ਦਿਨਾਂ ’ਚ ਤਿਆਰ ਕਿਤੇ ਜਾਂਦੇ ਹਨ।
250 ਲਿਟਰ ਗੰਨੇ ਦੇ ਰਸ ਤੋਂ 750 ਮਿਲੀਲਿਟਰ ਸਮਰੱਥਾ ਦੀਆਂ ਕੁੱਲ 225 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। 225 ਬੋਤਲਾਂ ਦੇ ਉਤਪਾਦਨ ਦੀ ਲਾਗਤ ਲਗਪਗ 10,075/- ਰੁਪਏ ਆਉਂਦੀ ਹੈ ਅਤੇ ਪ੍ਰਤੀ ਬੋਤਲ ਲਾਗਤ 45/- ਰੁਪਏ ਹੈ।
ਫਲਾਂ ਤੋਂ ਸਿਰਕੇ ਦੇ ਉਤਪਾਦਨ ਵਿਚ, 130 ਲੀਟਰ ਅੰਗੂਰ ਦੇ ਰਸ ਤੋਂ 650 ਮਿਲੀਲਿਟਰ ਸਮਰੱਥਾ ਦੀਆਂ 120 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। 120 ਬੋਤਲਾਂ ਦੇ ਉਤਪਾਦਨ ਦੀ ਲਾਗਤ 7560/- ਰੁਪਏ ਆਉਂਦੀ ਹੈ ਅਤੇ ਪ੍ਰਤੀ ਬੋਤਲ ਔਸਤ ਲਾਗਤ 63/- ਰੁਪਏ ਹੈ।
ਸੇਬ ਅਤੇ ਗੰਨੇ ਦੇ ਮਿਸ਼ਰਣ ਵਾਲੇ ਸੇਬ ਦੇ ਸਿਰਕੇ ਵਿਚ, 35 ਲੀਟਰ ਰਸ ਤੋਂ 200 ਮਿਲੀਲਿਟਰ ਸਮਰੱਥਾ ਦੀਆਂ ਕੁੱਲ 125 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜਿਸ ਵਿਚ ਕ੍ਰਮਵਾਰ 36.64/-ਅਤੇ 29.2/- ਰੁਪਏ ਪ੍ਰਤੀ ਬੋਤਲ ਖ਼ਰਚਾ ਆਉਂਦਾ ਹੈ। ਜਾਮੁਨ ਦੇ ਸਿਰਕੇ ਨੂੰ 28 ਦਿਨਾਂ ’ਚ ਬੈਚ ਫਰਮੈਂਟੇਸ਼ਨ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ ਜਿਸ ’ਚ 20 ਲਿਟਰ ਜੂਸ ਤੋਂ 200 ਮਿਲੀਲਿਟਰ ਸਮਰੱਥਾ ਦੀਆਂ 70 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਕੀਮਤ ਪ੍ਰਤੀ ਬੋਤਲ ਲਗਪਗ 36/- ਰੁਪਏ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ 50 ਲਿ. ਪੱਧਰ ’ਤੇ ਤਿਆਰ ਕੀਤੀ ਤਕਨੀਕ ਰਾਹੀਂ ਗੰਨਾ, ਅੰਗੂਰ, ਸੇਬ ਅਤੇ ਜਾਮੁਣ ਦਾ ਸਿਰਕਾ ਬਣਾਉਣ ਉਪਰ ਕ੍ਰਮਵਾਰ 60 ਰੁ., 84 ਰੁ., 183 ਰੁ. ਅਤੇ 60 ਰੁ. ਪ੍ਰਤੀ ਲਿਟਰ ਦਾ ਖ਼ਰਚਾ ਆਉਂਦਾ ਹੈ। ਇਨਾਂ ਬੋਤਲਾਂ ਨੂੰ ਘੱਟੋ-ਘੱਟ ਇਕ ਸਾਲ ਲਈ ਸਟੋਰ ਕੀਤਾ ਜਾ ਸਕਦਾ ਹੈ।
ਸਹਾਇਕ ਕਿੱਤੇ ਦੇ ਤੌਰ ’ਤੇ ਵਪਾਰ
ਸਿਰਕੇ ਦਾ ਵਪਾਰ ਇਕ ਸਹਾਇਕ ਕਿੱਤੇ ਦੇ ਤੌਰ ’ਤੇ ਲਗਾਇਆ ਜਾ ਸਕਦਾ ਹੈ। ਇਸ ਸਬੰਧੀ ਸਿਖਲਾਈ ਮਾਈਕਰੋਬਿਆਲੋਜੀ ਵਿਭਾਗ ਵੱਲੋਂ ਹਰ ਸਾਲ ਨਵੰਬਰ ਅਤੇ ਜੂਨ ਦੇ ਮਹੀਨੇ ਵਿਚ ਦਿੱਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਰਕਾ ਤਿਆਰ ਕਰਨ ਬਾਬਤ ਇਕ ਕਿਤਾਬ ਵੀ ਛਾਪੀ ਗਈ ਹੈ। ਘਰੇਲੂ ਤੌਰ ’ਤੇ ਸਿਰਕਾ ਤਿਆਰ ਕਰਨ ਲਈ ਕੋਈ ਖ਼ਾਸ ਸਮਾਨ ਜਾਂ ਜਗ੍ਹਾ ਦੀ ਜ਼ਰੂਰਤ ਨਹੀਂ ਹੁੰਦੀ। ਸਿਰਕੇ ਦੀ ਤਕਨਾਲੋਜੀ ਦਾ ਵੇਰਵਾ ਪੰਜਾਬ ਖੇਤੀਬਾੜੀ ਵਿਚ ਯੂਨੀਵਰਸਿਟੀ ਦੁਆਰਾ ਤਿਆਰ ਕੀਤੇ ਬੁਲੇਟਿਨ (ਕੀਮਤ 20 ਰੁਪਏ) ਗੰਨੇ ਤੇ ਫਲਾਂ ਤੋਂ ਕੁਦਰਤੀ ਸਿਰਕੇ ਦੀ ਤਿਆਰੀ ਵਿਚ ਦਰਸਾਇਆ ਗਿਆ ਹੈ। ਪੀਏਯੂ ਦਾ ਡਾਇਰੈਕਟੋਰੇਟ ਪਸਾਰ ਸਿੱਖਿਆ ਵਿਭਾਗ ਹਰ ਸਾਲ ਸਕਿਲ ਡਿਵੈਲਪਮੈਂਟ ਉਪਰ ਇਨ੍ਹਾਂ ਉਤਪਾਦਾਂ ਦੀ ਸਿਖਲਾਈ ਪ੍ਰਦਾਨ ਕਰਦਾ ਹੈ। •
-• ਗੁਰਵਿੰਦਰ ਸਿੰਘ ਕੋਚਰ
94172-30896