ਛੋਲਿਆਂ ਦੀ ਸੁੰਡੀ ਦੀ ਰੋਕਥਾਮ ਲਈ ਜੈਵਿਕ ਸਰਵਪੱਖੀ ਕੀਟ ਪ੍ਰਬੰਧ (29PM) ਨੂੰ ਅਪਣਾਉ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਛੋਲਿਆਂ ਦੀਆਂ ਸੁਧਰੀਆਂ ਕਿਸਮਾਂ ਹੀ ਬੀਜੀਆਂ ਜਾਣ ।

ਕਣਕ, ਛੋਲੇ ਤੇ ਤੇਲ-ਬੀਜ ਫ਼ਸਲ ਹਾੜ੍ਹੀ ਦੀਆਂ ਮੁੱਖ ਫ਼ਸਲਾਂ ਹਨ। ਇਨ੍ਹਾਂ ਫ਼ਸਲਾਂ ’ਤੇ ਆਉਣ ਵਾਲੇ ਕੀੜਿਆਂ ਕਾਰਨ ਨੁਕਸਾਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਲਈ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਬਹੁਤ ਜ਼ਰੂਰੀ ਹੈ। ਇਨ੍ਹਾਂ ਕੀੜੇ-ਮਕੌੜਿਆਂ ਦਾ ਸਹੀ ਪ੍ਰਬੰਧਨ ਫ਼ਸਲ ਦੇ ਉਤਪਾਦਨ ਨੂੰ ਵਧਾ ਸਕਦਾ ਹੈ ਤੇ ਗੁਣਵੱਤਾ ’ਚ ਸੁਧਾਰ ਕਰ ਸਕਦਾ ਹੈ। ਇਸ ਲੇਖ ਵਿਚ ਵੱਖ-ਵੱਖ ਕੀੜੇ-ਮਕੌੜਿਆਂ ਅਤੇ ਰੋਕਥਾਮ ’ਤੇ ਗੱਲ ਕੀਤੀ ਗਈ ਹੈ।
ਤੇਲ-ਬੀਜ ਫਸਲ
ਤੇਲ-ਬੀਜ ਫ਼ਸਲਾਂ ਦਾ ਵੱਧ ਉਤਪਾਦਨ ਹਾਸਲ ਕਰਨ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ-
ਸਲੇਟੀ ਸੁੰਡੀ
ਇਹ ਸੁੰਡੀ ਫ਼ਸਲ ਦੀ ਛੋਟੀ ਅਵਸਥਾ ’ਤੇ ਹਮਲਾ ਕਰਦੀ ਹੈ ਅਤੇ ਵੱਡੀ ਗਿਣਤੀ ’ਚ ਪੱਤੇ ਖਾ ਕੇ ਨੁਕਸਾਨ ਕਰਦੀ ਹੈ। ਬੂਟਿਆਂ ਨੂੰ ਥੋੜ੍ਹਾ ਜਿਹਾ ਹੀ ਹਿਲਾੳਣ ’ਤੇ ਇਹ ਹੇਠਾਂ ਡਿੱਗ ਜਾਂਦੀਆਂ ਹਨ ਅਤੇ ਕਾਫ਼ੀ ਦੇਰ ਤੱਕ ਇਸੇ ਅਵਸਥਾ ਵਿਚ ਪਈਆਂ ਰਹਿੰਦੀਆਂ ਹਨ। ਸ਼ੁਰੂਆਤੀ ਅਵਸਥਾ ਵਿਚ ਹਮਲਾ ਹੋਣ ਕਾਰਨ ਕਈ ਵਾਰ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ।
ਰੋਕਥਾਮ : ਇਸ ਦੀ ਰੋਕਥਾਮ 250 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਪ੍ਰਤੀ ਏਕੜ ਦਾ 60 ਤੋਂ 80 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ।
ਰਾਇਆ ਦਾ ਚੇਪਾ
ਚੇਪਾ ਸਰ੍ਹੋਂ ਦੀ ਫ਼ਸਲ ਦਾ ਪ੍ਰਮੁੱਖ ਹਾਨੀਕਾਰਕ ਕੀੜਾ ਹੈ। ਸਰ੍ਹੋਂ ’ਤੇ ਇਹ ਆਮ ਕਰਕੇ ਜਨਵਰੀ ਤੋਂ ਲੈ ਕੇ ਅੱਧ ਮਾਰਚ ਤੱਕ ਵਧੇਰੇ ਨੁਕਸਾਨ ਕਰਦਾ ਹੈ। ਇਹ ਕੀੜਾ ਆਮ ਕਰਕੇ ਸਰ੍ਹੋਂ ਦੀਆਂ ਫੁੱਲਾਂ ਵਾਲੀਆਂ ਸ਼ਾਖਾਵਾਂ ’ਤੇ ਵੱਡੀ ਗਿਣਤੀ ਵਿਚ ਝੁੰਡਾਂ ਦੇ ਰੂਪ ਵਿਚ ਚਿਪਕਿਆ ਹੋਇਆ ਨਜ਼ਰ ਆਉਂਦਾ ਹੈ ਅਤੇ ਪੱਤੇ, ਫੁੱਲ ਅਤੇ ਫ਼ਲੀਆਂ ਦਾ ਰਸ ਚੂਸਦਾ ਹੈ। ਸਿੱਟੇ ਵਜੋਂ ਬੂਟੇ ਆਕਾਰ ਵਿਚ ਛੋਟੇ ਰਹਿ ਜਾਂਦੇ ਹਨ, ਫੁੱਲ ਤੇ ਫ਼ਲੀਆਂ ਮੁਰਝਾਅ ਜਾਂਦੇ ਹਨ ਅਤੇ ਫ਼ਲੀਆਂ ’ਚ ਦਾਣੇ ਵੀ ਪੂਰੀ ਤਰਾਂ ਨਹੀਂ ਬਣਦੇ। ਭਾਰੀ ਹਮਲੇ ਦੀ ਸੂਰਤ ਵਿਚ ਫ਼ਸਲ ਮੁਰਝਾਈ ਹੋਈ ਜਾਪਦੀ ਹੈ ਤੇ ਇਸ ਤੋਂ ਝਾੜ ਵੀ ਕੋਈ ਖ਼ਾਸ ਪ੍ਰਾਪਤ ਨਹੀਂ ਹੁੰਦਾ। ਇਸ ਕੀੜੇ ਦੇ ਵਾਧੇ ਲਈ ਘੱਟ ਤਾਪਮਾਨ (ਘੱਟ ਤੋਂ ਘੱਟ 4-120 ਸੈਂਟੀਗ੍ਰੇਡ ਅਤੇ ਵੱਧ ਤੋਂ ਵੱਧ 16-300 ਸੈਂਟੀਗ੍ਰੇਡ) ਤੇ ਔਸਤ ਨਾਲੋਂ ਵੱਧ ਹਵਾ ਵਿਚ ਨਮੀ (50-78%) ਕਾਫ਼ੀ ਸਹਾਈ ਹੁੰਦੇ ਹਨ। ਆਮ ਤੌਰ ’ਤੇ ਚੇਪੇ ਦਾ ਹਮਲਾ ਜਨਵਰੀ ਦੇ ਅੱਧ ਵਿਚ ਜ਼ਿਆਦਾ ਹੁੰਦਾ ਹੈ। ਇਸ ਲਈ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਬੂਟਿਆਂ ਤੇ ਇਸ ਦੀ ਗਿਣਤੀ ਬਾਰੇ ਸੁਚੇਤ ਹੋਣ ਦੀ ਲੋੜ ਹੈ। ਇਸ ’ਤੇ ਕਾਬੂ ਪਾਉਣ ਦੇ ਢੰਗ ਅਤੇ ਸਮੇਂ ਬਾਰੇ ਫ਼ੈਸਲਾ ਕਰਨ ਲਈ ਲਗਾਤਾਰ, ਦਿੱਤੇ ਗਏ ਸਮੇਂ ਦੇ ਵਕਫ਼ੇ ਅਨੁਸਾਰ ਪੌਦਿਆਂ ’ਤੇ ਇਸ ਦੀ ਗਿਣਤੀ ਕਰਦੇ ਰਹਿਣਾ ਚਾਹੀਦਾ ਹੈ।
ਰੋਕਥਾਮ : ਇਸ ਦੀ ਰੋਕਥਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ ਜਾਂ 400 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੀਟੋਨ ਮੀਥਾਈਲ) ਜਾਂ 400 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) 600 ਮਿਲੀਲਿਟਰ ਪ੍ਰਤੀ ਏਕੜ ਦਾ 80 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ।
ਫ਼ਸਲ ਦੀ ਬਿਜਾਈ ਅਗੇਤੀ ਕਰੋ। ਹੋ ਸਕੇ ਤਾਂ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਬਿਜਾਈ ਹੋ ਜਾਣੀ ਚਾਹੀਦੀ ਹੈ। ਖਾਦਾਂ ਦੀ ਸਿਫ਼ਾਰਿਸ਼ ਕੀਤੀ ਮਿਕਦਾਰ ਹੀ ਪਾਓ। ਕੀਟ-ਨਾਸ਼ਕ ਦਵਾਈਆਂ ਦੀ ਵਰਤੋਂ ਕੀੜਿਆਂ ਦੀ ਪੌਦਿਆਂ ਉੱਤੇ ਗਿਣਤੀ ਤੇ ਉਨ੍ਹਾਂ ਦੇ ਨੁਕਸਾਨ ਕਰਨ ਦੀ ਸਮਰੱਥਾ ਦੇ ਆਧਾਰ ’ਤੇ ਕਰੋ। ਇਸ ਦਾ ਅੰਦਾਜ਼ਾ ਹੇਠ ਲਿਖੇ ਢੰਗਾਂ ਨਾਲ ਲਾਇਆ ਜਾ ਸਕਦਾ ਹੈ :
ਇਕ ਏਕੜ ਰਕਬੇ ਵਿੱਚੋਂ 12 ਤੋਂ 16 ਬੂਟੇ ਜੋ ਕਿ ਖੇਤ ਵਿਚ, ਇਕ ਦੂਜੇ ਤੋਂ ਦੂਰ-ਦੂਰ ਹੋਣ, ਹਫ਼ਤੇ ਵਿਚ ਦੋ ਵਾਰ ਚੁਣੋ। ਇਹ ਕੰਮ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰ ਦਿਉ। ਜੇਕਰ ਪੌਦੇ ਦੀ ਵਿਚਕਾਰਲੀ ਸ਼ਾਖ ਦੇ ਸਿਰੇ ’ਤੇ ਚੇਪੇ ਦੀ ਗਿਣਤੀ 50 ਤੋਂ 60 ਪ੍ਰਤੀ 10 ਸੈਂਟੀਮੀਟਰ ਹਿੱਸੇ ’ਤੇ ਹੋਵੇ ਤਾਂ ਛਿੜਕਾਅ ਕਰਨਾ ਚਾਹੀਦਾ ਹੈ। ਜਾਂ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਸਿਰਾ 0.5 ਤੋਂ 1.0 ਸੈਂਟੀਮੀਟਰ ਚੇਪੇ ਨਾਲ ਢੱਕਿਆ ਜਾਵੇ ਜਾਂ ਫਿਰ ਜਦੋਂ 40 ਤੋਂ 50 ਪ੍ਰਤੀਸ਼ਤ ਪੌਦਿਆਂ ’ਤੇ ਚੇਪਾ ਨਜ਼ਰ ਆਵੇ (ਇਸ ਲਈ ਪ੍ਰਤੀ ਏਕੜ 100 ਪੌਦਿਆਂ ਦੀ ਪਰਖ ਕਰੋ)। ਜਦੋਂ ਕੀੜਿਆਂ ਦੀ ਗਿਣਤੀ ਉਪਰ ਦਿੱਤੇ ਪੱਧਰਾਂ ’ਤੇ ਪਹੁੰਚ ਜਾਵੇ ਤਾਂ ਹੇਠ ਲਿਖੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਚੇਪੇ ਦੀ ਰੋਕਥਾਮ ਹੋ ਸਕਦੀ ਹੈ। ਜੇਕਰ ਕੀੜਿਆਂ ਦੀ ਗਿਣਤੀ ਦੁਬਾਰਾ ਉਪਰ ਲਿਖੇ ਪੱਧਰ ਤੱਕ ਪਹੁੰਚ ਜਾਵੇ ਤਾਂ ਸਮੇਂ-ਸਮੇਂ ’ਤੇ ਛਿੜਕਾਅ ਦੁਬਾਰਾ ਕੀਤਾ ਜਾਣਾ ਚਾਹੀਦਾ ਹੈ।
ਕੀਟਨਾਸ਼ਕਾਂ ਦਾ ਛਿੜਕਾਅ ਦੁਪਹਿਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ ਜਦੋਂ ਪਰ-ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਘੱਟ ਹਰਕਤ ਵਿਚ ਹੁੰਦੇ ਹਨ।
ਛੋਲਿਆਂ ਦੀ ਖੇਤੀ
ਛੋਲਿਆਂ ਦੀ ਫ਼ਸਲ ਦਾ ਜ਼ਿਆਦਾ ਉਤਪਾਦਨ ਲੈਣ ਲਈ ਹੇਠ ਲਿਖੇ ਕਦਮ ਚੁੱਕਣ ਦੀ ਜ਼ਰੂਰਤ ਹੈ-
ਛੋਲਿਆਂ ਦੀ ਸੁੰਡੀ
ਇਹ ਸੁੰਡੀ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ, ਡੰਡੇ ਅਤੇ ਦਾਣਿਆਂ ਨੂੰ ਖਾਂਦੀ ਹੈ, ਜਿਸ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤਿਆਂ, ਡੋਡੀਆਂ ਵਿਚ ਮੋਰੀਆਂ, ਬੂਟਿਆਂ ਹੇਠਾਂ ਜ਼ਮੀਨ ਉਤੇ ਗੂੜ੍ਹੇ ਹਰੇ ਰੰਗ ਦੀਆਂ ਬਿੱਠਾਂ ਤੋਂ ਲੱਗਦਾ ਹੈ। ਜੇਕਰ ਹਮਲੇ ਵਾਲੇ ਬੂਟੇ ਨੂੰ ਜ਼ੋਰ ਨਾਲ ਹਿਲਾਇਆ ਜਾਵੇ ਤਾਂ ਇਹ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ ’ਤੇ ਡਿੱਗ ਪੈਂਦੀਆਂ ਹਨ। ਇਸ ਦਾ ਹਮਲਾ ਕਣਕ ਪੱਕਣ ਵੇਲੇ ਸਿੱਟਿਆਂ ਵਿਚ ਦਾਣਿਆਂ ’ਤੇ ਹੁੰਦਾ ਹੈ।
ਰੋਕਥਾਮ : ਇਸ ’ਤੇ ਕਾਬੂ ਪਾਉਣ ਲਈ 800 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫ਼ਾਸ) ਨੂੰ 100 ਲਿਟਰ ਪਾਣੀ ਵਿਚ ਪ੍ਰਤੀ ਏਕੜ ਛਿੜਕਾਅ ਕਰੋ।
ਤਣੇ ਦੀ ਗੁਲਾਬੀ ਸੁੰਡੀ
ਇਸ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ ਵਿਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਅਤੇ ਅੰਦਰਲਾ ਮਾਦਾ ਖਾਂਦੀਆਂ ਹਨ, ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ, ਸੁੱਕ ਜਾਂਦੇ ਹਨ ਅਤੇ ਅਖ਼ੀਰ ਵਿਚ ਮਰ ਜਾਂਦੇ ਹਨ।
ਰੋਕਥਾਮ : ਜੇਕਰ ਪਿਛਲੀ ਝੋਨੇ ਦੀ ਫ਼ਸਲ ਉਪਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਅਕਤੂਬਰ ਵਿਚ ਬਿਜਾਈ ਨਾ ਕਰੋ। ਦਿਨ ਸਮੇਂ ਪਾਣੀ ਲਗਾਉਣ ਨੂੰ ਤਰਜੀਹ ਦੇਵੋ ਤਾਂ ਕਿ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋ ਮੋਰਟੈਲ/ ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫ਼ਾਸ) ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਵੋ।
ਛੋਲਿਆਂ ਦੀ ਸੁੰਡੀ ਦੀ ਰੋਕਥਾਮ ਲਈ ਜੈਵਿਕ ਸਰਵਪੱਖੀ ਕੀਟ ਪ੍ਰਬੰਧ (29PM) ਨੂੰ ਅਪਣਾਉ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਛੋਲਿਆਂ ਦੀਆਂ ਸੁਧਰੀਆਂ ਕਿਸਮਾਂ ਹੀ ਬੀਜੀਆਂ ਜਾਣ ।
ਛੋਲਿਆਂ ਦੀ ਸੁੰਡੀ ਦੇ ਨੁਕਸਾਨ ਨੂੰ ਘਟਾਉਣ ਲਈ ਛੋਲਿਆਂ ਦੀਆਂ ਹਰੇਕ 20 ਕਤਾਰਾਂ ਤੋਂ ਬਾਅਦ ਅਲਸੀ ਦੀਆਂ 2 ਕਤਾਰਾਂ ਅੰਤਰ ਫ਼ਸਲ ਵਜੋਂ ਬੀਜੋ।
ਕਣਕ ਦੀ ਫ਼ਸਲ
ਕਣਕ ਦੀ ਫ਼ਸਲ ਨੂੰ ਸੈਿਨਕ ਸੁੰਡੀ ਅਤੇ ਚੇਪੇ ਤੋਂ ਬਚਾਉਣ ਲਈ ਇਹ ਨੁਕਤੇ ਅਪਣਾਉ--
ਸੈਨਿਕ ਸੁੰਡੀ
ਇਹ ਸੁੰਡੀ ਕਣਕ ਦੀ ਫ਼ਸਲ ਦੇ ਪੱਤੇ ਅਤੇ ਸਿੱਟੇ ਨੂੰ ਮਾਰਚ-ਅਪ੍ਰੈਲ ਦੇ ਮਹੀਨੇ ਬਹੁਤ ਬੁਰੀ ਤਰ੍ਹਾਂ ਖਾਂਦੀ ਹੈ।
ਰੋਕਥਾਮ : ਇਸ ਦੀ ਰੋਕਥਾਮ ਲਈ 40 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਜਾਂ 400 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫ਼ਾਸ) ਨੂੰ 80-100 ਲਿਟਰ ਪਾਣੀ ’ਚ ਘੋਲ ਕੇ, ਪ੍ਰਤੀ ਏਕੜ ਦੇ ਹਿਸਾਬ ਨੈਪਸੈਕ ਪੰਪ ਨਾਲ ਛਿੜਕਾਅ ਕਰੋ।
ਚੇਪਾ
ਚੇਪੇ ਦੇ ਹਮਲੇ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ ।
ਰੋਕਥਾਮ : ਜੇਕਰ 5 ਚੇਪੇ ਪ੍ਰਤੀ ਸਿੱਟਾ ਹੋਣ (ਇਕ ਏਕੜ ਖੇਤ ਦੇ ਹਰੇਕ ਚਾਰ ਹਿੱਸਿਆਂ ’ਚੋਂ ਚੁਣੇ 10-10 ਸਿੱਟਿਆਂ ਦੇ ਆਧਾਰ ’ਤੇ) ਤਾਂ ਇਨ੍ਹਾਂ ਦੀ ਰੋਕਥਾਮ ਲਈ 2 ਲਿਟਰ ਘਰ ਬਣਾਏ ਨਿੰਮ ਦਾ ਘੋਲ ਦੇ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਦੋ ਛਿੜਕਾਅ ਜਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ ਜੀ (ਥਾਇਆਮੈਥੋਕਸਮ) ਦਾ ਛਿੜਕਾਅ, 80-100 ਲਿਟਰ ਪਾਣੀ ’ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ । ਚੇਪੇ ਦੀ ਰੋਕਥਾਮ ਸਿੱਟੇ ਪੈਣ ਵੇਲੇ ਕਰੋ ਕਿਉਂਕਿ ਚੇਪੇ ਦਾ ਹਮਲਾ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ ’ਤੇ ਹੁੰਦਾ ਹੈ । ਛਿੜਕਾਅ ਸਿਰਫ਼ ਅਜਿਹੇ ਹਮਲੇ ਵਾਲੇ ਹਿੱਸੇ ’ਤੇ ਹੀ ਕਰੋ ਤਾਂ ਕਿ ਚੇਪੇ ਦੇ ਹਮਲੇ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ । •
ਗੁਰਪ੍ਰੀਤ ਸਿੰਘ ਮੱਕੜ,
ਰਾਕੇਸ਼ ਕੁਮਾਰ ਸ਼ਰਮਾ