ਜਦੋਂ ਅਸੀਂ ਇਹ ਜਾਣਦੇ ਹਾਂ ਕਿ ਮਨੁੱਖੀ ਜੀਵਨ ਰੁੱਖਾਂ ’ਤੇ ਹੀ ਨਿਰਭਰ ਹੈ, ਫਿਰ ਅਸੀਂ ਰੁੱਖਾਂ ਤੋਂ ਬੇਮੁੱਖ ਕਿਉਂ ਹੋ ਰਹੇ ਹਾਂ। ਸਾਡੇ ਬਹੁਤੇ ਦੁੱਖਾਂ ਦਾ ਕਾਰਨ ਇੰਝ ਬੇਮੁੱਖ ਹੋਣਾ ਹੈ। ਰੁੱਖਾਂ ਨਾਲੋਂ ਸਾਡੀ ਸਾਂਝ ਟੁੱਟ ਰਹੀ ਹੈ। ਆਪਣੇ-ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਤਾਂ ਵਿਸ਼ੇਸ਼ ਕਰ ਕੇ ਆਤਮ-ਝਾਤ ਪਾਉਣ ਦੀ ਲੋੜ ਹੈ।

ਪੰਜਾਬ ਵਿਚ ਰੁੱਖਾਂ ਦੀ ਬਹੁਤ ਘਾਟ ਹੈ। ਜੰਗਲ ਤਾਂ ਹੈ ਹੀ ਨਹੀਂ ਹਨ। ਜਲਦੀ ਹੀ ਰੁੱਖ ਲਗਾਉਣ ਦਾ ਮੌਸਮ ਆ ਰਿਹਾ ਹੈ। ਜਨਵਰੀ ’ਚ ਪਤਝੜੀ ਰੁੱਖ ਲਗਾਏ ਜਾਂਦੇ ਹਨ। ਇਹ ਕੇਵਲ ਇਸੇ ਮਹੀਨੇ ਲਗਾਏ ਜਾ ਸਕਦੇ ਹਨ ਜਦੋਂਕਿ ਸਦਾਬਹਾਰ ਰੁੱਖ ਸਾਲ ਵਿਚ ਦੋ ਵਾਰ ਫਰਵਰੀ-ਮਾਰਚ ਅਤੇ ਜੁਲਾਈ-ਅਗਸਤ ਵਿਚ ਲਗਾਏ ਜਾ ਸਕਦੇ ਹਨ। ਪਤਝੜੀ ਰੁੱਖਾਂ ਦੇ ਬੂਟਿਆਂ ਨੂੰ ਨੰਗੀਆਂ ਜੜ੍ਹਾਂ ਨਾਲ ਵੀ ਇਕ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ। ਇਸ ਵਾਰ ਕੁਝ ਪਤਝੜੀ ਰੁੱਖ ਜ਼ਰੂਰ ਲਗਾਏ ਜਾਣ। ਇਨ੍ਹਾਂ ਦੇ ਹਰ ਸਾਲ ਪੁਰਾਣੇ ਪੱਤੇ ਝੜ ਜਾਂਦੇ ਹਨ। ਇੰਝ ਪੱਤਿਆਂ ਉਤੇ ਪਿਆ ਮਿੱਟੀ ਘੱਟਾ ਜਾਂ ਕੋਈ ਬਿਮਾਰੀ ਵੀ ਖ਼ਤਮ ਹੋ ਜਾਂਦੀ ਹੈ। ਬਸੰਤ ਵਿਚ ਨਵੇਂ ਨਿਕਲਦੇ ਪੱਤੇ ਸੁੰਦਰ ਨਜ਼ਾਰਾ ਪੇਸ਼ ਕਰਦੇ ਹਨ। ਟਾਹਲੀ, ਤੂਤ, ਡੇਕ, ਸ਼ਰੀਂਹ ਆਦਿ ਪੰਜਾਬ ਦੇ ਰਿਵਾਇਤੀ ਪਤਝੜੀ ਰੁੱਖ ਹਨ। ਇਨ੍ਹਾਂ ਨੂੰ ਜਨਵਰੀ ਵਿਚ ਲਗਾਇਆ ਜਾ ਸਕਦਾ ਹੈ। ਪੰਜਾਬ ਵਿਚ ਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਵੱਧ ਧਰਤੀ ਫ਼ਸਲ ਹੇਠ ਲਿਆਉਣ ਦੇ ਲਾਲਚ ਨਾਲ ਕਿਸਾਨਾਂ ਨੇ ਰੁੱਖਾਂ ਦੀ ਕਟਾਈ ਕਰ ਦਿੱਤੀ।
ਕਦੇ ਹਰੇਕ ਪਿੰਡ ਆਪਣੀ ਝਿੜੀ (ਜੰਗਲੀ) ਹੁੰਦੀ ਸੀ। ਉਹ ਵੀ ਲੋਪ ਹੋ ਗਈਆਂ ਹਨ। ਸੜਕਾਂ ਕਿਨਾਰੇ ਹੀ ਰੁੱਖ ਸਨ, ਸੜਕਾਂ ਚੌੜੀਆਂ ਕਰਨ ਕਰਕੇ ਰੁੱਖ ਕੱਟੇ ਗਏ ਹਨ। ਸੜਕਾਂ ਹੁਣ ਵਿਰਾਨ ਨਜ਼ਰ ਆਉਂਦੀਆਂ ਹਨ। ਸੜਕਾਂ ਚੌੜੀਆਂ ਹੋਣ ਨਾਲ ਗੱਡੀਆਂ ਦੀ ਰਫ਼ਤਾਰ ਵਿਚ ਵਾਧਾ ਹੋਣਾ ਹੀ ਸੀ। ਨਤੀਜਤਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਨਿੱਤ ਹੀ ਜਾਨਾਂ ਜਾਣ ਦੀਆਂ ਖ਼ਬਰਾਂ ਮਿਲਦੀਆਂ ਹਨ। ਸੜਕ ਸਲੀਕੇ ਦੀ ਘਾਟ ਇਸ ਦਾ ਮੁੱਖ ਕਾਰਨ ਹੈ। ਰੁੱਖਾਂ ਦੀ ਘਾਟ ਨਾਲ ਜਿਥੇ ਤਪਸ਼ ਵਿਚ ਵਾਧਾ ਹੋਇਆ ਉਥੇ ਮੀਂਹ ਪੈਣੇ ਵੀ ਘੱਟ ਗਏ ਹਨ। ਹੁਣ ਸਾਉਣ ਦੇ ਮਹੀਨੇ ਹਫ਼ਤਾ ਭਰ ਲੱਗਣ ਵਾਲੀਆਂ ਝੜੀਆਂ ਨਹੀਂ ਲੱਗਦੀਆਂ। ਤਪਸ਼ ਵਿਚ ਹੋਏ ਵਾਧੇ ਦਾ ਅਸਰ ਇਸ ਵਾਰ ਕਣਕ ਦੇ ਝਾੜ ਉਤੇ ਪਿਆ ਅਤੇ ਕਿਸਾਨਾਂ ਨੂੰ ਚੋਖਾ ਨੁਕਸਾਨ ਝਲਣਾ ਪਿਆ।
ਰਾਹਾਂ ਨੂੰ ਸੁੰਦਰ ਫ਼ੁਲਾਂ ਵਾਲੇ ਰੁੱਖਾਂ ਨਾਲ ਸ਼ਿੰਗਾਰਿਆ ਜਾਵੇ। ਇਸ ਨਾਲ ਮਾਹੌਲ ਸੁਖਾਵਾਂ ਬਣੇਗਾ। ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਬੰਬੀ ਉਤੇ ਪੰਜ ਰੁੱਖ ਲਗਾਉਣ। ਮੈਂ ਪਿਛਲੇ ਕਈ ਸਾਲਾਂ ਤੋਂ ਇਸ ਦਾ ਪ੍ਰਚਾਰ ਕਰ ਰਿਹਾ ਹਾਂ। ਕੁਝ ਕਿਸਾਨਾਂ ਨੇ ਵਧੀਆ ਹੁੰਗਾਰਾ ਦਿੱਤਾ ਹੈ। ਇਸ ਵਿਚ ਇਕ ਨਿੰਬੂ, ਅਮਰੂਦ, ਬੇਰੀ, ਨਿੰਮ ਤੇ ਬਰਮਾ ਡੇਕ ਲਗਾਏ ਜਾ ਸਕਦੇ ਹਨ। ਅੰਬ ਅਤੇ ਕਿਨੂੰ ਵੀ ਲਗਾਇਆ ਜਾ ਸਕਦਾ ਹੈ ।
ਟੋਏ ਪੁੱਟਣ ਦਾ ਤਰੀਕਾ
ਪੰਜਾਬ ਵਿਚ ਹਰੇਕ ਵਰ੍ਹੇ ਲੱਖਾਂ ਨਵੇਂ ਰੁੱਖ ਲਗਾਏ ਜਾਂਦੇ ਹਨ ਪਰ ਮੁੜ ਕੋਈ ਦੇਖਭਾਲ ਨਹੀਂ ਕਰਦਾ ਅਤੇ ਉਹ ਮਰ ਜਾਂਦੇ ਹਨ। ਜਿਥੇ ਰੁੱਖ ਲਗਾਉਣੇ ਹਨ ਉਥੇ ਪਹਿਲਾਂ ਟੋਏ ਪੁੱਟੋ। ਇਹ ਟੋਇਆ ਇਕ ਮੀਟਰ ਡੂੰਘਾ ਅਤੇ ਇਕ ਮੀਟਰ ਘੇਰੇ ਵਾਲਾ ਹੋਵੇ। ਇਸ ਨੂੰ ਇਕ ਹਿੱਸਾ ਵਧੀਆ ਰੂੜੀ ਤੇ ਤਿੰਨ ਹਿੱਸੇ ਮਿੱਟੀ ਨਾਲ ਭਰ ਦੇਵੋ । ਇਥੇ ਹੀ ਨਵਾਂ ਬੂਟਾ ਲਗਾਵੋ। ਜੇਕਰ ਹੋ ਸਕੇ ਤਾਂ ਇਸ ਦੁਆਲੇ ਲੋਹੇ ਦੇ ਜੰਗਲੇ ਲਗਾਵੋ। ਇਕ ਆਦਮੀ ਦੀ ਡਿਊਟੀ ਲਗਾਈ ਜਾਵੇ ਜਿਹੜਾ ਪਾਣੀ ਦੇਵੇ ਅਤੇ ਹੋਰ ਦੇਖਭਾਲ ਕਰੇ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਰੁੱਖ ਅਤੇ ਮਨੁੱਖ ਦੀ ਮੁੱਢ ਕਦੀਮ ਤੋਂ ਸਾਂਝ ਹੈ। ਮੁੱਢ ਕਦੀਮ ਵਿਚ ਰੁੱਖ ਹੀ ਮਨੁੱਖ ਦੇ ਘਰ ਸਨ ਤੇ ਇਨ੍ਹਾਂ ਤੋਂ ਹੀ ਭੋਜਨ ਪ੍ਰਾਪਤ ਹੁੰਦਾ ਸੀ। ਨਵੀਂ ਪੀੜ੍ਹੀ ਦੀ ਤਾਂ ਰੁੱਖਾਂ ਨਾਲ ਸਾਂਝ ਹੀ ਖ਼ਤਮ ਹੋ ਗਈ ਹੈ। ਉਨ੍ਹਾਂ ਨੂੰ ਰੁੱਖ ਹੇਠ ਬੈਠ ਗਰਮੀ ਦੀ ਕੋਈ ਦੁਪਹਿਰ ਕੱਟਣ ਦਾ ਮੌਕਾ ਹੀ ਨਹੀਂ ਮਿਲਦਾ। ਵੱਧ ਰਹੀ ਆਲਮੀ ਤਪਸ਼ ਨੂੰ ਘੱਟ ਕਰਨ ਲਈ ਰੁੱਖ ਇਕ ਵਧੀਆ ਵਸੀਲਾ ਹਨ। ਸ਼ਹਿਰੀਆਂ ਦੇ ਨਸੀਬ ਵਿਚ ਰੁੱਖਾਂ ਦੀ ਛਾਂ ਹੈ ਹੀ ਨਹੀਂ, ਪਰ ਪਿੰਡਾਂ ਦੇ ਲੋਕ ਵੀ ਰੁੱਖਾਂ ਤੋਂ ਦੂਰ ਹੋ ਰਹੇ ਹਨ। ਕਦੇ ਸਮਾਂ ਸੀ ਜਦੋਂ ਗਰਮੀਆਂ ਦੀਆਂ ਲੰਬੀਆਂ ਦੁਪਹਿਰਾਂ ਰੁੱਖਾਂ ਦੀ ਛਾਂਵੇਂ ਹੀ ਕੱਟੀਆਂ ਜਾਂਦੀਆਂ ਸਨ। ਰੁੱਖਾਂ ਹੇਠ ਉਸ ਵੇਲੇ ਸਾਫ਼ ਆਕਸੀਜਨ ਦੀ ਬਹੁਤਾਤ ਹੁੰਦੀ ਹੈ, ਜਿਹੜੀ ਕਿ ਮਨੁੱਖੀ ਜੀਵਨ ਦੀ ਲੋੜ ਹੈ। ਗੁਰੂ ਸਾਹਿਬਾਨ ਨੇ ਤਾਂ ਰੁੱਖਾਂ ਨੂੰ ਰੱਬ ਦਾ ਰੂਪ ਵੀ ਮੰਨਿਆ ਹੈ।
ਰੁੱਖਾਂ ’ਚ ਸਾਰੇ ਹੀ ਰੱਬੀ ਗੁਣ ਹੁੰਦੇ ਹਨ। ਰੁੱਖ ਕਿਸੇ ਦਾ ਬੁਰਾ ਨਹੀਂ ਲੋਚਦੇ, ਸ਼ਰਨ ਆਏ ਨੂੰ ਠੰਢੀ ਛਾਂ ਦਿੰਦੇ ਹਨ। ਫ਼ਲਦਾਰ ਬੂਟੇ ਸਿਹਤ ਲਈ ਅਤਿ ਜ਼ਰੂਰੀ ਤਾਜ਼ੇ ਫਲ ਦਿੰਦੇ ਹਨ। ਉਹ ਪੰਛੀਆਂ ਤੇ ਪਸ਼ੂਆਂ ਦਾ ਭੋਜਨ ਅਤੇ ਵਸੇਰਾ ਬਣਦੇ ਹਨ। ਰੁੱਖਾਂ ਦੀ ਲੱਕੜੀ ਮਨੁੱਖ ਦੇ ਅਨੇਕਾਂ ਕਾਰਜ ਸੁਆਰਦੀ ਹੈ। ਰੁੱਖ ਕੇਵਲ ਹਵਾ ਨੂੰ ਸ਼ੁੱਧ ਹੀ ਨਹੀਂ ਕਰਦੇ ਸਗੋਂ ਵਾਤਾਵਰਨ ਦੇ ਸੰਤੁਲਨ ਨੂੰ ਬਣਾਈ ਰੱਖਣ ਵਿਚ ਵੀ ਸਹਾਈ ਹੁੰਦੇ ਹਨ। ਮੀਂਹ ਪੁਆਉਣ ਤੇ ਮੀਂਹ ਦੇ ਪਾਣੀ ਦੀ ਸੰਭਾਲ ਵੀ ਰੁੱਖ ਹੀ ਕਰਦੇ ਹਨ। ਧਰਤੀ ਦੇ ਕਟਾਅ ਨੂੰ ਰੋਕਦੇ ਹਨ। ਰੁੱਖ ਚੌਗਿਰਦੇ ਨੂੰ ਸੁੰਦਰ ਬਣਾਉਂਦੇ ਅਤੇ ਮਹਿਕਾਉਂਦੇ ਹਨ। ਇਸ ਕਰਕੇ ਸਾਡੇ ਰਿਸ਼ੀ-ਮੁਨੀਆਂ ਨੇ ਰੁੱਖਾਂ ਹੇਠ ਬੈਠ ਕੇ ਭਗਤੀ ਕੀਤੀ ਸੀ।
ਮਨੁੱਖੀ ਜੀਵਨ ਰੁੱਖਾਂ ’ਤੇ ਹੀ ਨਿਰਭਰ
ਜਦੋਂ ਅਸੀਂ ਇਹ ਜਾਣਦੇ ਹਾਂ ਕਿ ਮਨੁੱਖੀ ਜੀਵਨ ਰੁੱਖਾਂ ’ਤੇ ਹੀ ਨਿਰਭਰ ਹੈ, ਫਿਰ ਅਸੀਂ ਰੁੱਖਾਂ ਤੋਂ ਬੇਮੁੱਖ ਕਿਉਂ ਹੋ ਰਹੇ ਹਾਂ। ਸਾਡੇ ਬਹੁਤੇ ਦੁੱਖਾਂ ਦਾ ਕਾਰਨ ਇੰਝ ਬੇਮੁੱਖ ਹੋਣਾ ਹੈ। ਰੁੱਖਾਂ ਨਾਲੋਂ ਸਾਡੀ ਸਾਂਝ ਟੁੱਟ ਰਹੀ ਹੈ। ਆਪਣੇ-ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਤਾਂ ਵਿਸ਼ੇਸ਼ ਕਰ ਕੇ ਆਤਮ-ਝਾਤ ਪਾਉਣ ਦੀ ਲੋੜ ਹੈ। ਰੁੱਖਾਂ ਤੋਂ ਬੇਰੁਖ਼ੀ ਆਪਣੇ ਗੁਰੂ ਤੋਂ ਬੇਮੁੱਖ ਹੋਣ ਦੇ ਬਰਾਬਰ ਹੈ। ਇਸ ਬੇਰੁਖ਼ੀ ਨੂੰ ਰੋਕਣ ਤੇ ਰੁੱਖਾਂ ਨਾਲ ਪਿਆਰ ਵਧਾਉਣ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ।
ਰਾਹਾਂ ’ਤੇ ਲਗਾਏ ਜਾਣ ਛਾਂਦਾਰ ਪੌਦੇ
ਰੁੱਖਾਂ ਦੇ ਨਾਲੋਂ-ਨਾਲ ਫ਼ਲਦਾਰ ਬੂਟੇ ਵੀ ਲਗਾਏ ਜਾ ਸਕਦੇ ਹਨ ਤਾਂ ਜੋ ਖ਼ਰਚੇ ਪੂਰੇ ਕੀਤੇ ਜਾ ਸਕਣ। ਇਸ ਸਬੰਧੀ ਯੋਜਨਾ ਪਹਿਲ ਦੇ ਆਧਾਰ ’ਤੇ ਤਿਆਰ ਕੀਤੀ ਜਾਵੇ। ਸਾਰੇ ਗੁਰੂ ਘਰਾਂ ਦੇ ਚੌਗਿਰਦੇ ਤੇ ਵਿਹੜੇ ਵਿਚ ਫ਼ਲਾਂ ਵਾਲੇ ਰੁੱਖ ਲਗਾਏ ਜਾਣ। ਇੰਝ ਵਾਤਾਵਰਨ ਸੁਗੰਧੀ ਭਰਿਆ ਅਤੇ ਸ਼ਾਂਤ ਹੋ ਜਾਵੇਗਾ, ਜਿਹੜਾ ਕਿ ਲਿਵ ਲਗਾਉਣ ਲਈ ਮੁੱਢਲੀ ਲੋੜ ਹੈ। ਗੁਰੂ ਘਰਾਂ ਨੂੰ ਆਉਣ ਵਾਲੇ ਰਾਹਾਂ ਨੂੰ ਛਾਂ ਵਾਲੇ ਰੁੱਖਾਂ ਨਾਲ ਸ਼ਿੰਗਾਰਿਆ ਜਾਵੇ। ਖਡੂਰ ਸਾਹਿਬ ਵਿਖੇ ਇਹ ਤਜਰਬਾ ਬਹੁਤ ਸਫ਼ਲ ਹੋਇਆ ਹੈ। ਰੁੱਖਾਂ ਦੀ ਸਾਂਭ-ਸੰਭਾਲ ਰਾਹ ਨਾਲ ਲੱਗਦੇ ਘਰਾਂ ਜਾਂ ਖੇਤਾਂ ਦੇ ਮਾਲਕਾਂ ਨਾਲ ਰਲ ਕੇ ਕੀਤੀ ਜਾਵੇ । ਸ਼ਹਿਰਾਂ ਵਿਚ ਵੀ ਅਜਿਹਾ ਕੀਤਾ ਜਾ ਸਕਦਾ ਹੈ। ਰੁੱਖ ਸੇਵਾ ਗੁਰੂ ਸੇਵਾ ਸਮਝ ਕੇ ਕੀਤੀ ਜਾਵੇ।•
-ਡਾ. ਰਣਜੀਤ ਸਿੰਘ
94170-87328